Air India ਦੀ ਦਿੱਲੀ-ਪੈਰਿਸ ਫਲਾਈਟ ਕੈਂਸਲ, ਯਾਤਰੀ ਵੀ ਹੋਏ ਪਰੇਸ਼ਾਨ, ਜਾਣੋ ਪੂਰਾ ਮਾਮਲਾ
ਏਅਰ ਇੰਡੀਆ ਦੀ ਦਿੱਲੀ ਤੋਂ ਪੈਰਿਸ ਜਾਣ ਵਾਲੀ ਬੋਇੰਗ ਡ੍ਰੀਮਲਾਈਨਰ AI143 ਉਡਾਣ ਤਕਨੀਕੀ ਸਮੱਸਿਆਵਾਂ ਕਰਕੇ ਕੈਂਸਲ ਕਰ ਦਿੱਤੀ ਗਈ ਹੈ। ਕੰਪਨੀ ਨੇ ਉਡਾਣ ਰੱਦ ਕਰਨ 'ਤੇ ਖੇਦ ਜਤਾਇਆ ਹੈ।

Air India Flight Cancelled: ਭਾਰਤ ਵਿੱਚ ਏਅਰ ਇੰਡੀਆ ਦੇ ਜਹਾਜ਼ਾਂ ਵਿੱਚ ਲਗਾਤਾਰ ਕੋਈ ਨਾ ਕੋਈ ਦਿੱਕਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਜਹਾਜ਼ ਵਿੱਚ ਕਈ ਸਮੱਸਿਆਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਲੋਕਾਂ ਦੇ ਮਨ ਵਿੱਚ ਵੀ ਡਰ ਬੈਠਿਆ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਦਿੱਲੀ ਤੋਂ ਪੈਰਿਸ ਜਾਣ ਵਾਲੀ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਹੈ। ਉੱਥੇ ਹੀ ਕਪੰਨੀ ਨੇ ਕਿਹਾ ਕਿ ਜਹਾਜ਼ ਵਿੱਚ ਕੁਝ ਤਕਨੀਕੀ ਸਮੱਸਿਆ ਆਈ ਹੈ ਜਿਸ ਕਰਕੇ ਉਡਾਣ ਕੈਂਸਲ ਕਰ ਦਿੱਤੀ ਗਈ ਹੈ।
ਕੰਪਨੀ ਨੇ ਕਿਹਾ ਕਿ ਏਅਰ ਇੰਡੀਆ ਦੀ ਦਿੱਲੀ ਤੋਂ ਪੈਰਿਸ ਜਾਣ ਵਾਲੀ ਬੋਇੰਗ ਡ੍ਰੀਮਲਾਈਨਰ AI143 ਉਡਾਣ ਮੰਗਲਵਾਰ (17 ਜੂਨ) ਨੂੰ ਰੱਦ ਕਰ ਦਿੱਤੀ ਗਈ ਹੈ। ਕੰਪਨੀ ਨੇ ਕਿਹਾ, "ਉਡਾਣ ਭਰਨ ਤੋਂ ਪਹਿਲਾਂ ਜ਼ਰੂਰੀ ਜਾਂਚ ਦੌਰਾਨ, ਜਹਾਜ਼ ਵਿੱਚ ਕੁਝ ਤਕਨੀਕੀ ਸਮੱਸਿਆਵਾਂ ਪਾਈਆਂ ਗਈਆਂ। ਇਸ ਵੇਲੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਪੈਰਿਸ ਦੇ ਚਾਰਲਸ ਡੀ ਗੌਲ (CDG) ਹਵਾਈ ਅੱਡੇ 'ਤੇ ਨਾਈਟ ਆਪਰੇਸ਼ਨਸ 'ਤੇ ਰੋਕ ਕਰਕੇ ਉਡਾਣ ਰੱਦ ਕਰ ਦਿੱਤੀ ਗਈ ਹੈ।"
ਏਅਰ ਇੰਡੀਆ ਨੇ ਕਿਹਾ, "ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਅਫ਼ਸੋਸ ਹੈ। ਅਸੀਂ ਯਾਤਰੀਆਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਉਣ ਲਈ ਵਿਕਲਪਕ ਪ੍ਰਬੰਧ ਕਰ ਰਹੇ ਹਾਂ। ਉਡਾਣ ਰੱਦ ਹੋਣ ਤੋਂ ਬਾਅਦ, ਅਸੀਂ ਯਾਤਰੀਆਂ ਲਈ ਹੋਟਲ ਵਿੱਚ ਠਹਿਰਨ ਦਾ ਪ੍ਰਬੰਧ ਕੀਤਾ ਹੈ। ਇਸ ਤੋਂ ਇਲਾਵਾ, ਜੇਕਰ ਯਾਤਰੀ ਟਿਕਟ ਰੱਦ ਕਰਨਾ ਚਾਹੁੰਦੇ ਹਨ ਜਾਂ ਮੁਫਤ ਰੀਸ਼ਡਿਊਲਿੰਗ ਦੀ ਚੋਣ ਕਰਦੇ ਹਨ, ਤਾਂ ਕੰਪਨੀ ਨੇ ਪੂਰਾ ਰਿਫੰਡ ਦਾ ਵੀ ਆਫਰ ਦਿੱਤਾ ਹੈ।"
ਏਅਰ ਇੰਡੀਆ ਦੀ ਦਿੱਲੀ ਤੋਂ ਪੈਰਿਸ ਜਾਣ ਵਾਲੀ ਉਡਾਣ AI143 ਦੇ ਤਕਨੀਕੀ ਖਰਾਬੀ ਕਰਕੇ ਰੱਦ ਹੋਣ ਕਾਰਨ ਯਾਤਰੀ ਪਰੇਸ਼ਾਨ ਹਨ। ਕੁਝ ਸਮੇਂ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਲਗਾਤਾਰ ਤਕਨੀਕੀ ਨੁਕਸ ਦੀਆਂ ਖਬਰਾਂ ਆ ਰਹੀਆਂ ਹਨ। ਕੁਝ ਦਿਨ ਪਹਿਲਾਂ, ਗੁਜਰਾਤ ਦੇ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਏਅਰ ਇੰਡੀਆ ਦੀ ਇੱਕ ਉਡਾਣ AI171 ਹਾਦਸਾਗ੍ਰਸਤ ਹੋ ਗਈ ਸੀ।
ਇਸ ਭਿਆਨਕ ਜਹਾਜ਼ ਹਾਦਸੇ ਵਿੱਚ ਹੁਣ ਤੱਕ 270 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਜ਼ਖਮੀ ਹੋ ਗਏ ਹਨ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿੱਚ ਮਰਨ ਵਾਲਿਆਂ ਦੀ ਪਛਾਣ ਕਰਨ ਲਈ ਡੀਐਨਏ ਟੈਸਟ ਕੀਤੇ ਜਾ ਰਹੇ ਹਨ। ਡੀਐਨਏ ਟੈਸਟ ਤੋਂ ਬਾਅਦ, ਹਾਦਸੇ ਵਿੱਚ ਮਰਨ ਵਾਲਿਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਜਾ ਰਹੀਆਂ ਹਨ।






















