Haryana News: ਹਰਿਆਣਾ 'ਚ ਸਿੱਖ ਨੌਜਵਾਨ 'ਤੇ ਹਮਲੇ ਮਗਰੋਂ ਪੁਲਿਸ ਦੀ ਕਾਰਗੁਜਾਰੀ 'ਤੇ ਸਵਾਲ! ਦਾਦੂਵਾਲ ਦੀ ਚੇਤਾਵਨੀ
Haryana: ਅੱਜ ਹਰਿਆਣਾ ਦੇ ਕੈਥਲ ਪਹੁੰਚੀ ਸਿੱਖ ਸੰਗਤ ਨੇ ਸਿੱਖ ਨੌਜਵਾਨ ਉਪਰ ਹੋਏ ਹਮਲੇ ਦਾ ਸਖਤ ਨੋਟਿਸ ਲੈਂਦਿਆਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਕੈਥਲ ਦੇ ਇਤਿਹਾਸਕ ਗੁਰਦੁਆਰਾ ਮੰਝੀ ਸਾਹਿਬ ਵਿਖੇ ਪੁੱਜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ
Haryana News: ਅੱਜ ਹਰਿਆਣਾ ਦੇ ਕੈਥਲ ਪਹੁੰਚੀ ਸਿੱਖ ਸੰਗਤ ਨੇ ਸਿੱਖ ਨੌਜਵਾਨ ਉਪਰ ਹੋਏ ਹਮਲੇ ਦਾ ਸਖਤ ਨੋਟਿਸ ਲੈਂਦਿਆਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਕੈਥਲ ਦੇ ਇਤਿਹਾਸਕ ਗੁਰਦੁਆਰਾ ਮੰਝੀ ਸਾਹਿਬ ਵਿਖੇ ਪੁੱਜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਪੀੜਤ ਸਿੱਖ ਨੌਜਵਾਨ ਨੂੰ ਸਿਵਲ ਹਸਪਤਾਲ ਵਿੱਚ ਮਿਲੇ।
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕੈਥਲ ਦੇ ਸ੍ਰੀ ਮੰਜੀ ਸਾਹਿਬ ਗੁਰਦੁਆਰਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪੀੜਤ ਨੌਜਵਾਨ ਸੁਖਵਿੰਦਰ ਸੰਘ ਨੂੰ ਮਿਲਿਆ ਹਾਂ ਤੇ ਉਸ ਨਾਲ ਸਾਰੀ ਗੱਲਬਾਤ ਕੀਤੀ ਹੈ। ਅਸੀਂ ਭਰੋਸਾ ਦਿੱਤਾ ਹੈ ਕਿ ਨੌਜਵਾਨ ਦੇ ਇਲਾਜ ਦਾ ਸਾਰਾ ਖਰਚਾ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੁੱਕਿਆ ਜਾਵੇਗਾ ਤੇ ਸਾਡੀ ਕਮੇਟੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਾਨੂੰਨੀ ਲੜਾਈ ਲਈ ਵਕੀਲ ਵੀ ਨਿਯੁਕਤ ਕਰੇਗੀ।
ਪੁਲਿਸ ਵਿਵਸਥਾ 'ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸਭ ਕੁਝ ਸਪੱਸ਼ਟ ਹੈ। ਮੌਕੇ 'ਤੇ ਗਵਾਹ ਵੀ ਮੌਜੂਦ ਸਨ ਪਰ ਫਿਰ ਵੀ ਪੁਲਿਸ ਨੇ 18 ਘੰਟੇ ਬਾਅਦ ਸ਼ਿਕਾਇਤ ਦਰਜ ਕੀਤੀ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਧਾਰਾ 307 ਤਹਿਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸਿੱਖ ਨੌਜਵਾਨ ਉਪਰ ਹਮਲੇ ਲਈ ਜਿੰਮੇਵਾਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇ, ਕਿਉਂਕਿ ਉਨ੍ਹਾਂ ਨੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕ ਬਚਾਅ ਲਈ ਨਾ ਆਏ ਹੁੰਦੇ ਤਾਂ ਪੀੜਤ ਸੁਖਵਿੰਦਰ ਸਿੰਘ ਅੱਜ ਸਾਡੇ ਵਿਚਕਾਰ ਨਾ ਹੁੰਦਾ। ਉਨ੍ਹਾਂ ਨੇ ਕਿਹਾ ਕਿ ਮੈਂ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨਾਲ ਵੀ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਭ ਤੋਂ ਪਹਿਲਾਂ ਪੀੜਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ।
ਕੰਗਨਾ ਰਣੌਤ 'ਤੇ ਬੋਲਦੇ ਹੋਏ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਕੰਗਨਾ ਰਣੌਤ ਵੱਲੋਂ ਏਅਰਪੋਰਟ 'ਤੇ ਹੋਈ ਘਟਨਾ ਤੋਂ ਬਾਅਦ ਕੀਤੀ ਬਿਆਨਬਾਜ਼ੀ ਨਾਲ ਹੀ ਸਮਾਜ 'ਚ ਇਹ ਪ੍ਰਤੀਕਰਮ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕ ਜਲਦ ਹੀ ਰੋਸ ਪ੍ਰਦਰਸ਼ਨ ਕਰਨਗੇ। ਪ੍ਰੈੱਸ ਕਾਨਫਰੰਸ ਦੌਰਾਨ ਮੌਕੇ 'ਤੇ ਹੀ ਪੀੜਤ ਸੁਖਵਿੰਦਰ ਸਿੰਘ ਦੀ ਜਾਨ ਬਚਾਉਣ ਵਾਲੇ ਨੌਜਵਾਨ ਰਾਜੂ ਪਾਈ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।