ਭਗਵੰਤ ਮਾਨ ਤੇ ਹਰਪਾਲ ਸਣੇ 'ਆਪ' ਦੇ 23 ਲੀਡਰਾਂ ਖਿਲਾਫ ਕੇਸ ਦਰਜ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਸਥਿਤ ਫਾਰਮ ਹਾਊਸ ਦੇ ਘਿਰਾਓ ਦੀ ਕੋਸ਼ਿਸ਼ ਦੇ ਇਲਜ਼ਾਮ ਹੇਠ ਪੁਲਿਸ ਨੇ ਸੰਸਦ ਮੈਂਬਰ ਭਗਵੰਤ ਮਾਨ ਤੇ ਹਰਪਾਲ ਚੀਮਾ ਸਣੇ ਆਮ ਆਦਮੀ ਪਾਰਟੀ ਦੇ 23 ਮੈਂਬਰਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ।
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਸਥਿਤ ਫਾਰਮ ਹਾਊਸ ਦੇ ਘਿਰਾਓ ਦੀ ਕੋਸ਼ਿਸ਼ ਦੇ ਇਲਜ਼ਾਮ ਹੇਠ ਪੁਲਿਸ ਨੇ ਸੰਸਦ ਮੈਂਬਰ ਭਗਵੰਤ ਮਾਨ ਤੇ ਹਰਪਾਲ ਚੀਮਾ ਸਣੇ ਆਮ ਆਦਮੀ ਪਾਰਟੀ ਦੇ 23 ਮੈਂਬਰਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਮੁਹਾਈ ਦੇ ਐਸਐਸਪੀ ਨੇ ਦੱਸਿਆ ਕਿ 200 ਅਣ-ਪਛਾਤੇ ਲੋਕਾਂ ਖਿਲਾਫ ਵੀ ਐਫਆਈਆਰ ਦਰਜ ਕੀਤੀ ਗਈ ਹੈ। ਇਨ੍ਹਾਂ ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਸਥਿਤ ਫਾਰਮ ਹਾਊਸ ਵੱਲ ਮਾਰਚ ਕੀਤਾ ਸੀ ਤੇ ਪੁਲਿਸ ਨਾਲ ਝੜਪ ਵੀ ਹੋਈ ਸੀ।
ਦੱਸ ਦਈਏ ਕਿ ਪੰਜਾਬ ’ਚ ਅਤਿ ਦੀ ਗਰਮੀ ਦੌਰਾਨ ਲੱਗ ਰਹੇ ਬਿਜਲੀ ਕੱਟਾਂ ਦੇ ਮੁੱਦੇ ’ਤੇ ਕੈਪਟਨ ਦੇ ਸਿਸਵਾਂ-ਪੜੌਲ ਮਾਰਗ ਉਤੇ ਬਣੇ ਫਾਰਮ ਹਾਊਸ ਨੂੰ ਘੇਰਨ ਜਾਂਦੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ’ਤੇ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਸੀ। ਪੁਲਿਸ ਦੀ ਇਸ ਕਾਰਵਾਈ ’ਚ ਤਿੰਨ ਵਰਕਰ ਬੇਹੋਸ਼ ਹੋ ਗਏ ਸੀ।
ਮੁੱਖ ਮੰਤਰੀ ਦੇ ਫਾਰਮ ਹਾਊਸ ਵੱਲ ਜਾਂਦੀ ਸੜਕ ’ਤੇ ਵੱਡੀ ਗਿਣਤੀ ’ਚ ਪੁਲਿਸ ਤਾਇਨਾਤ ਕੀਤੀ ਗਈ ਸੀ ਤੇ ਬਹੁ-ਪਰਤੀ ਬੈਰੀਕੇਡ ਲਗਾਏ ਗਏ ਸਨ। ਵੱਡੀ ਗਿਣਤੀ ’ਚ ‘ਆਪ’ ਵਰਕਰਾਂ ਨੇ ਪਾਰਟੀ ਦੇ ਝੰਡੇ ਲੈ ਕੇ ਪਹਿਲਾ ਬੈਰੀਕੇਡ ਤੋੜ ਦਿੱਤਾ ਸੀ। ਜਦੋਂ ਉਹ ਦੂਜੇ ਬੈਰੀਕੇਡ ਕੋਲ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਸੀ।
ਇਸ ਦੌਰਾਨ ਮੁੱਖ ਮੰਤਰੀ ਦਾ ਪੁਤਲਾ ਸਾੜਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਮਗਰੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਹੋਰ ਵਾਲੰਟੀਅਰ ਬੈਰੀਕੇਡ ਟੱਪਣ ਲਈ ਜ਼ੋਰ ਅਜ਼ਮਾਇਸ਼ ਕਰਦੇ ਰਹੇ। ਪੁਲਿਸ ਨੇ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਤੇ ਮੀਤ ਹੇਅਰ ਸਮੇਤ ਹੋਰ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ। ਬਾਅਦ ’ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
https://play.google.com/store/
https://apps.apple.com/in/app/