(Source: ECI/ABP News/ABP Majha)
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕੇਐਮਪੀ ਟੋਲ ਨੂੰ ਫ੍ਰੀ ਕਰਵਾਉਣ ਪਹੁੰਚੇ ਕਿਸਾਨ, ਪੁਲਿਸ ਤੇ ਰੈਪਿਡ ਐਕਸ਼ਨ ਫੋਰਸ ਤਾਇਨਾਤ
ਅੱਜ ਖਰਖੌਦਾ ਨੇੜੇ ਕੇਐਮਪੀ 'ਤੇ ਪੀਪਲੀ ਟੌਲ 'ਤੇ ਕਿਸਾਨ ਇਕੱਠੇ ਹੋਏ। ਕੇਐਮਪੀ ਟੋਲ ਨੂੰ ਫ੍ਰੀ ਕਰਵਾਉਣ ਲਈ ਕਿਸਾਨ ਪਹੁੰਚੇ ਹੋਏ ਹਨ। ਫਿਲਹਾਲ ਵੱਡੀ ਗਿਣਤੀ 'ਚ ਹਰਿਆਣਾ ਪੁਲਿਸ ਤੇ ਰੈਪਿਡ ਐਕਸ਼ਨ ਫੋਰਸ ਟੋਲ 'ਤੇ ਤਾਇਨਾਤ ਕੀਤੀ ਗਈ ਹੈ।
ਸੋਨੀਪਤ: ਅੱਜ ਖਰਖੌਦਾ ਨੇੜੇ ਕੇਐਮਪੀ 'ਤੇ ਪੀਪਲੀ ਟੌਲ 'ਤੇ ਕਿਸਾਨ ਇਕੱਠੇ ਹੋਏ। ਕੇਐਮਪੀ ਟੋਲ ਨੂੰ ਫ੍ਰੀ ਕਰਵਾਉਣ ਲਈ ਕਿਸਾਨ ਪਹੁੰਚੇ ਹੋਏ ਹਨ। ਫਿਲਹਾਲ ਵੱਡੀ ਗਿਣਤੀ 'ਚ ਹਰਿਆਣਾ ਪੁਲਿਸ ਤੇ ਰੈਪਿਡ ਐਕਸ਼ਨ ਫੋਰਸ ਟੋਲ 'ਤੇ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕਿਸਾਨ ਟੋਲ 'ਤੇ ਹੀ ਧਰਨੇ 'ਤੇ ਬੈਠ ਗਏ ਹਨ। ਹਾਲਾਂਕਿ ਖਰਖੌਦਾ ਦੇ ਐਸਡੀਐਮ ਤੇ ਡੀਐਸਪੀ ਕਿਸਾਨਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਕਿਸਾਨ ਇਹ ਕਹਿ ਰਹੇ ਹਨ ਕਿ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਕਿ ਜਦੋਂ ਤੱਕ ਅੰਦੋਲਨ ਜਾਰੀ ਰਹੇਗਾ ਸਭ ਟੋਲ ਫ੍ਰੀ ਰਹਿਣਗੇ।
ਕਿਸਾਨਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜਿੰਨਾ ਚਿਰ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ, ਉਹ ਕਿਤੇ ਵੀ ਟੋਲ ਟੈਕਸ ਨਹੀਂ ਲੈਣ ਦੇਣਗੇ ਤੇ ਇਸ ਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚਾ ਸਾਰੇ ਟੋਲਸ ਨੂੰ ਫ੍ਰੀ ਕਰਵਾਉਣ ਦੀ ਮੰਗ ਕਰ ਰਿਹਾ ਹੈ। ਕਿਸਾਨਾਂ ਦੀ ਚੇਤਾਵਨੀ ਹੈ ਕਿ ਜੇਕਰ ਜਲਦੀ ਤੋਂ ਜਲਦੀ ਟੋਲ ਨੂੰ ਫ੍ਰੀ ਨਾ ਕੀਤਾ ਗਿਆ ਤਾਂ ਉਹ ਸਿੰਘੂ ਬਾਰਡਰ ਨੇੜੇ ਸਥਿਤ ਕੇਐਮਪੀ ਨੂੰ ਵੀ ਜਾਮ ਕਰ ਦੇਣਗੇ।
ਕਿਸਾਨ ਆਗੂ ਅਭਿਮਨਿਊ ਕੋਹਾੜ ਵੀ ਕਿਸਾਨਾਂ ਨਾਲ ਟੋਲ ਫ੍ਰੀ ਕਰਵਾਉਣ ਲਈ ਕੇਐਮਪੀ 'ਤੇ ਪਹੁੰਚੇ। ਅਭਿਮਨਿਊ ਨੇ ਕਿਹਾ ਕਿ ਉਹ ਸਾਰੇ ਸੰਯੁਕਤ ਕਿਸਾਨ ਮੋਰਚਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਦਾ ਸੱਦਾ ਕੇਐਮਪੀ ਨੂੰ ਟੋਲ ਮੁਕਤ ਕਰਵਾਉਣ ਦਾ ਹੈ।
ਇਸ ਦੇ ਨਾਲ ਹੀ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਅਭਿਮਨਿਊ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਸਾਡੇ ਕਿਸਾਨ ਮੋਰਚੇ ਦੇ ਸੀਨੀਅਰ ਨੇਤਾਵਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਇਸ ਤੋਂ ਪਹਿਲਾਂ ਵੀ ਉਨ੍ਹਾਂ ਨਾਲ ਮੁੱਦਿਆਂ 'ਤੇ ਮੀਟਿੰਗ ਕਰ ਚੁੱਕੇ ਹਨ। ਇਸ ਟੌਲ ਫ੍ਰੀ ਬਾਰੇ ਗੱਲ ਵੀ ਉਨ੍ਹਾਂ ਨਾਲ ਕੀਤੀ ਜਾਣੀ ਚਾਹੀਦੀ ਹੈ। ਜਿਵੇਂ ਉਹ ਇਸ ਤੋਂ ਬਾਅਦ ਨਿਰਦੇਸ਼ ਦੇਣਗੇ, ਅਸੀਂ ਉਨ੍ਹਾਂ ਹਦਾਇਤਾਂ ਦੀ ਪਾਲਣਾ ਕਰਾਂਗੇ, ਪਰ ਜਦੋਂ ਤੱਕ ਗੱਲਬਾਤ ਨਹੀਂ ਹੁੰਦੀ, ਉਦੋਂ ਤੱਕ ਟੋਲ ਫ੍ਰੀ ਰਹੇਗਾ।