Shivraj Patil Passes Away: ਪੰਜਾਬ ਦੇ ਸਾਬਕਾ ਗਵਰਨਰ ਸ਼ਿਵਰਾਜ ਪਾਟਿਲ ਦਾ ਦੇਹਾਂਤ, ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਹੱਕ ’ਚ ਸਨ, ਸਿਆਸੀ ਜਗਤ 'ਚ ਸੋਗ ਦੀ ਲਹਿਰ
ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਪੰਜਾਬ ਦੇ ਸਾਬਕਾ ਗਵਰਨਰ ਸ਼ਿਵਰਾਜ ਪਾਟਿਲ ਦਾ ਸ਼ੁੱਕਰਵਾਰ ਯਾਨੀਕਿ 12 ਦਸੰਬਰ ਨੂੰ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਲਾਤੂਰ ਵਿੱਚ ਸਵੇਰੇ 6.30 ਵਜੇ ਆਖ਼ਰੀ ਸਾਂਹ ਲਈ..

ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਪੰਜਾਬ ਦੇ ਸਾਬਕਾ ਗਵਰਨਰ ਸ਼ਿਵਰਾਜ ਪਾਟਿਲ ਦਾ ਸ਼ੁੱਕਰਵਾਰ ਯਾਨੀਕਿ 12 ਦਸੰਬਰ ਨੂੰ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਲਾਤੂਰ ਵਿੱਚ ਸਵੇਰੇ 6.30 ਵਜੇ ਆਖ਼ਰੀ ਸਾਂਹ ਲਈ। ਸ਼ਿਵਰਾਜ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਉਹ 2010 ਤੋਂ 2015 ਤੱਕ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਰਹੇ ਹਨ।
ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ
90 ਸਾਲਾ ਸ਼ਿਵਰਾਜ ਪਾਟਿਲ ਲੰਮੇ ਸਮੇਂ ਤੋਂ ਉਮਰ ਨਾਲ ਸਬੰਧਿਤ ਬਿਮਾਰੀਆਂ ਨਾਲ ਜੂਝ ਰਹੇ ਸਨ। ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦਾ ਇਲਾਜ ਘਰ ’ਚ ਹੀ ਚੱਲ ਰਿਹਾ ਸੀ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਸ਼ਾਂਤੀਪੂਰਨ ਰਹੀ। ਕਾਂਗਰਸ ਨੇ ਉਨ੍ਹਾਂ ਦੇ ਦੇਹਾਂਤ ਨੂੰ ਵੱਡਾ ਘਾਟਾ ਦੱਸਿਆ ਹੈ। ਉਨ੍ਹਾਂ ਨੂੰ ਇੰਦਰਾ ਅਤੇ ਰਾਜੀਵ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਲਾਤੂਰ ਵਿੱਚ ਹੋਵੇਗਾ, ਜਿਸ ਵਿੱਚ ਪਾਰਟੀ ਦੇ ਨਾਮੀ ਨੇਤਾ ਹਾਜ਼ਰ ਰਹਿਣਗੇ।
ਪੰਜਾਬ ਕਾਂਗਰਸ ਨੇ ਪੋਸਟ ਪਾ ਕੇ ਦੁੱਖ ਜਤਾਉਂਦੇ ਹੋਏ ਲਿਖਿਆ ਹੈ- ''ਪੰਜਾਬ ਦੇ ਸਾਬਕਾ ਗਵਰਨਰ ਅਤੇ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਸ਼ਿਵਰਾਜ ਪਾਟਿਲ ਜੀ ਦੇ ਦੇਹਾਂਤ ਦੀ ਖ਼ਬਰ ਬੇਹੱਦ ਦੁੱਖਦਾਈ ਹੈ। ਉਹਨਾਂ ਨੇ ਗ੍ਰਹਿ ਮੰਤਰੀ ਅਤੇ ਲੋਕ ਸਭਾ ਦੇ ਸਪੀਕਰ ਵਰਗੇ ਅਹਿਮ ਅਹੁਦਿਆਂ ‘ਤੇ ਰਹਿ ਕੇ ਆਪਣੀਆਂ ਸੇਵਾਵਾਂ ਨਿਭਾਈਆਂ। ਉਨ੍ਹਾਂ ਦਾ ਦੇਸ਼ ਦੀ ਸੇਵਾ ਵਿੱਚ ਪਾਇਆ ਵਡਮੁੱਲਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।''
ਕਿਸਾਨ ਪਰਿਵਾਰ ਤੋਂ ਸਨ ਸ਼ਿਵਰਾਜ ਪਾਟਿਲ
ਸ਼ਿਵਰਾਜ ਪਾਟਿਲ ਦਾ ਜਨਮ 12 ਅਕਤੂਬਰ 1935 ਨੂੰ ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਚਾਕੂਰ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੇ ਸਾਵਿਤ੍ਰੀਬਾਈ ਫੁਲੇ ਪੁਨੇ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਅਤੇ ਲਾਅ ਦੀ ਡਿਗਰੀ ਪ੍ਰਾਪਤ ਕੀਤੀ। ਰਾਜਨੀਤੀ ਵਿੱਚ 1960 ਦੇ ਦਹਾਕੇ ਵਿੱਚ ਦਾਖ਼ਲ ਹੋਣ ਵਾਲੇ ਪਾਟਿਲ 1972 ਤੋਂ 1980 ਤੱਕ ਮਹਾਰਾਸ਼ਟਰ ਵਿਧਾਨ ਸਭਾ ਦੇ ਮੈਂਬਰ ਰਹੇ।
ਲੋਕ ਸਭਾ ਵਿੱਚ ਸਫ਼ਰ
1980 ਵਿੱਚ ਪਹਿਲੀ ਵਾਰੀ ਲੋਕ ਸਭਾ ਪਹੁੰਚੇ।
1991 ਤੋਂ 1996 ਤੱਕ ਲੋਕ ਸਭਾ ਦੇ ਸਪੀਕਰ ਰਹੇ।
ਇੰਦਰਾ ਗਾਂਧੀ ਸਰਕਾਰ ਵਿੱਚ 1980-82 ਦੌਰਾਨ ਰੱਖਿਆ ਰਾਜ ਮੰਤਰੀ ਅਤੇ 1982-84 ਦੌਰਾਨ ਕਰਮਚਾਰੀ ਰਾਜ ਮੰਤਰੀ ਰਹੇ।
ਰਾਜੀਵ ਗਾਂਧੀ ਦੇ ਸਮੇਂ ਵਿੱਚ ਵਿੱਤ, ਰੱਖਿਆ ਅਤੇ ਗ੍ਰਹਿ ਰਾਜ ਮੰਤਰੀ ਰਹੇ।
2004 ਵਿੱਚ ਮਨਮੋਹਨ ਸਿੰਘ ਸਰਕਾਰ ਵਿੱਚ ਗ੍ਰਹਿ ਮੰਤਰੀ ਬਣੇ, ਪਰ 26/11 ਮੁੰਬਈ ਹਮਲਿਆਂ ਦੀ ਨੈਤਿਕ ਜ਼ਿੰਮੇਵਾਰੀ ਸਵੀਕਾਰ ਕਰਦੇ ਹੋਏ 30 ਨਵੰਬਰ 2008 ਨੂੰ ਅਸਤੀਫਾ ਦੇ ਦਿੱਤਾ।
ਬਾਅਦ ਵਿੱਚ 2010 ਤੋਂ 2015 ਤੱਕ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਰਹੇ।
ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰ ਦੇਣਾ ਦੀ ਗੱਲ ਆਖੀ ਸੀ
ਉਨ੍ਹਾਂ ਨੇ 2012 ਵਿੱਚ ਪੰਜਾਬ ਵਿਧਾਨ ਸਭਾ ਦੇ ਆਪਣੇ ਭਾਸ਼ਣ ਦੌਰਾਨ ਕਿਹਾ ਸੀ ਕਿ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰ ਦੇਣਾ ਚਾਹੀਦਾ ਹੈ। ਇਹ ਵੀ ਕਿਹਾ ਸੀ ਕਿ ਪੰਜਾਬੀ ਭਾਸ਼ਾਈ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਕੇਂਦਰ ਸਰਕਾਰ ਮੰਨੇ। ਪਾਟਿਲ ਨੇ ਕਿਹਾ ਸੀ ਕਿ ਕੇਂਦਰ ਰਾਜਾਂ ਦੀਆਂ ਜ਼ਰੂਰਤਾਂ ਨੂੰ ਸਮਝੇ ਬਿਨਾ ਜਿਹੜੀਆਂ ਯੋਜਨਾਵਾਂ ਅਤੇ ਨੀਤੀਆਂ ਬਣਾ ਰਿਹਾ ਹੈ, ਉਨ੍ਹਾਂ ਕਰਕੇ ਰਾਜ ਭਿਖਾਰੀ ਬਣ ਕੇ ਰਹਿ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















