'ਮੇਰੇ ਸਾਹਮਣਿਓ ਅਗਵਾ ਕਰ ਕੇ ਲੈ ਗਏ 3 ਲੜਕੇ', ਲਖੀਮਪੁਰ 'ਚ ਦਲਿਤ ਭੈਣਾਂ ਨਾਲ ਜ਼ਬਰ-ਜਨਾਹ ਤੇ ਕਤਲ, ਮਾਂ ਨੇ ਸੁਣਾਇਆ ਦਰਦ
UP News: ਯੂਪੀ ਦੇ ਲਖੀਮਪੁਰ ਵਿੱਚ ਦੋ ਨਾਬਾਲਿਗ ਦਲਿਤ ਭੈਣਾ ਦੀ ਲਾਸ਼ ਦਰੱਖ਼ਤ ਨਾਲ ਲਟਕਦੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਗੰਭੀਰ ਦੋਸ਼ ਲਾਏ ਹਨ।
UP News: ਉੱਤਰ ਪ੍ਰਦੇਸ਼ ਦੇ ਲਖੀਮਪੁਰ 'ਚ ਦੋ ਦਲਿਤ ਭੈਣਾਂ ਦੀਆਂ ਲਾਸ਼ਾਂ ਦਰੱਖਤ 'ਤੇ ਲਟਕਦੀਆਂ ਮਿਲਣ ਤੋਂ ਬਾਅਦ ਤਣਾਅ ਦਾ ਮਾਹੌਲ ਹੈ। ਇਸ ਘਟਨਾ ਤੋਂ ਬਾਅਦ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਇੱਥੇ ਸਿਆਸੀ ਪਾਰਟੀਆਂ ਵੱਲੋਂ ਇਸ ਘਟਨਾ ਦੀ ਸਖ਼ਤ ਆਲੋਚਨਾ ਕਰਕੇ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਹ ਮਾਮਲਾ ਲਖੀਮਪੁਰ ਖੇੜੀ ਦੇ ਨਿਘਾਸਨ (Nighasan) ਕੋਤਵਾਲੀ ਦਾ ਹੈ। ਇੱਥੇ ਪਿੰਡ ਦੇ ਬਾਹਰ ਇੱਕ ਗੰਨੇ ਦੇ ਖੇਤ ਵਿੱਚ ਦੋ ਨਾਬਾਲਗ ਲੜਕੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਦੱਸਣਯੋਗ ਹੈ ਕਿ ਦੋਵੇਂ ਭੈਣਾਂ ਦੀਆਂ ਲਾਸ਼ਾਂ ਦੁਪੱਟੇ ਨਾਲ ਲਟਕ ਰਹੀਆਂ ਸੀ। ਜਿਨ੍ਹਾਂ ਦੋ ਨਾਬਾਲਗਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ਵਿੱਚੋਂ ਇੱਕ ਦੀ ਉਮਰ 15 ਸਾਲ ਅਤੇ ਇੱਕ ਦੀ 17 ਸਾਲ ਦੱਸੀ ਜਾ ਰਹੀ ਹੈ। ਲਖੀਮਪੁਰ ਕਾਂਡ ਦੀ ਪੀੜਤਾ ਦੀ ਮਾਂ ਨੇ ਇਸ ਗੰਭੀਰ ਘਟਨਾ ਦੀ ਸਾਰੀ ਗੱਲ ਦੱਸੀ ਹੈ।
ਪੀੜਤਾ ਦੀ ਮਾਂ ਨੇ ਕਿਹਾ- "ਨੌਜਵਾਨ ਬਾਈਕ 'ਤੇ ਆਏ ਅਤੇ ਮੇਰੀਆਂ ਧੀਆਂ ਨੂੰ ਜ਼ਬਰਦਸਤੀ ਲੈ ਗਏ। ਅਗਵਾ ਕਰਨ ਤੋਂ ਬਾਅਦ ਉਨ੍ਹਾਂ ਨਾਲ ਜ਼ਬਰ ਜਨਾਹ ਕੀਤਾ, ਫਿਰ ਕਤਲ ਕਰ ਦਿੱਤਾ ਗਿਆ।" ਪੀੜਤ ਬੱਚੀਆਂ ਦੀ ਮਾਂ ਮੁਤਾਬਕ ਤਿੰਨ ਲੜਕੇ ਉਨ੍ਹਾਂ ਨੂੰ ਅਗਵਾ ਕਰਕੇ ਲੈ ਗਏ ਸਨ। ਪੀੜਤਾ ਦੀ ਮਾਂ ਨੇ ਅੱਗੇ ਦੱਸਿਆ ਕਿ ਉਹ ਲਾਲਪੁਰ ਦੀ ਰਹਿਣ ਵਾਲੀ ਹੈ। ਕੁੱਝ ਲੜਕੇ ਉਨ੍ਹਾਂ ਦੋਵਾਂ ਨੂੰ ਇੱਥੋਂ ਚੁੱਕ ਕੇ ਲੈ ਗਏ ਹਨ। ਉਨ੍ਹਾਂ ਲੜਕਿਆਂ 'ਚੋਂ ਇਕ ਲੜਕੇ ਨੇ ਚਿੱਟੇ ਰੰਗ ਦੀ ਟੀ-ਸ਼ਰਟ 'ਚ ਸੀ ਤੇ ਦੂਜਾ ਪੀਲੀ ਟੀ-ਸ਼ਰਟ 'ਚ ਅਤੇ ਤੀਜਾ ਨੀਲੀ ਟੀ-ਸ਼ਰਟ 'ਚ ਮੋਟਰਸਾਈਕਲ ਚਲਾ ਰਿਹਾ ਸੀ। ਉਹ ਮੇਰੀਆਂ ਧੀਆਂ ਨੂੰ ਲੈ ਕੇ ਭੱਜ ਗਏ। ਜਦੋਂ ਮੈਂ ਉਨ੍ਹਾਂ ਨੂੰ ਬਚਾਉਣ ਲਈ ਭੱਜੀ ਤਾਂ ਉਨ੍ਹਾਂ ਨੇ ਮੈਨੂੰ ਲੱਤ ਮਾਰ ਦਿੱਤੀ।
ਕੀ ਕਿਹਾ ਪ੍ਰਸ਼ਾਸਨ ਨੇ?
ਇਸ ਨਾਲ ਹੀ ਲਖਨਊ ਰੇਂਜ ਦੇ ਆਈਜੀ ਲਕਸ਼ਮੀ ਸਿੰਘ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ, "ਲਖੀਮਪੁਰ ਖੇੜੀ ਵਿੱਚ ਇੱਕ ਪਿੰਡ ਦੇ ਬਾਹਰ ਇੱਕ ਖੇਤ ਵਿੱਚ ਦੋ ਲੜਕੀਆਂ ਦੀਆਂ ਲਾਸ਼ਾਂ ਇੱਕ ਦਰੱਖਤ ਨਾਲ ਲਟਕਦੀਆਂ ਮਿਲੀਆਂ ਹਨ। ਲਾਸ਼ਾਂ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਬਾਕੀ ਗੱਲਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ, ਜਾਂਚ ਜਾਰੀ ਹੈ।"
ਲਖੀਮਪੁਰ ਦੇ ਡੀਐਮ ਮਹਿੰਦਰ ਬਹਾਦਰ ਸਿੰਘ ਨੇ ਇਸ ਘਟਨਾ ਦੀ ਜਾਣਕਾਰੀ ਏਬੀਪੀ ਗੰਗਾ ਨੂੰ ਫ਼ੋਨ 'ਤੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਲੜਕੀਆਂ ਦੇ ਪੋਸਟਮਾਰਟਮ ਤੋਂ ਬਾਅਦ ਕਤਲ ਦੇ ਕਾਰਨਾਂ ਦਾ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਵੀਰਵਾਰ ਸਵੇਰੇ ਦੋਵੇਂ ਲੜਕੀਆਂ ਦਾ ਪੋਸਟਮਾਰਟਮ ਕੀਤਾ ਜਾਵੇਗਾ।