Breaking News LIVE: ਅਫਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ, ਚੁਫੇਰੇ ਦਹਿਸ਼ਤ ਦਾ ਸਾਇਆ
Punjab Breaking News, 13 August 2021 LIVE Updates: ਤਾਲਿਬਾਨ ਅਫਗਾਨਿਸਤਾਨ ਦੇ ਵੱਡੇ ਸ਼ਹਿਰਾਂ 'ਤੇ ਤੇਜ਼ੀ ਨਾਲ ਕਬਜ਼ਾ ਕਰ ਰਿਹਾ ਹੈ। ਹੁਣ ਉਸ ਦੇ ਕੰਧਾਰ ਉੱਤੇ ਕਬਜ਼ੇ ਦੀ ਖ਼ਬਰ ਵੀ ਆ ਰਹੀ ਹੈ।
LIVE
Background
Punjab Breaking News, 13 August 2021 LIVE Updates: ਤਾਲਿਬਾਨ ਅਫਗਾਨਿਸਤਾਨ ਦੇ ਵੱਡੇ ਸ਼ਹਿਰਾਂ 'ਤੇ ਤੇਜ਼ੀ ਨਾਲ ਕਬਜ਼ਾ ਕਰ ਰਿਹਾ ਹੈ। ਹੁਣ ਉਸ ਦੇ ਕੰਧਾਰ ਉੱਤੇ ਕਬਜ਼ੇ ਦੀ ਖ਼ਬਰ ਵੀ ਆ ਰਹੀ ਹੈ। ਖ਼ਬਰ ਏਜੰਸੀ ਰਾਇਟਰਜ਼ ਅਨੁਸਾਰ ਤਾਲਿਬਾਨ ਨੇ ਕੰਧਾਰ 'ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਤਾਲਿਬਾਨ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵੀ ਬਹੁਤ ਨੇੜੇ ਪਹੁੰਚ ਗਿਆ ਹੈ।
ਤਾਲਿਬਾਨ ਨੇ ਵੀਰਵਾਰ ਨੂੰ ਰਣਨੀਤਕ ਤੌਰ 'ਤੇ ਮਹੱਤਵਪੂਰਨ 10ਵੀਂ ਸੂਬਾਈ ਰਾਜਧਾਨੀ ਗਜ਼ਨੀ 'ਤੇ ਵੀ ਕਬਜ਼ਾ ਕਰ ਲਿਆ। ਇਸ ਦੌਰਾਨ, ਇਸ ਨੇ ਹੇਲਮੰਡ ਸੂਬੇ ਦੀ ਰਾਜਧਾਨੀ ਲਸ਼ਕਰਗਾਹ ਵਿੱਚ ਪੁਲਿਸ ਹੈੱਡਕੁਆਰਟਰ ਨੂੰ ਵੀ ਜ਼ਬਤ ਕਰ ਲਿਆ ਹੈ। ਜਦੋਂਕਿ ਤਾਲਿਬਾਨ ਨੇ ਛੇ ਸ਼ਹਿਰਾਂ ਤੋਂ 1,000 ਤੋਂ ਵੱਧ ਅਪਰਾਧੀਆਂ ਅਤੇ ਨਸ਼ਾ ਤਸਕਰਾਂ ਨੂੰ ਆਜ਼ਾਦ ਕਰਵਾਇਆ ਹੈ।
ਇੱਕ ਅਫਗਾਨ ਸੰਸਦ ਮੈਂਬਰ ਅਤੇ ਦੋ ਅਫਗਾਨ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਤਾਲਿਬਾਨ ਅੱਤਵਾਦੀਆਂ ਨੇ ਗਵਨੀ ਦੀ ਸੂਬਾਈ ਰਾਜਧਾਨੀ ਉੱਤੇ ਕਬਜ਼ਾ ਕਰ ਲਿਆ ਹੈ। ਇੱਥੇ ਪਿਛਲੇ ਕਈ ਘੰਟਿਆਂ ਤੋਂ ਭਿਆਨਕ ਲੜਾਈ ਚੱਲ ਰਹੀ ਸੀ। ਰਾਜਧਾਨੀ ਦੇ ਬਾਹਰਵਾਰ ਲੜਾਈ ਜਾਰੀ ਹੈ, ਪਰ ਤਾਲਿਬਾਨ ਨੇ ਰਾਜਧਾਨੀ ਵਿੱਚ ਆਪਣਾ ਝੰਡਾ ਬੁਲੰਦ ਕਰ ਦਿੱਤਾ ਹੈ।
ਦੂਜੇ ਪਾਸੇ, ਤਾਲਿਬਾਨ ਨੇ ਹੇਲਮੰਡ ਸੂਬੇ ਦੀ ਰਾਜਧਾਨੀ ਲਸ਼ਕਰਗਾਹ ਵਿੱਚ ਇੱਕ ਕਾਰ ਬੰਬ ਨਾਲ ਹਮਲਾ ਕਰਕੇ ਪੁਲਿਸ ਹੈੱਡਕੁਆਰਟਰ ਉੱਤੇ ਵੀ ਕਬਜ਼ਾ ਕਰ ਲਿਆ ਹੈ। ਹੈਲਮੰਡ ਦੀ ਸੰਸਦ ਮੈਂਬਰ ਨਸੀਮਾ ਨਿਆਜ਼ੀ ਨੇ ਕਿਹਾ ਕਿ ਹੈੱਡਕੁਆਰਟਰ ਦੀ ਇਮਾਰਤ 'ਤੇ ਕਬਜ਼ਾ ਕਰਨ ਤੋਂ ਬਾਅਦ ਕੁਝ ਪੁਲਿਸ ਅਧਿਕਾਰੀਆਂ ਨੇ ਤਾਲਿਬਾਨ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ।
ਤਾਲਿਬਾਨ ਦੇ ਕਬਜ਼ੇ ਵਾਲੇ ਛੇ ਅਫਗਾਨ ਸ਼ਹਿਰਾਂ ਤੋਂ 1,000 ਤੋਂ ਵੱਧ ਕੈਦੀਆਂ ਨੂੰ ਰਿਹਾਅ ਕਰਾਇਆ ਗਿਆ ਹੈ। ਜੇਲ੍ਹ ਪ੍ਰਸ਼ਾਸਨ ਦੇ ਨਿਰਦੇਸ਼ਕ ਸ਼ਫ਼ੀਉੱਲਾ ਜਲਾਲਜ਼ਈ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ, ਅਗਵਾ ਅਤੇ ਹਥਿਆਰਬੰਦ ਲੁੱਟ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ।
ਅਨੇਕ ਤਾਲਿਬਾਨ ਅੱਤਵਾਦੀ ਵੀ ਰਿਹਾਅ ਕਰਵਾਏ ਗਏ
ਛੇ ਸ਼ਹਿਰਾਂ ਵਿੱਚ ਬਹੁਤ ਸਾਰੇ ਤਾਲਿਬਾਨੀ ਅੱਤਵਾਦੀ ਵੀ ਸਨ, ਜਿਨ੍ਹਾਂ ਵਿੱਚ ਤਾਲਿਬਾਨ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਥਿਆਰਬੰਦ ਲੁੱਟ ਅਤੇ ਅਗਵਾ ਦੇ ਦੋਸ਼ੀਆਂ ਨੂੰ ਰਿਹਾਅ ਕੀਤਾ ਹੈ। ਕੁੰਦੂਜ਼ ਵਿੱਚ ਰਿਹਾਅ ਕੀਤੇ ਗਏ 630 ਕੈਦੀਆਂ ਵਿੱਚ 180 ਤਾਲਿਬਾਨੀ ਅੱਤਵਾਦੀ ਸ਼ਾਮਲ ਸਨ। ਇਨ੍ਹਾਂ ਵਿੱਚੋਂ 15 ਨੂੰ ਅਫਗਾਨ ਸਰਕਾਰ ਨੇ ਮੌਤ ਦੀ ਸਜ਼ਾ ਸੁਣਾਈ ਸੀ। ਨਿਮਰੋਜ ਪ੍ਰਾਂਤ ਦੇ ਜ਼ਰੰਜ ਸ਼ਹਿਰ ਤੋਂ ਰਿਹਾਅ ਕੀਤੇ ਗਏ 350 ਕੈਦੀਆਂ ਵਿੱਚੋਂ 40 ਤਾਲਿਬਾਨੀ ਅੱਤਵਾਦੀ ਸਨ। ਉੱਧਰ ਅਫਗਾਨ ਸਰਕਾਰ ਨੇ ਕਿਹਾ ਹੈ ਕਿ ਅੱਤਵਾਦੀਆਂ ਨੂੰ ਫੜਨ ਤੋਂ ਬਾਅਦ ਜੇਲ ਤੋਂ ਰਿਹਾਅ ਹੋਏ ਸਾਰੇ ਕੈਦੀ ਦੁਬਾਰਾ ਫੜੇ ਜਾਣਗੇ।
ਗਨੀ ਦੀ ਪ੍ਰਧਾਨਗੀ ਹੇਠ ਤਾਲਿਬਾਨ ਸਮਝੌਤਾ ਨਹੀਂ ਕਰੇਗਾ
ਅਫਗਾਨਿਸਤਾਨ ਵਿੱਚ ਚੱਲ ਰਹੇ ਸੰਘਰਸ਼ ਦੇ ਵਿਚਕਾਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਜਦੋਂ ਤੱਕ ਅਸ਼ਰਫ ਗਨੀ ਦੇਸ਼ ਦੇ ਰਾਸ਼ਟਰਪਤੀ ਹਨ, ਅੱਤਵਾਦੀ ਸਮੂਹ ਅਫ਼ਗ਼ਾਨ ਸਰਕਾਰ ਨਾਲ ਗੱਲਬਾਤ ਨਹੀਂ ਕਰੇਗਾ। ਉਨ੍ਹਾਂ ਕਿਹਾ, ਮੈਂ ਤਾਲਿਬਾਨ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕਿਹਾ ਕਿ ਅਸੀਂ ਗਨੀ ਨਾਲ ਗੱਲ ਨਹੀਂ ਕਰ ਸਕਦੇ।
ਅਮਰੀਕੀ ਪ੍ਰਸ਼ਾਸਨ ਉੱਤੇ ਵੀ ਵੱਡਾ ਦਬਾਅ
ਅਮਰੀਕੀ ਪ੍ਰਸ਼ਾਸਨ ਉੱਤੇ ਵੀ ਵੱਡਾ ਦਬਾਅ ਹੈ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਹਜ਼ਾਰਾਂ ਅਮਰੀਕੀ ਫ਼ੌਜੀ ਜਵਾਨਾਂ ਦੀਆਂ ਜਾਨਾਂ ਅਫ਼ਗ਼ਾਨਿਸਤਾਨ ’ਚ ਅਜਾਈਂ ਜਾ ਚੁੱਕੀਆਂ ਹਨ; ਉਨ੍ਹਾਂ ਲਈ ਕੌਣ ਜ਼ਿੰਮੇਵਾਰ ਹੈ। ਇਸੇ ਲਈ ਹੁਣ ਅਮਰੀਕਾ ਦੇ ਮੌਜੂਦਾ ਜੋਅ ਬਾਇਡੇਨ ਪ੍ਰਸ਼ਾਸਨ ਨੇ ਹੁਣ ਆਪਣੀਆਂ ਫ਼ੌਜਾਂ ਵਾਪਸ ਸੱਦ ਲਈਆਂ ਹਨ। ਅਜਿਹਾ ਤਾਲਿਬਾਨ ਅੱਤਵਾਦੀਆਂ ਦੀ ਮਦਦ ਲਈ ਤਾਂ ਨਹੀਂ ਕੀਤਾ ਗਿਆ; ਹਾਲੇ ਕੌਮਾਂਤਰੀ ਵਿਸ਼ਲੇਸ਼ਕਾਂ ਨੇ ਇਸ ਦੀ ਸਮੀਖਿਆ ਕਰਨੀ ਹੈ ਕਿ ਇਸ ਵਿੱਚ ਕਿੰਨੀ ਕੁ ਸੱਚਾਈ ਹੈ; ਕਿਉਂਕਿ ਉੱਧਰ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਵੀ ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦਾ ਹੀ ਰਾਜ ਚਾਹੁੰਦੀ ਹੈ। ਹੁਣ ਵੇਖਣਾ ਇਹ ਹੈ ਕਿ ਆਖ਼ਰ ਭਾਰਤ ਸਰਕਾਰ ਅਫ਼ਗ਼ਾਨਿਸਤਾਨ 'ਚ ਫਸੇ ਹਿੰਦੂਆਂ ਤੇ ਸਿੱਖਾਂ ਨੂੰ ਕੱਢਣ ਵਿੱਚ ਕਦੋਂ ਕਾਮਯਾਬ ਹੋਵੇਗੀ?
383 ਸਿੱਖ ਤੇ ਹਿੰਦੂ ਭਾਰਤ ਲਿਆਂਦੇ ਗਏ
ਪਿਛਲੇ ਵਰ੍ਹੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਉੱਦਮਾਂ ਸਦਕਾ ਹੀ 383 ਸਿੱਖ ਤੇ ਹਿੰਦੂ ਭਾਰਤ ਲਿਆਂਦੇ ਗਏ ਸਨ। ਉੱਧਰ ਅਮਰੀਕਾ ਦੀ ਇੱਕ ਰਿਪੋਰਟ ਮੁਤਾਬਕ ਸਾਲ 2019 ’ਚ 200 ਦੇ ਲਗਭਗ ਸਿੱਖ ਤੇ ਹਿੰਦੁ ਅਫ਼ਗ਼ਾਨਿਸਤਾਨ ਛੱਡ ਕੇ ਭਾਰਤ ਤੇ ਹੋਰ ਪੱਛਮੀ ਦੇਸ਼ਾਂ ’ਚ ਜਾ ਕੇ ਵੱਸ ਗਏ ਸਨ। ਦਰਅਸਲ, ਅਫ਼ਗ਼ਾਨਿਸਤਾਨ ’ਚ ਗ਼ੈਰ ਮੁਸਲਮਾਨਾਂ ਨੂੰ ਪੂਰੀ ਧਾਰਮਿਕ ਆਜ਼ਾਦੀ ਨਹੀਂ। ਤਾਲਿਬਾਨ ਅੱਤਵਾਦੀ ਵੀ ਇਹੋ ਚਾਹੁੰਦੇ ਹਨ ਕਿ ਅਫ਼ਗ਼ਾਨਿਸਤਾਨ ’ਚ ਸਿਰਫ਼ ਮੁਸਲਮਾਨ ਹੀ ਹੋਣ, ਉਹ ਵੀ ਸਿਰਫ਼ ਉਨ੍ਹਾਂ ਨੂੰ ਸਿਜਦਾ ਕਰਨ ਵਾਲੇ। ਜਿਹੜੇ ਮੁਸਲਿਮ ਲੋਕ ਇਸ ਵੇਲੇ ਤਾਲਿਬਾਨ ਅੱਤਵਾਦ ਦਾ ਵਿਰੋਧ ਕਰ ਰਹੇ ਹਨ; ਉਨ੍ਹਾਂ ਨੂੰ ਵੀ ਕੋਹ-ਕੋਹ ਕੇ ਮਾਰਿਆ ਜਾ ਰਿਹਾ ਹੈ।
ਹਿੰਦੂਆਂ ਤੇ ਸਿੱਖਾਂ ਨਾਲ ਲਗਾਤਾਰ ਸੰਪਰਕ
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਾਬੁਲ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਅਫ਼ਗ਼ਾਨਿਸਤਾਨ ’ਚ ਰਹਿੰਦੇ ਹਿੰਦੂਆਂ ਤੇ ਸਿੱਖਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ। ਮੰਤਰਾਲੇ ਦੇ ਬੁਲਾਰੇ ਅਰਿਦਮ ਬਾਗਚੀ ਨੇ ਕਿਹਾ ਹੈ ਕਿ ਅਫ਼ਗ਼ਾਨਿਸਤਾਨ ਦੀਆਂ ਘੱਟ ਗਿਣਤੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਪਹਿਲਾਂ ਵੀ ਕਈ ਵਾਰ ਕੀਤੀਆਂ ਗਈਆਂ ਹਨ ਤੇ ਹੁਣ ਵੀ ਜ਼ਰੂਰ ਕੀਤੀਆਂ ਜਾਣਗੀਆਂ।
ਗੁਰਦੁਆਰਾ ਸਾਹਿਬ ’ਚ ਸਥਾਪਤ ਨਿਸ਼ਾਨ ਸਾਹਿਬ ਹਟਾਇਆ
ਪਿਛਲੇ ਹਫ਼ਤੇ ਪੂਰਬੀ ਅਫ਼ਗ਼ਾਨਿਸਤਾਨ ਦੇ ਇੱਕ ਗੁਰਦੁਆਰਾ ਸਾਹਿਬ ’ਚ ਸਥਾਪਤ ਨਿਸ਼ਾਨ ਸਾਹਿਬ ਨੂੰ ਤਾਲਿਬਾਨ ਨੇ ਹਟਾ ਦਿੱਤਾ ਸੀ ਪਰ ਬਾਅਦ ’ਚ ਜਦੋਂ ਪੂਰੀ ਦੁਨੀਆ ਵਿੱਚ ਇਸ ਕਾਰੇ ਦੀ ਸਖ਼ਤ ਆਲੋਚਨਾ ਹੋਈ ਸੀ, ਤਦ ਉਸ ਨਿਸ਼ਾਨ ਸਾਹਿਬ ਨੂੰ ਬਹਾਲ ਕਰ ਦਿੱਤਾ ਗਿਆ ਸੀ। ਦਰਅਸਲ, ਤਾਲਿਬਾਨ ਦੇ ਮੁਖੀ ਦਾ ਮੰਨਣਾ ਸੀ ਕਿ ਹੁਣ ਅਫ਼ਗ਼ਾਨਿਸਤਾਨ ’ਚ ਸਿਰਫ਼ ਉਸ ਦਾ ਹੀ ਝੰਡਾ ਝੁੱਲੇਗਾ, ਹੋਰ ਕਿਸੇ ਦਾ ਨਹੀਂ।
ਹਜ਼ਾਰਾਂ ਸਿੱਖ ਤੇ ਹਿੰਦੂ ਫਸੇ
ਭਾਰਤ ਦੇ ਗੁਆਂਢੀ ਦੇਸ਼ ਅਫ਼ਗ਼ਾਨਿਸਤਾਨ ’ਚ ਇਸ ਵੇਲੇ ਹਜ਼ਾਰਾਂ ਸਿੱਖ ਤੇ ਹਿੰਦੂ ਫਸੇ ਹੋਏ ਹਨ; ਜਦਕਿ ਉੱਧਰ ਤਾਲਿਬਾਨ ਬੜੀ ਤੇਜ਼ੀ ਨਾਲ ਦੇਸ਼ ਦੇ ਪ੍ਰਮੁੱਖ ਇਲਾਕਿਆਂ ’ਤੇ ਕਬਜ਼ਾ ਕਰਦੇ ਜਾ ਰਹੇ ਹਨ। ਉੱਧਰ ਅਮਰੀਕਾ ਦੀ ਜੋਅ ਬਾਇਡੇਨ ਸਰਕਾਰ ਨੇ ਆਪਣੀ ਨੀਤੀ ਬਦਲ ਕੇ ਆਪਣੀਆਂ ਫ਼ੌਜਾਂ ਇਸ ਦੇਸ਼ ਤੋਂ ਵਾਪਸ ਸੱਦ ਲਈਆਂ ਹਨ; ਜਿਸ ਕਾਰਨ ਹੁਣ ਅਫ਼ਗ਼ਾਨਿਸਤਾਨ ਦੀ ਆਮ ਨਿਰਪੱਖ ਜਨਤਾ ‘ਰੱਬ ਆਸਰੇ’ ਹੀ ਰਹਿ ਗਈ ਹੈ। ਇਨ੍ਹਾਂ ਹਾਲਾਤ ਉੱਤੇ ਭਾਰਤ ਸਰਕਾਰ ਨੇ ਪੂਰੀ ਚੌਕਸ ਨਜ਼ਰ ਰੱਖੀ ਹੋਈ ਹੈ ਕਿਉਂਕਿ ਉਸ ਨੂੰ ਉੱਥੇ ਫਸੇ ਹਿੰਦੂਆਂ ਤੇ ਸਿੱਖਾਂ ਦੀ ਡਾਢੀ ਚਿੰਤਾ ਹੈ, ਜੋ ਬਚਾਉਣ ਦੀਆਂ ਅਪੀਲਾਂ ਵੀ ਕਰ ਚੁੱਕੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
