ਮੋਦੀ ਸਰਕਾਰ ਦੀ ਇੱਕ ਹੋਰ ਯੋਜਨਾ ਫੇਲ੍ਹ, ਅਪ੍ਰੈਲ ਤੋਂ ਜੁਲਾਈ ਤੱਕ ਸਿਰਫ਼ 15,283 ਲੋਕ ਹੀ ਜੁੜੇ
ਹੁਣ ਕੇਂਦਰ ਸਰਕਾਰ ਦੁਆਰਾ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ (ਪੀਐਮਐਸਵਾਈਐਮ PMSYM) ਯੋਜਨਾ ਵਿੱਚ ਲੋਕਾਂ ਦੀ ਦਿਲਚਸਪੀ ਘੱਟ ਰਹੀ ਹੈ।
ਨਵੀਂ ਦਿੱਲੀ: ਹੁਣ ਕੇਂਦਰ ਸਰਕਾਰ ਦੁਆਰਾ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ (ਪੀਐਮਐਸਵਾਈਐਮ PMSYM) ਯੋਜਨਾ ਵਿੱਚ ਲੋਕਾਂ ਦੀ ਦਿਲਚਸਪੀ ਘੱਟ ਰਹੀ ਹੈ। ਵਿੱਤੀ ਸਾਲ 2021-22 ਦੇ ਪਹਿਲੇ 4 ਮਹੀਨਿਆਂ ਭਾਵ ਅਪ੍ਰੈਲ ਤੋਂ ਜੁਲਾਈ ਦੇ ਦੌਰਾਨ, ਸਿਰਫ 15,283 ਨਵੇਂ ਲੋਕ ਹੀ ਇਸ ਨਾਲ ਜੁੜੇ ਹਨ। ਭਾਵ ਹਰ ਮਹੀਨੇ ਸਿਰਫ 3,821 ਕਾਮੇ। ਕਿਰਤ ਤੇ ਰੁਜ਼ਗਾਰ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਗਸਤ ਦੇ ਪਹਿਲੇ 24 ਦਿਨਾਂ ਵਿੱਚ ਸਿਰਫ 1,223 ਨਵੀਆਂ ਰਜਿਸਟ੍ਰੇਸ਼ਨਾਂ ਹੋਈਆਂ ਹਨ।
ਨਵੀਆਂ ਰਜਿਸਟ੍ਰੇਸ਼ਨਜ਼ ਪਿਛਲੇ ਸਾਲ ਦੇ ਮੁਕਾਬਲੇ ਅੱਧੀਆਂ ਤੋਂ ਵੀ ਘੱਟ
ਸਾਲ 2019-20 ਵਿੱਚ, ਇਸ ਯੋਜਨਾ ਵਿੱਚ ਰੋਜ਼ਾਨਾ 4,361 ਰਜਿਸਟ੍ਰੇਸ਼ਨਜ਼ ਹੁੰਦੀਆਂ ਸਨ, ਜੋ 2020-21 ਵਿੱਚ ਘੱਟ ਕੇ 356 ਰਹਿ ਗਈਆਂ। ਹੁਣ ਜੇਕਰ ਅਸੀਂ ਸਾਲ 2021-22 ਦੀ ਗੱਲ ਕਰੀਏ ਤਾਂ 24 ਅਗਸਤ ਤੱਕ ਕੁੱਲ 16,506 ਲੋਕ ਇਸ ਵਿੱਚ ਸ਼ਾਮਲ ਹਨ ਭਾਵ ਹਰ ਰੋਜ਼ ਸਿਰਫ 113 ਲੋਕ। ਮੰਤਰਾਲੇ ਦੀ ਵੈਬਸਾਈਟ 'ਤੇ ਜਾਰੀ ਅੰਕੜਿਆਂ ਦੇਅਨੁਸਾਰ, ਪੀਐਮਐਸਵਾਈਐਮ ਨੇ ਵਿੱਤੀ ਸਾਲ 2020-21 ਵਿੱਚ ਹਰ ਮਹੀਨੇ ਔਸਤਨ 10,843 ਤੇ 2019-20 ਵਿੱਚ 115,000 ਰਜਿਸਟ੍ਰੇਸ਼ਨਜ਼ ਹੋਈਆਂ।
5 ਸਾਲਾਂ ਵਿੱਚ 10 ਕਰੋੜ ਲੋਕਾਂ ਨੂੰ ਕਵਰ ਕਰਨ ਦਾ ਟੀਚਾ
ਜਦੋਂ ਇਹ ਸਕੀਮ 15 ਫਰਵਰੀ 2019 ਨੂੰ ਲਾਂਚ ਕੀਤੀ ਗਈ ਸੀ ਉਦੋਂ ਤੋਂ 24 ਅਗਸਤ ਤੱਕ, ਸਿਰਫ 45.1 ਲੱਖ ਲੋਕ ਇਸ ਵਿੱਚ ਸ਼ਾਮਲ ਹੋਏ ਸਨ। ਸਰਕਾਰ ਦਾ 5 ਸਾਲਾਂ ਵਿੱਚ 10 ਕਰੋੜ ਲੋਕਾਂ ਨੂੰ ਇਸ ਯੋਜਨਾ ਨਾਲ ਜੋੜਨ ਦਾ ਟੀਚਾ ਸੀ, ਪਰ ਹੁਣ ਤੱਕ ਇਸ ਦਾ 5% ਵੀ ਹਾਸਲ ਨਹੀਂ ਕੀਤਾ ਜਾ ਸਕਿਆ ਹੈ।
ਕਿਉਂ ਹੋ ਰਿਹਾ ਮੋਹ ਭੰਗ?
ਮਾਹਿਰਾਂ ਦਾ ਕਹਿਣਾ ਹੈ ਕਿ ਕਾਮਿਆਂ ਨੂੰ ਇਸ ਯੋਜਨਾ ਵਿੱਚ 10 ਸਾਲਾਂ ਦਾ ਨਿਵੇਸ਼ ਕਰਨਾ ਪਏਗਾ। ਇਸ ਤੋਂ ਬਾਅਦ, 60 ਸਾਲ ਦੀ ਉਮਰ ਪੂਰੀ ਹੋਣ 'ਤੇ, ਕਰਮਚਾਰੀਆਂ ਨੂੰ ਹਰ ਮਹੀਨੇ 3,000 ਰੁਪਏ ਦੀ ਪੈਨਸ਼ਨ ਮਿਲਦੀ ਹੈ। ਮੰਨ ਲਓ ਕਿ ਕਰਮਚਾਰੀ ਇਸ ਨੂੰ 40 ਸਾਲ ਦੀ ਉਮਰ ਵਿੱਚ ਰਜਿਸਟਰ ਕਰਦੇ ਹਨ, ਤਾਂ ਉਨ੍ਹਾਂ ਨੂੰ 20 ਸਾਲਾਂ ਬਾਅਦ ਯਾਨੀ 2041 ਵਿੱਚ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ। ਵਧਦੀ ਮਹਿੰਗਾਈ ਦੇ ਮੱਦੇਨਜ਼ਰ 2041 ਵਿੱਚ 3 ਹਜ਼ਾਰ ਰੁਪਏ ਬਹੁਤ ਘੱਟ ਹੋਣਗੇ।
ਕੀ ਹੈ ਯੋਜਨਾ?
ਇਸ ਯੋਜਨਾ ਤਹਿਤ, ਅਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ 60 ਸਾਲ ਦੀ ਉਮਰ ਤੋਂ ਬਾਅਦ 3,000 ਰੁਪਏ ਦੀ ਪੈਨਸ਼ਨ ਮਿਲਦੀ ਹੈ। ਸਕੀਮ ਤਹਿਤ, ਲਾਭਪਾਤਰੀ ਦੁਆਰਾ ਹਰ ਮਹੀਨੇ ਯੋਗਦਾਨ ਦੀ ਰਕਮ, ਸਰਕਾਰ ਦੁਆਰਾ ਉਨੀ ਹੀ ਰਕਮ ਸ਼ਾਮਲ ਕੀਤੀ ਜਾਂਦੀ ਹੈ। ਭਾਵ ਜੇ ਕਰਮਚਾਰੀਆਂ ਦਾ ਯੋਗਦਾਨ 100 ਰੁਪਏ ਹੈ, ਤਾਂ ਸਰਕਾਰ ਇਸ ਵਿੱਚ 100 ਰੁਪਏ ਵੀ ਜੋੜੇਗੀ।
ਇਹ ਯੋਜਨਾ ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਹੈ। ਇਨ੍ਹਾਂ ਵਿੱਚ ਘਰੇਲੂ ਕਾਮੇ, ਗਲੀਆਂ ਦੇ ਰੇਹੜੀਆਂ-ਫੜ੍ਹੀਆਂ ਵਾਲੇ, ਡਰਾਈਵਰ, ਪਲੰਬਰ, ਟੇਲਰ, ਮਿਡ-ਡੇਅ-ਮੀਲ ਵਰਕਰ, ਰਿਕਸ਼ਾ ਚਾਲਕ, ਨਿਰਮਾਣ ਮਜ਼ਦੂਰ, ਕੂੜੇ ’ਚੋਂ ਪਲਾਸਟਿਕ ਜਾਂ ਹੋਰ ਅਜਿਹੀਆਂ ਵਸਤਾਂ ਚੁੱਕਣ ਵਾਲੇ, ਬੀੜੀ ਬਣਾਉਣ ਵਾਲੇ, ਹੱਥੀਂ ਕੰਮ ਕਰਨ ਵਾਲੇ, ਖੇਤੀਬਾੜੀ ਕਾਮੇ, ਮੋਚੀ, ਧੋਬੀ ਤੇ ਚਮੜੇ ਦਾ ਕੰਮ ਕਰਨ ਵਾਲੇ ਕਾਮੇ ਸ਼ਾਮਲ ਹਨ।
ਇਸ ਸਕੀਮ ਵਿੱਚ ਕੌਣ ਨਿਵੇਸ਼ ਕਰ ਸਕਦਾ
· ਇਸ ਯੋਜਨਾ ਲਈ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਦੀ ਆਮਦਨ 15,000 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ।
· ਬਚਤ ਬੈਂਕ ਖਾਤਾ ਜਾਂ ਜਨ ਧਨ ਖਾਤਾ ਤੇ ਆਧਾਰ ਨੰਬਰ ਹੋਣਾ ਚਾਹੀਦਾ ਹੈ।
· ਉਮਰ 18 ਸਾਲ ਤੋਂ ਘੱਟ ਅਤੇ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪਹਿਲਾਂ ਕੇਂਦਰ ਸਰਕਾਰ ਦੀ ਕਿਸੇ ਹੋਰ ਪੈਨਸ਼ਨ ਸਕੀਮ ਦਾ ਲਾਭ ਨਾ ਲਿਆ ਹੋਵੇ।
· ਇਸ ਸਕੀਮ ਵਿੱਚ, ਹਰ ਮਹੀਨੇ 50 ਰੁਪਏ ਤੋਂ 200 ਰੁਪਏ ਤੱਕ ਦਾ ਯੋਗਦਾਨ ਦੇਣਾ ਪੈਂਦਾ ਹੈ।
· ਇਸ ਵਿੱਚ ਤੁਹਾਡਾ ਯੋਗਦਾਨ ਤੁਹਾਡੀ ਉਮਰ ’ਤੇ ਨਿਰਭਰ ਕਰਦਾ ਹੈ।