ਦੇਸ਼ ਦੇ ਚਾਰ ਸੂਬਿਆਂ ’ਚ ਜ਼ਿਮਨੀ ਚੋਣਾਂ ਵਿੱਚ ਬੀਜੇਪੀ ਨੂੰ ਝਟਕਾ, ਇੱਕ ਵੀ ਸੀਟ ਹੱਥ ਨਹੀਂ ਆਈ
ਚਾਰ ਸੂਬਿਆਂ ’ਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ। ਦੇਸ਼ ਦੇ ਚਾਰ ਸੂਬਿਆਂ ’ਚ ਇੱਕ ਲੋਕ ਸਭਾ ਤੇ ਚਾਰ ਵਿਧਾਨ ਸਭਾ ਹਲਕਿਆਂ ਲਈ ਹੋਈਆਂ ਜ਼ਿਮਨੀ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੇ ਹੱਥ ਇੱਕ ਵੀ ਸੀਟ ਨਹੀਂ ਆਈ।
ਨਵੀਂ ਦਿੱਲੀ: ਚਾਰ ਸੂਬਿਆਂ ’ਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ। ਦੇਸ਼ ਦੇ ਚਾਰ ਸੂਬਿਆਂ ’ਚ ਇੱਕ ਲੋਕ ਸਭਾ ਤੇ ਚਾਰ ਵਿਧਾਨ ਸਭਾ ਹਲਕਿਆਂ ਲਈ ਹੋਈਆਂ ਜ਼ਿਮਨੀ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੇ ਹੱਥ ਇੱਕ ਵੀ ਸੀਟ ਨਹੀਂ ਆਈ। ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੇ ਬਾਲੀਗੰਜ ਵਿਧਾਨ ਸਭਾ ਸੀਟ ’ਤੇ ਤ੍ਰਿਣਾਮੂਲ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਮਹਾਰਾਸ਼ਟਰ ਤੇ ਉੱਤਰਾਖੰਡ ਦੀਆਂ ਵਿਧਾਨ ਸਭਾ ਸੀਟਾਂ ’ਤੇ ਕਾਂਗਰਸ ਜਦਕਿ ਬਿਹਾਰ ਦੀ ਵਿਧਾਨ ਸਭਾ ਸੀਟ ’ਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਜੇਤੂ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰ ਤੋਂ ਸਿਆਸਤ ’ਚ ਆਏ ਸ਼ਤਰੂਘਨ ਸਿਨਹਾ ਨੇ ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੋਂ ਸ਼ਾਨਦਾਰ ਜਿੱਤ ਦਰਜ ਕੀਤੀ। ਤ੍ਰਿਣਾਮੂਲ ਕਾਂਗਰਸ ਦੇ ਉਮੀਦਵਾਰ ਸ਼ਤਰੂਘਨ ਸਿਨਹਾ ਨੇ ਆਪਣੀ ਨੇੜਲੀ ਵਿਰੋਧੀ ਭਾਜਪਾ ਦੀ ਉਮੀਦਵਾਰ ਅਗਨੀਮਿੱਤਰਾ ਪੌਲ ਨੂੰ 3,03,209 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਉਨ੍ਹਾਂ ਨੂੰ ਕੁੱਲ 6,56,358 ਜਦਕਿ ਅਗਨੀਮਿੱਤਰਾ ਨੂੰ 3,53,149 ਵੋਟਾਂ ਪਈਆਂ ਹਨ।
ਆਸਨਸੋਲ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਬਾਬੁਲ ਸੁਪ੍ਰਿਓ ਆਪਣਾ ਅਸਤੀਫਾ ਦੇ ਕੇ ਪਿਛਲੇ ਸਾਲ ਸਤੰਬਰ ’ਚ ਟੀਐਮਸੀ ’ਚ ਸ਼ਾਮਲ ਹੋ ਗਏ ਸਨ ਜਿਸ ਮਗਰੋਂ ਇੱਥੇ ਉਪ ਚੋਣ ਹੋਈ ਹੈ। ਇਸੇ ਦੌਰਾਨ ਟੀਐਮਸੀ ਉਮੀਦਪਾਰ ਬਾਬੁਲ ਸੁਪ੍ਰਿਓ ਨੇ ਵਿਧਾਨ ਸਭਾ ਹਲਕਾ ਬਾਲੀਗੰਜ ਤੋਂ ਸੀਪੀਆਈ (ਐਮ) ਦੇ ਉਮੀਦਵਾਰ ਸਾਇਰਾ ਸ਼ਾਹ ਹਲੀਮ ਨੂੰ 20,228 ਵੋਟਾਂ ਦੇ ਫਰਕ ਨਾਲ ਹਰਾਇਆ। ਬਾਲੀਗੰਜ ਦੇ ਵਿਧਾਇਕ ਤੇ ਰਾਜ ਸਰਕਾਰ ’ਚ ਮੰਤਰੀ ਸੁਬ੍ਰਤ ਮੁਖਰਜੀ ਦੇ ਦੇਹਾਂਤ ਕਾਰਨ ਇਸ ਸੀਟ ’ਤੇ ਜ਼ਿਮਨੀ ਚੋਣ ਹੋਈ ਹੈ।
ਮਹਾਰਾਸ਼ਟਰ ’ਚ ਸੱਤਾ ’ਤੇ ਕਾਬਜ਼ ਮਹਾ ਵਿਕਾਸ ਅਘਾੜੀ (ਐਮਵੀਏ) ਗੱਠਜੋੜ ਨੂੰ ਉਸ ਸਮੇਂ ਹੋਰ ਹੁਲਾਰਾ ਮਿਲਿਆ ਜਦੋਂ ਕਾਂਗਰਸ ਨੇ ਕੋਲ੍ਹਾਪੁਰ ਉੱਤਰੀ ਵਿਧਾਨ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ’ਚ ਭਾਜਪਾ ਨੂੰ 18 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਦੇ ਨਾਲ ਹੀ ਕਾਂਗਰਸ ਨੇ ਆਪਣੀ ਇਹ ਸੀਟ ਬਰਕਰਾਰ ਰੱਖੀ ਹੈ। ਦਸੰਬਰ 2021 ’ਚ ਕਾਂਗਰਸ ਵਿਧਾਇਕ ਚੰਦਰਕਾਂਤ ਜਾਧਵ ਦੀ ਕਰੋਨਾ ਕਾਰਨ ਮੌਤ ਹੋਣ ਕਾਰਨ ਇਸ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਈ ਹੈ। ਪਾਰਟੀ ਨੇ ਜਾਧਵ ਦੀ ਪਤਨੀ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ।
ਬਿਹਾਰ ’ਚ ਬੋਚਾਹਨ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਵਿਰੋਧੀ ਧਿਰ ਰਾਸ਼ਟਰੀ ਜਨਤਾ ਦਲ ਉਮੀਦਵਾਰ ਅਮਰ ਪਾਸਵਾਨ ਨੇ ਭਾਜਪਾ ਉਮੀਦਵਾਰ ਬੇਬੀ ਕੁਮਾਰੀ ਨੂੰ 35 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਕੇ ਜਿੱਤੀ। ਇਸ ਨਤੀਜੇ ਨੂੰ ਸੂਬੇ ’ਚ ਐਨਡੀਏ ਗੱਠਜੋੜ ਲਈ ਝਟਕਾ ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਛੱਤੀਸਗੜ੍ਹ ਦੀ ਖੈਰਾਗੜ੍ਹ ਵਿਧਾਨ ਸੀਟ ਦੀ ਜ਼ਿਮਨੀ ਚੋਣ ਕਾਂਗਰਸ ਉਮੀਦਵਾਰ ਯਸ਼ੋਦਾ ਵਰਮਾ ਨੇ 20,176 ਵੋਟਾਂ ਨਾਲ ਜਿੱਤੀ ਹੈ। ਉਨ੍ਹਾਂ ਨੂੰ ਕੁੱਲ 87,879 ਜਦਕਿ ਨੇੜਲੇ ਵਿਰੋਧੀ ਭਾਜਪਾ ਉਮੀਦਵਾਰ ਕੋਮਲ ਜੰਘੇਲ ਨੂੰ 67,703 ਵੋਟਾਂ ਹਾਸਲ ਹੋਈਆਂ। ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦੇ ਵਿਧਾਇਕ ਦੇਵਵਰੱਤ ਸਿੰਘ ਦੀ ਨਵੰਬਰ 2021 ’ਚ ਮੌਤ ਹੋਣ ਮਗਰੋਂ ਇਹ ਜ਼ਿਮਨੀ ਚੋਣ ਹੋਈ ਹੈ।