Delhi Liquor Policy Case: ਜੇਲ੍ਹ 'ਚ ਹੀ ਰਹਿਣਗੇ ਅਰਵਿੰਦ ਕੇਜਰੀਵਾਲ! ਸੀਬੀਆਈ ਨੂੰ ਮਿਲਿਆ 3 ਦਿਨ ਦਾ ਰਿਮਾਂਡ
Delhi Liquor Policy Case: ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਸੀਬੀਆਈ ਵੱਲੋਂ ਗ੍ਰਿਫਤਾਰ ਕੀਤੇ ਗਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
Delhi Liquor Policy Case: ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਸੀਬੀਆਈ ਵੱਲੋਂ ਗ੍ਰਿਫਤਾਰ ਕੀਤੇ ਗਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਬੁੱਧਵਾਰ ਯਾਨੀਕਿ ਅੱਜ 26 ਜੂਨ ਨੂੰ ਅਰਵਿੰਦ ਕੇਜਰੀਵਾਲ ਨੂੰ 3 ਦਿਨ ਦੇ ਸੀਬੀਆਈ ਰਿਮਾਂਡ 'ਤੇ ਭੇਜ ਦਿੱਤਾ ਹੈ।
ਸੀਬੀਆਈ ਨੂੰ 29 ਜੂਨ ਨੂੰ ਸ਼ਾਮ 7 ਵਜੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰਨਾ ਹੋਵੇਗਾ। ਸੀਬੀਆਈ ਨੇ ਰਾਊਜ਼ ਐਵੇਨਿਊ ਕੋਰਟ ਵਿੱਚ ਅਰਵਿੰਦ ਕੇਜਰੀਵਾਲ ਦੀ ਪੰਜ ਦਿਨਾਂ ਦੀ ਰਿਮਾਂਡ ਮੰਗੀ ਸੀ। ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ।
ਰਿਮਾਂਡ ਦੌਰਾਨ ਕੇਜਰੀਵਾਲ ਆਪਣੀ ਪਤਨੀ ਸੁਨੀਤਾ ਅਤੇ ਵਕੀਲ ਨਾਲ 30-30 ਮਿੰਟ ਦੀ ਕਰ ਸਕਣਗੇ ਮੁਲਾਕਾਤ
ਅਦਾਲਤ ਨੇ ਰਿਮਾਂਡ ਦੌਰਾਨ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਹਰ ਰੋਜ਼ 30 ਮਿੰਟ ਮਿਲਣ ਦੇ ਨਿਰਦੇਸ਼ ਵੀ ਦਿੱਤੇ ਹਨ। ਇਸ ਦੇ ਨਾਲ ਹੀ ‘ਆਪ’ ਆਗੂ ਨੂੰ ਆਪਣੇ ਵਕੀਲ ਨਾਲ ਹਰ ਰੋਜ਼ 30 ਮਿੰਟ ਮਿਲਣ ਦਾ ਸਮਾਂ ਵੀ ਦਿੱਤਾ ਗਿਆ ਹੈ। ਰਿਮਾਂਡ ਦੌਰਾਨ ਅਦਾਲਤ ਨੇ ਕੇਜਰੀਵਾਲ ਨੂੰ ਉਸ ਦੀਆਂ ਦਵਾਈਆਂ ਅਤੇ ਘਰ ਦਾ ਬਣਿਆ ਖਾਣਾ ਦੇਣ ਦੇ ਵੀ ਨਿਰਦੇਸ਼ ਦਿੱਤੇ ਹਨ।
'ਪੂਰਾ ਸਿਸਟਮ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਵਿਅਕਤੀ ਬਾਹਰ ਨਾ ਆਵੇ': ਸੁਨੀਤਾ ਕੇਜਰੀਵਾਲ
ਇਸ ਤੋਂ ਪਹਿਲਾਂ ਸੁਨੀਤਾ ਕੇਜਰੀਵਾਲ ਨੇ ਸੀਬੀਆਈ ਵੱਲੋਂ ਆਪਣੇ ਪਤੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਪ੍ਰਤੀਕਿਰਿਆ ਦਿੱਤੀ ਸੀ। ਐਕਸ 'ਤੇ ਪੋਸਟ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ 20 ਜੂਨ ਨੂੰ ਜ਼ਮਾਨਤ ਮਿਲ ਗਈ ਹੈ। ਈਡੀ ਨੇ ਤੁਰੰਤ ਸਟੇਅ ਲੈ ਲਿਆ। ਅਗਲੇ ਹੀ ਦਿਨ ਸੀਬੀਆਈ ਨੇ ਉਨ੍ਹਾਂ ਨੂੰ ਮੁਲਜ਼ਮ ਬਣਾ ਕੇ ਅੱਜ ਗ੍ਰਿਫਤਾਰ ਕਰ ਲਿਆ। ਪੂਰਾ ਸਿਸਟਮ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਵਿਅਕਤੀ ਜੇਲ੍ਹ ਤੋਂ ਬਾਹਰ ਨਾ ਆਵੇ। ਇਹ ਕਾਨੂੰਨ ਨਹੀਂ ਹੈ...ਇਹ ਤਾਨਾਸ਼ਾਹੀ ਹੈ, ਇਹ ਐਮਰਜੈਂਸੀ ਹੈ।
ਗ੍ਰਿਫਤਾਰੀ 'ਤੇ ਸੀਬੀਆਈ ਨੇ ਕੀ ਕਿਹਾ?
ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਬਾਰੇ ਸੀਬੀਆਈ ਨੇ ਕਿਹਾ ਕਿ ਜੇਕਰ ਦਿੱਲੀ ਦੇ ਮੁੱਖ ਮੰਤਰੀ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਅੰਤਰਿਮ ਜ਼ਮਾਨਤ ਸਮੇਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਨਾਲ ਮਾਨਯੋਗ ਅਦਾਲਤ ਦੇ ਹੁਕਮਾਂ ’ਤੇ ਗਲਤ ਸੰਦੇਸ਼ ਜਾਵੇਗਾ। ਸੀਬੀਆਈ ਨੇ ਕਿਹਾ ਕਿ ਇਸ ਕਾਰਨ ਕੇਜਰੀਵਾਲ ਨੂੰ ਉਸ ਸਮੇਂ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ।