ਏਅਰ ਇੰਡੀਆ ਦਾ ਵੱਡਾ ਐਲਾਨ! Indigo Crisis 'ਚ ਫਸੇ ਯਾਤਰੀਆਂ ਲਈ ਮੁਫਤ ਸੀਟ ਅੱਪਗ੍ਰੇਡ ਤੇ ਸਸਤੇ ਕਿਰਾਏ!
ਦੇਸ਼ ਭਰ ‘ਚ ਇੰਡੀਗੋ ਦੀਆਂ ਵੱਡੀ ਗਿਣਤੀ ਵਿੱਚ ਉਡਾਣਾਂ ਰੱਦ ਹੋਣ ਕਾਰਨ ਯਾਤਰਾ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਅਜਿਹੇ ਹਾਲਾਤਾਂ ‘ਚ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਅੱਗੇ ਆ ਕੇ ਫਸੇ ਯਾਤਰੀਆਂ ਦੇ ਲਈ ਮਦਦ ਦਾ ਹੱਥ ਵਧਾਇਆ..

ਦੇਸ਼ ਭਰ ‘ਚ ਇੰਡੀਗੋ ਦੀਆਂ ਵੱਡੀ ਗਿਣਤੀ ਵਿੱਚ ਉਡਾਣਾਂ ਰੱਦ ਹੋਣ ਕਾਰਨ ਯਾਤਰਾ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ, ਯਾਤਰੀਆਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਪਹੁੰਚਿਆ ਹੋਇਆ ਹੈ। ਅਜਿਹੇ ਹਾਲਾਤਾਂ ‘ਚ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਅੱਗੇ ਆ ਕੇ ਫਸੇ ਯਾਤਰੀਆਂ ਦੀ ਮਦਦ ਲਈ ਕਈ ਵੱਡੇ ਕਦਮਾਂ ਦਾ ਐਲਾਨ ਕੀਤਾ ਹੈ। ਏਅਰਲਾਈਨ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਯਾਤਰੀਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣਾ ਅਤੇ ਅਚਾਨਕ ਵਧੇ ਕਿਰਾਏ ਦੇ ਬੋਝ ਨੂੰ ਘੱਟ ਕਰਨਾ ਹੈ।
ਘਰੇਲੂ ਉਡਾਣਾਂ ‘ਤੇ ਕਿਰਾਏ ਦੀ ਸੀਮਾ ਲਾਗੂ
ਏਅਰ ਇੰਡੀਆ ਵੱਲੋਂ ਦੱਸਿਆ ਗਿਆ ਕਿ 4 ਦਸੰਬਰ ਤੋਂ ਘਰੇਲੂ ਨਾਨ-ਸਟਾਪ ਉਡਾਣਾਂ ਦੀ ਇਕਾਨੋਮੀ ਕਲਾਸ ‘ਤੇ ਕਿਰਾਏ ਦੀ ਇੱਕ ਨਿਰਧਾਰਤ ਸੀਮਾ ਲਾਗੂ ਕਰ ਦਿੱਤੀ ਗਈ ਹੈ। ਇਹ ਫੈਸਲਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਆਟੋਮੇਟਡ ਪ੍ਰਾਇਸਿੰਗ ਸਿਸਟਮ ਕਾਰਨ ਮੰਗ ਵਧਣ ‘ਤੇ ਟਿਕਟਾਂ ਦੇ ਰੇਟ ਇੱਕਦਮ ਨਾ ਵਧ ਜਾਣ। ਨਾਲ ਹੀ, ਏਅਰ ਇੰਡੀਆ ਅਤੇ ਹੋਰ ਏਅਰਲਾਈਨਜ਼ ਨਾਗਰਿਕ ਉਡਾਣ ਮੰਤਰਾਲੇ ਵੱਲੋਂ 6 ਦਸੰਬਰ ਨੂੰ ਜਾਰੀ ਕੀਤੇ ਗਏ ਨਵੇਂ ਕਿਰਾਇਆ ਨਿਯਮਾਂ ਦੀ ਪਾਲਣਾ ਕਰ ਰਹੀਆਂ ਹਨ।
ਟਿਕਟ ਬਦਲਾਅ ਅਤੇ ਰੱਦ ਕਰਨ ‘ਤੇ ਛੋਟ
ਫਸੇ ਹੋਏ ਯਾਤਰੀਆਂ ਨੂੰ ਰਾਹਤ ਦੇਣ ਲਈ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਟਿਕਟ ਰੀ-ਸ਼ੈਡਿਊਲਿੰਗ ਅਤੇ ਕੈਂਸਲੇਸ਼ਨ ਫੀਸ ‘ਚ ਵੱਡੀ ਛੋਟ ਦਿੱਤੀ ਹੈ। ਜਿਨ੍ਹਾਂ ਯਾਤਰੀਆਂ ਨੇ 4 ਦਸੰਬਰ ਤੱਕ ਕਿਸੇ ਵੀ ਏਅਰਲਾਈਨ ਤੋਂ 15 ਦਸੰਬਰ ਤੱਕ ਦੀ ਯਾਤਰਾ ਲਈ ਟਿਕਟ ਬੁੱਕ ਕੀਤੀ ਸੀ, ਉਹ ਬਿਨਾ ਰੀ-ਸ਼ੈਡਿਊਲਿੰਗ ਫੀਸ ਆਪਣੀ ਯਾਤਰਾ ਦੀ ਤਾਰੀਖ ਬਦਲ ਸਕਦੇ ਹਨ।
ਜੇ ਉਹ ਚਾਹੁਣ ਤਾਂ ਬਿਨਾ ਕੈਂਸਲੇਸ਼ਨ ਚਾਰਜ ਟਿਕਟ ਰੱਦ ਕਰਕੇ ਪੂਰਾ ਰਿਫੰਡ ਵੀ ਲੈ ਸਕਦੇ ਹਨ। ਇਹ ਸੁਵਿਧਾ ਸਿਰਫ਼ ਇੱਕ ਵਾਰੀ ਹੀ ਮਿਲੇਗੀ ਅਤੇ ਕੇਵਲ 8 ਦਸੰਬਰ ਤੱਕ ਕੀਤੇ ਬਦਲਾਅ ਜਾਂ ਕੈਂਸਲੇਸ਼ਨ ‘ਤੇ ਹੀ ਲਾਗੂ ਹੋਵੇਗੀ। ਹਾਂ, ਜੇ ਨਵੀਂ ਤਾਰੀਖ ਵਾਲਾ ਕਿਰਾਇਆ ਪਹਿਲਾਂ ਨਾਲੋਂ ਜ਼ਿਆਦਾ ਹੈ ਤਾਂ ਯਾਤਰੀ ਨੂੰ ਸਿਰਫ਼ ਫਰਕ ਵਾਲੀ ਰਕਮ ਹੀ ਦੇਣੀ ਪਵੇਗੀ।
24×7 ਸਹਾਇਤਾ ਅਤੇ ਵਾਧੂ ਸਟਾਫ ਤਾਇਨਾਤ
ਤੇਜ਼ੀ ਨਾਲ ਵੱਧ ਰਹੀਆਂ ਕਾਲਾਂ ਅਤੇ ਸ਼ਿਕਾਇਤਾਂ ਨੂੰ ਸੰਭਾਲਣ ਲਈ ਏਅਰ ਇੰਡੀਆ ਨੇ ਆਪਣੇ ਕਸਟਮਰ ਸਰਵਿਸ ਸੈਂਟਰਾਂ 'ਚ ਵਾਧੂ ਸਟਾਫ ਅਤੇ ਤਕਨਾਲੋਜੀਕਲ ਸਹੂਲਤਾਂ ਤਾਇਨਾਤ ਕੀਤੀਆਂ ਹਨ। ਯਾਤਰੀ ਆਪਣੀ ਬੁਕਿੰਗ ‘ਚ ਬਦਲਾਅ ਜਾਂ ਕੈਂਸਲੇਸ਼ਨ 24×7 ਕਾਲ ਸੈਂਟਰ ਰਾਹੀਂ ਜਾਂ ਕਿਸੇ ਵੀ ਟ੍ਰੈਵਲ ਏਜੈਂਟ ਰਾਹੀਂ ਕਰ ਸਕਦੇ ਹਨ।
ਵਾਧੂ ਉਡਾਣਾਂ ਅਤੇ ਹੋਰ ਸੀਟਾਂ ਉਪਲਬਧ
ਹਾਲਾਤ ਨੂੰ ਸਮਾਨ ਕਰਨ ਲਈ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਕੁਝ ਮਹੱਤਵਪੂਰਣ ਰੂਟਾਂ ‘ਤੇ ਵਾਧੂ ਫਲਾਈਟਾਂ ਸ਼ੁਰੂ ਕੀਤੀਆਂ ਹਨ ਅਤੇ ਮੌਜੂਦਾ ਉਡਾਣਾਂ 'ਚ ਹੋਰ ਸੀਟਾਂ ਵੀ ਉਪਲਬਧ ਕਰਵਾਈਆਂ ਹਨ। ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਯਾਤਰੀਆਂ ਦੀ ਬੋਰਡਿੰਗ ਅਤੇ ਬੈਗੇਜ ਜਿੰਨਾ ਜਲਦੀ ਹੋ ਸਕੇ, ਮੰਜ਼ਿਲ ‘ਤੇ ਪਹੁੰਚੇ।
ਖਾਸ ਸ਼੍ਰੇਣੀ ਵਾਲੇ ਯਾਤਰੀਆਂ ਲਈ ਛੋਟ ਜਾਰੀ
ਏਅਰ ਇੰਡੀਆ ਨੇ ਦੱਸਿਆ ਕਿ ਉਨ੍ਹਾਂ ਦੀ ਵੈਬਸਾਈਟ ਅਤੇ ਮੋਬਾਈਲ ਐਪ 'ਤੇ ਪਹਿਲਾਂ ਤੋਂ ਚੱਲ ਰਹੀਆਂ ਛੋਟ ਸਕੀਮਾਂ ਜਾਰੀ ਰਹਿਣਗੀਆਂ। ਇਨ੍ਹਾਂ ਵਿੱਚ ਵਿਦਿਆਰਥੀ, ਸੀਨੀਅਰ ਸਿਟੀਜ਼ਨ, ਸਸ਼ਸਤ੍ਰ ਬਲਾਂ ਦੇ ਕਰਮਚਾਰੀ ਅਤੇ ਉਹਨਾਂ ਦੇ ਪਰਿਵਾਰ ਸ਼ਾਮਲ ਹਨ। ਇਹ ਸਾਰੇ ਪਹਿਲਾਂ ਤੋਂ ਨਿਰਧਾਰਤ ਰੇਟ ਨਾਲੋਂ ਵੀ ਘੱਟ ਕਿਰਾਏ ‘ਤੇ ਟਿਕਟ ਬੁੱਕ ਕਰਨ ਦਾ ਫਾਇਦਾ ਲੈਂਦੇ ਰਹਿਣਗੇ।






















