ਬੀਜੇਪੀ ਆਗੂ ਆਪਣੇ ਕੋਲ ਹੀ ਰੱਖਣ ਨਸੀਹਤਾਂ, ਬੀਬੀ ਜਗੀਰ ਕੌਰ ਨੇ ਐਸਜੀਪੀਸੀ 'ਤੇ ਚੁੱਕੇ ਸਵਾਲਾਂ ਦਾ ਦਿੱਤਾ ਮੋੜਵਾਂ ਜਵਾਬ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਘਰਸ਼ੀ ਕਿਸਾਨਾਂ ਦੇ ਹੱਕ 'ਚ ਕੀਤੇ ਜਾ ਰਹੇ ਕਾਰਜਾਂ ਖਿਲਾਫ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਕੀਤੀ ਗਈ ਟਿਪਣੀ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼ਖ਼ਤ ਪ੍ਰਤੀਕਰਮ ਦਿੱਤਾ ਹੈ।
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਘਰਸ਼ੀ ਕਿਸਾਨਾਂ ਦੇ ਹੱਕ 'ਚ ਕੀਤੇ ਜਾ ਰਹੇ ਕਾਰਜਾਂ ਖਿਲਾਫ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਕੀਤੀ ਗਈ ਟਿਪਣੀ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼ਖ਼ਤ ਪ੍ਰਤੀਕਰਮ ਦਿੱਤਾ ਹੈ। ਬੀਬੀ ਜਗੀਰ ਨੇ ਕਿਹਾ ਕਿ ਹਰਜੀਤ ਸਿੰਘ ਗਰੇਵਾਲ ਸਿੱਖ ਰਵਾਇਤਾਂ ਦੇ ਖਿਲਾਫ ਬਿਆਨ ਦੇ ਰਿਹਾ ਹੈ। ਉਸ ਵੱਲੋਂ ਇਹ ਕਹਿਣਾ ਕਿ ਸ਼੍ਰੋਮਣੀ ਕਮੇਟੀ ਕਿਸਾਨਾਂ ਦੀ ਮਦਦ ਕਿਉਂ ਕਰ ਰਹੀ ਹੈ, ਉਸ ਦੀ ਧਰਮ ਪ੍ਰਤੀ ਅਗਿਆਨਤਾ ਦਾ ਪ੍ਰਗਟਾਵਾ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਗਰੇਵਾਲ ਨੂੰ ਇਹ ਨਹੀਂ ਪਤਾ ਕਿ ਗੁਰੂ ਸਾਹਿਬਾਨ ਨੇ ਹਮੇਸ਼ਾਂ ਹੀ ਸੇਵਾ ਕਾਰਜਾਂ ਨੂੰ ਪ੍ਰਮੁੱਖਤਾ ਦਿੱਤੀ ਅਤੇ ਸਮਾਜ ਨਾਲ ਖੜਨਾ ਸਿਖਾਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਅਧਿਕਾਰਾਂ ਤੇ ਫਰਜ਼ਾਂ ਪ੍ਰਤੀ ਜਾਗਰੂਕ ਹੈ ਅਤੇ ਗਰੇਵਾਲ ਨੂੰ ਆਪਣੀ ਨਸੀਹਤਾਂ ਕੋਲ ਰੱਖਣੀਆਂ ਚਾਹੀਦੀਆਂ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸਾਨੀ ਨੂੰ ਵੱਡੀ ਵਡਿਆਈ ਦਿੱਤੀ ਅਤੇ ਖੁਦ ਖੇਤੀ ਕਰਕੇ ਮਾਰਗ ਦਰਸ਼ਨ ਕੀਤਾ। ਅੱਜ ਭਾਜਪਾ ਸਰਕਾਰ ਦੀਆਂ ਆਪਹੁਦਰੀਆਂ ਕਰਕੇ ਕਿਸਾਨੀ ਤਬਾਹੀ ਦੇ ਕਿਨਾਰੇ ਖੜ੍ਹੀ ਹੈ।
ਉਨ੍ਹਾਂ ਕਿਹਾ ਅਜਿਹੇ ਸਮੇਂ ਹਰਜੀਤ ਸਿੰਘ ਗਰੇਵਾਲ ਨੂੰ ਕਿਸਾਨਾਂ ਨਾਲ ਖੜਨਾ ਚਾਹੀਦਾ ਹੈ ਨਾ ਕਿ ਕਿਸਾਨਾਂ ਦੀ ਮਦਦ ਕਰਨ ਵਾਲੀਆਂ ਜਥੇਬੰਦੀਆਂ ’ਤੇ ਸਵਾਲ ਕਰਨੇ ਚਾਹੀਦੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਦਿਖਾਏ ਗਏ ਰਸਤੇ ’ਤੇ ਚੱਲਦਿਆਂ ਸ਼੍ਰੋਮਣੀ ਕਮੇਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਭਵਿੱਖ 'ਚ ਵੀ ਖੜ੍ਹੀ ਰਹੇਗੀ। ਲੰਗਰ, ਰਹਿਣ ਲਈ ਪ੍ਰਬੰਧ, ਦਵਾਈਆਂ ਅਤੇ ਹੋਰ ਸੇਵਾਵਾਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਨੂੰ ਸਿੱਖ ਹੁੰਦਿਆਂ ਅਜਿਹੇ ਬਿਆਨ ਸੋਭਾ ਨਹੀਂ ਦਿੰਦੇ ਅਤੇ ਉਸ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।