(Source: ECI/ABP News)
ਬੀਜੇਪੀ ਦੀ ਦੂਜੀਆਂ ਪਾਰਟੀਆਂ 'ਚ ਸੰਨ੍ਹ ਲਾਉਣ ਦੀ ਰਣਨੀਤੀ ਫੇਲ੍ਹ! ਬਾਹਰੋਂ ਲਿਆਂਦੇ 25 ਲੀਡਰਾਂ 'ਚੋਂ 20 ਹਾਰੇ
Lok Sabha Election Result:ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦੀ ਦੂਜੀਆਂ ਪਾਰਟੀਆਂ ਤੋਂ ਲੀਡਰ ਲਿਆ ਕੇ ਟਿਕਟਾਂ ਦੇਣ ਦੀ ਰਣਨੀਤੀ ਫੇਲ੍ਹ ਸਾਬਤ ਹੋਈ ਹੈ। ਜਨਤਾ ਨੇ ਲੋਕ ਸਭਾ ਚੋਣਾਂ ਵਿੱਚ ਦਲ-ਬਦਲੂਆਂ ਨੂੰ ਨਕਾਰ ਦਿੱਤਾ ਹੈ।
![ਬੀਜੇਪੀ ਦੀ ਦੂਜੀਆਂ ਪਾਰਟੀਆਂ 'ਚ ਸੰਨ੍ਹ ਲਾਉਣ ਦੀ ਰਣਨੀਤੀ ਫੇਲ੍ਹ! ਬਾਹਰੋਂ ਲਿਆਂਦੇ 25 ਲੀਡਰਾਂ 'ਚੋਂ 20 ਹਾਰੇ BJP's strategy to attack other parties failed Out of 25 leaders brought from outside, 20 lost ਬੀਜੇਪੀ ਦੀ ਦੂਜੀਆਂ ਪਾਰਟੀਆਂ 'ਚ ਸੰਨ੍ਹ ਲਾਉਣ ਦੀ ਰਣਨੀਤੀ ਫੇਲ੍ਹ! ਬਾਹਰੋਂ ਲਿਆਂਦੇ 25 ਲੀਡਰਾਂ 'ਚੋਂ 20 ਹਾਰੇ](https://feeds.abplive.com/onecms/images/uploaded-images/2024/06/05/7b8199f7b01c922a1f03efc30ac614191717590082409700_original.jpg?impolicy=abp_cdn&imwidth=1200&height=675)
Lok Sabha Election Result 2024: ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦੀ ਦੂਜੀਆਂ ਪਾਰਟੀਆਂ ਤੋਂ ਲੀਡਰ ਲਿਆ ਕੇ ਟਿਕਟਾਂ ਦੇਣ ਦੀ ਰਣਨੀਤੀ ਫੇਲ੍ਹ ਸਾਬਤ ਹੋਈ ਹੈ। ਜਨਤਾ ਨੇ ਲੋਕ ਸਭਾ ਚੋਣਾਂ ਵਿੱਚ ਦਲ-ਬਦਲੂਆਂ ਨੂੰ ਨਕਾਰ ਦਿੱਤਾ ਹੈ। ਦਰਅਸਲ, ਚੋਣਾਂ ਤੋਂ ਪਹਿਲਾਂ ਘੱਟੋ-ਘੱਟ 25 ਨੇਤਾ ਦੂਜੀਆਂ ਪਾਰਟੀਆਂ ਤੋਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਨ੍ਹਾਂ ਵਿੱਚੋਂ 20 ਲੀਡਰ ਹਾਰ ਗਏ ਹਨ।
ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਵਾਲੇ 7 ਦਲ-ਬਦਲੂ ਉਮੀਦਵਾਰਾਂ ਵਿੱਚੋਂ ਸਿਰਫ਼ ਦੋ ਹੀ ਜਿੱਤੇ ਹਨ। ਭਾਵ ਜਿੱਤ ਦੀ ਸਟ੍ਰਾਈਕ ਰੇਟ ਲਗਪਗ 28% ਰਹੀ ਹੈ। ਇਹੋ ਹਾਲ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਦਾ ਹੈ। ਇਸ ਲੜੀ ਵਿੱਚ ਅਸ਼ੋਕ ਤੰਵਰ, ਸੀਤਾ ਸੋਰੇਨ, ਰਵਨੀਤ ਬਿੱਟੂ ਤੇ ਪ੍ਰਨੀਤ ਕੌਰ ਭਾਜਪਾ ਵਿੱਚ ਸ਼ਾਮਲ ਹੋ ਕੇ ਚੋਣ ਲੜੇ ਪਰ ਹਾਰ ਗਏ।
ਦਰਅਸਲ ਪਿਛਲੇ ਕੁਝ ਮਹੀਨਿਆਂ 'ਚ ਭਾਜਪਾ 'ਚ ਸ਼ਾਮਲ ਹੋਏ ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਸਿਰਸਾ ਤੋਂ ਕਾਂਗਰਸ ਦੀ ਕੁਮਾਰੀ ਸ਼ੈਲਜਾ ਤੋਂ 2.68 ਲੱਖ ਤੋਂ ਵੱਧ ਵੋਟਾਂ ਨਾਲ ਹਾਰ ਗਏ। ਤੰਵਰ ਨੇ 2019 ਵਿੱਚ ਕਾਂਗਰਸ ਛੱਡ ਦਿੱਤੀ ਸੀ ਤੇ 2022 ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਏ ਸਨ। ਇਸ ਦੌਰਾਨ ਸਾਬਕਾ ਲੋਕ ਸਭਾ ਮੈਂਬਰ ਨੇ ਆਪਣੀ ਪਾਰਟੀ ਵੀ ਬਣਾਈ ਤੇ ਕੁਝ ਸਮੇਂ ਲਈ ਤ੍ਰਿਣਮੂਲ ਕਾਂਗਰਸ ਵਿੱਚ ਵੀ ਸ਼ਾਮਲ ਹੋਏ।
ਝਾਰਖੰਡ ਮੁਕਤੀ ਮੋਰਚਾ ਦੀ ਵਿਧਾਇਕਾ ਸੀਤਾ ਸੋਰੇਨ ਇਸ ਸਾਲ ਮਾਰਚ ਵਿੱਚ ਬੀਜੇਪੀ ਵਿੱਚ ਸ਼ਾਮਲ ਹੋਈ ਸੀ। ਉਹ ਦੁਮਕਾ ਤੋਂ 22,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਚੋਣ ਹਾਰ ਗਈ। ਉਹ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਹੈ। ਭਾਜਪਾ ਵਿੱਚ ਸ਼ਾਮਲ ਹੋਈ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਪਟਿਆਲਾ ਤੋਂ ਚੋਣ ਹਾਰ ਗਈ। ਉਹ ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ 2019 ਵਿੱਚ ਕਾਂਗਰਸ ਉਮੀਦਵਾਰ ਵਜੋਂ ਜਿੱਤਣ ਵਾਲੇ ਤੇ ਮਾਰਚ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਰਵਨੀਤ ਬਿੱਟੂ ਆਪਣੀ ਲੁਧਿਆਣਾ ਸੀਟ ਨਹੀਂ ਬਚਾ ਸਕੇ। ਉਹ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ 20,000 ਤੋਂ ਵੱਧ ਵੋਟਾਂ ਨਾਲ ਚੋਣ ਹਾਰ ਗਏ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਹੇ ਸੁਸ਼ੀਲ ਰਿੰਕੂ ਵੀ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਹ ਆਪਣੀ ਜਲੰਧਰ ਸੀਟ ਵੀ ਨਹੀਂ ਬਚਾ ਸਕੇ। ਉਨ੍ਹਾਂ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਰਾਇਆ ਹੈ।
ਬਿਹਾਰ ਵਿੱਚ ਵੀ ਇਹੋ ਸਥਿਤੀ ਰਹੀ ਹੈ ਜਿੱਥੇ ਜਨਤਾ ਨੇ ਦਲ ਬਦਲੂਆਂ ਨੂੰ ਰੱਦ ਕਰ ਦਿੱਤਾ। ਇਸ ਲੜੀ ਵਿੱਚ ਦੀਪਕ ਯਾਦਵ ਵੀ ਸ਼ਾਮਲ ਹਨ। ਉਹ ਵਾਲਮੀਕਿ ਨਗਰ ਸੀਟ ਤੋਂ ਟਿਕਟ ਨਾ ਮਿਲਣ ਕਰਕੇ ਅਪ੍ਰੈਲ ਵਿੱਚ ਭਾਜਪਾ ਛੱਡ ਆਰਜੇਡੀ ਵਿੱਚ ਸ਼ਾਮਲ ਹੋਏ ਸਨ। ਉਹ ਵੀ ਜੇਡੀਯੂ ਦੇ ਸੁਨੀਲ ਕੁਮਾਰ ਤੋਂ 98,675 ਵੋਟਾਂ ਨਾਲ ਹਾਰ ਗਏ। ਇਸ ਦੇ ਨਾਲ ਹੀ ਮੁਜ਼ੱਫਰਪੁਰ ਸੀਟ 'ਤੇ ਵੀ ਅਜਿਹਾ ਹੀ ਹਾਲ ਰਿਹਾ।
ਦਰਅਸਲ 2019 'ਚ ਭਾਜਪਾ ਦੀ ਟਿਕਟ 'ਤੇ ਮੁਜ਼ੱਫਰਪੁਰ ਸੀਟ ਜਿੱਤਣ ਵਾਲੇ ਅਜੈ ਨਿਸ਼ਾਦ ਨੇ ਟਿਕਟ ਕੱਟੇ ਜਾਣ ਤੋਂ ਬਾਅਦ ਪਾਰਟੀ ਛੱਡ ਦਿੱਤੀ ਸੀ। ਅਜੈ ਨਿਸ਼ਾਦ ਅਪ੍ਰੈਲ 'ਚ ਕਾਂਗਰਸ 'ਚ ਸ਼ਾਮਲ ਹੋ ਗਏ ਸਨ। ਕਾਂਗਰਸ ਨੇ ਮੁਜ਼ੱਫਰਪੁਰ ਤੋਂ ਅਜੇ ਨਿਸ਼ਾਦ ਨੂੰ ਟਿਕਟ ਦਿੱਤੀ ਸੀ।
ਦੂਜੇ ਪਾਸੇ ਰਾਜਭੂਸ਼ਣ ਚੌਧਰੀ ਵੀਆਈਪੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਭਾਜਪਾ ਨੇ ਰਾਜਭੂਸ਼ਣ ਨੂੰ ਟਿਕਟ ਦਿੱਤੀ। ਜਦੋਂ ਚੋਣ ਨਤੀਜੇ ਸਾਹਮਣੇ ਆਏ ਤਾਂ ਭਾਜਪਾ ਦੇ ਰਾਜ ਭੂਸ਼ਣ ਚੌਧਰੀ ਨੇ ਕਾਂਗਰਸ ਦੇ ਅਜੈ ਨਿਸ਼ਾਦ ਨੂੰ 2.34 ਲੱਖ ਤੋਂ ਵੱਧ ਵੋਟਾਂ ਨਾਲ ਹਰਾ ਦਿੱਤਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)