ਚੰਡੀਗੜ੍ਹ ਪੁਲਿਸ ਵੱਲੋਂ ਲੱਖਾ ਸਿਧਾਣਾ ਖਿਲਾਫ ਕੇਸ ਦਰਜ
ਕਿਸਾਨਾਂ ਦੀ ਹਮਾਇਤ ਵਿੱਚ ਡਟੇ ਨੌਜਵਾਨ ਆਗੂ ਲੱਖਾ ਸਿਧਾਣਾ ਖਿਲਾਫ ਚੰਡੀਗੜ੍ਹ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਪੁਲਿਸ ਨੇ 26 ਜੂਨ ਨੂੰ ਚੰਡੀਗੜ੍ਹ ਵਿੱਚ ਕੀਤਾ ਕਿਸਾਨ ਮਾਰਚ ਸਬੰਧੀ ਲੱਖਾ ਸਿਧਾਣਾ ਖਿਲਾਫ ਕਾਰਵਾਈ ਕੀਤੀ ਹੈ।
ਚੰਡੀਗੜ੍ਹ: ਕਿਸਾਨਾਂ ਦੀ ਹਮਾਇਤ ਵਿੱਚ ਡਟੇ ਨੌਜਵਾਨ ਆਗੂ ਲੱਖਾ ਸਿਧਾਣਾ ਖਿਲਾਫ ਚੰਡੀਗੜ੍ਹ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਪੁਲਿਸ ਨੇ 26 ਜੂਨ ਨੂੰ ਚੰਡੀਗੜ੍ਹ ਵਿੱਚ ਕੀਤਾ ਕਿਸਾਨ ਮਾਰਚ ਸਬੰਧੀ ਲੱਖਾ ਸਿਧਾਣਾ ਖਿਲਾਫ ਕਾਰਵਾਈ ਕੀਤੀ ਹੈ। ਪੁਲਿਸ ਨੇ ਇਲਜ਼ਾਮ ਲਾਇਆ ਹੈ ਕਿ ਲੱਖਾ ਸਿਧਾਣਾ ਨੇ ਕਿਸਾਨਾਂ ਨੂੰ ਬੈਰੀਕੇਡ ਤੋੜਣ ਲਈ ਉਕਸਾਇਆ ਸੀ। ਚੰਡੀਗੜ੍ਹ ਪੁਲਿਸ ਨੇ ਲੱਖਾ ਸਿਧਾਣਾ ਤੋਂ ਇਲਾਵਾ ਹੋਰ ਕਿਸਾਨ ਲੀਡਰਾਂ ਖਿਲਾਫ ਵੀ ਮਾਮਲੇ ਦਰਜ ਕੀਤੇ ਹਨ।
ਦੱਸ ਦਈਏ ਕਿ ਸ਼ਨੀਵਾਰ ਨੂੰ ਹਜ਼ਾਰਾਂ ਕਿਸਾਨਾਂ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਲਈ ਰਾਜ ਭਵਨ ਵੱਲ ਮਾਰਚ ਕੀਤਾ ਸੀ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸਾਰੀਆਂ ਰੋਕਾਂ ਤੋੜ ਚੰਡੀਗੜ੍ਹ ਅੰਦਰ 7 ਕਿਲੋਮੀਟਰ ਤੱਕ ਲੰਘ ਆਏ। ਇਸ ਮੌਕੇ ਚੰਡੀਗੜ੍ਹ ਪੁਲਿਸ ਬੇਵੱਸ ਨਜ਼ਰ ਆਈ।
ਲੱਖਾ ਸਿਧਾਣਾ ਖਿਲਾਫ 26 ਜਨਵਰੀ ਨੂੰ ਲਾਲ ਕਿਲਾ ਹਿੰਸਾ ਮਾਮਲੇ ਵਿੱਚ ਵੀ ਦਿੱਲੀ ਪੁਲਿਸ ਨੇ ਕੇਸ ਦਰਜ ਕੀਤਾ ਹੋਇਆ ਹੈ। ਅਹਿਮ ਗੱਲ ਹੈ ਕਿ 26 ਜੂਨ ਨੂੰ ਹੀ ਦਿੱਲੀ ਦੀ ਤੀਸ ਹਜ਼ਾਰੀ ਜ਼ਿਲ੍ਹਾ ਅਦਾਲਤ ਨੇ ਗਣਤੰਤਰ ਦਿਵਸ ਹਿੰਸਾ ਮਾਮਲੇ ਵਿੱਚ ਲੱਖਾ ਸਿਧਾਨਾ ਨੂੰ 3 ਜੁਲਾਈ ਤੱਕ ਗ੍ਰਿਫਤਾਰੀ ਤੋਂ ਅੰਤ੍ਰਿਮ ਰਾਹਤ ਦਿੱਤੀ ਹੈ। ਸੈਸ਼ਨ ਜੱਜ ਨੇ ਲੱਖਾ ਸਿਧਾਨਾ ਨੂੰ 2021 ਦੇ ਐਫਆਈਆਰ ਨੰ. 96 ਵਿੱਚ ਉਸ ਦੀ ਅਗਾਉਂ ਜ਼ਮਾਨਤ ਅਰਜ਼ੀ ਦੀ ਸੁਣਵਾਈ ਕਰਦਿਆਂ ਗ੍ਰਿਫਤਾਰੀ ਤੋਂ ਅੰਤ੍ਰਿਮ ਸੁਰੱਖਿਆ ਦਿੱਤੀ। ਉਸੇ ਦਿਨ ਹੀ ਚੰਡੀਗੜ੍ਹ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।
ਦਿੱਲੀ ਪੁਲਿਸ ਨੇ ਪਹਿਲਾਂ ਲੱਖਾ ਸਿਧਾਣਾ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਇਸ ਸਾਲ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਵਿਖੇ ਹੋਈ ਹਿੰਸਾ ਦੇ ਸਬੰਧ ਵਿੱਚ, ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ (ਕੇਂਦਰੀ ਦਿੱਲੀ) ਨੇ ਆਈਪੀਸੀ ਦੀ ਧਾਰਾ 147, 148, 149, 152, 186, 353, 332, 307, 308, 395, 397, 427 ਤੇ 188 ਦੇ ਨਾਲ ਸੈਕਸ਼ਨ 25, 27, 54 ਤੇ 59 ਆਰਮਜ਼ ਐਕਟ, 1959 ਅਤੇ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ 1984 ਦੀ ਧਾਰਾ 3 ਤਹਿਤ ਐਫਆਈਆਰ ਦਰਜ ਕੀਤੀ ਸੀ।