Congress Foundation Day: ਆਜ਼ਾਦੀ ਤੋਂ 62 ਸਾਲ ਪਹਿਲਾਂ ਅੰਗਰੇਜ਼ਾਂ ਨੇ ਕੀਤੀ ਸੀ ਕਾਂਗਰਸ ਦੀ ਸਥਾਪਨਾ, ਪੜੋ ਦਿਲਚਸਪ ਕਹਾਣੀ
ਆਜ਼ਾਦੀ ਤੋਂ 62 ਸਾਲ ਪਹਿਲਾਂ 28 ਦਸੰਬਰ 1885 ਨੂੰ ਮੁੰਬਈ ਦੇ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਮਹਾਵਿਦਿਆਲਿਆ 'ਚ ਕਾਂਗਰਸ ਦਾ ਜਨਮ ਹੋਇਆ ਸੀ।
ਨਵੀਂ ਦਿੱਲੀ: ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੀ ਅਗਵਾਈ ਕਰਨ ਵਾਲੀ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਅੱਜ 135 ਸਾਲ ਦੀ ਹੋ ਗਈ ਹੈ। ਕਾਂਗਰਸ ਅੱਜ 136ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਹਾਲਾਂਕਿ ਇਨ੍ਹਾਂ ਦਿਨਾਂ 'ਚ ਕਾਂਗਰਸ ਆਪਣੇ ਕਾਫੀ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਹੀ ਹੈ। ਅਗਵਾਈ ਨੂੰ ਲੈਕੇ ਅੰਦਰੂਨੀ ਘਮਸਾਣ ਕਾਰਨ ਪਾਰਟੀ ਦੇ ਵਜੂਦ 'ਤੇ ਬੱਦਲ ਮੰਡਰਾ ਰਹੇ ਹਨ।
ਆਜ਼ਾਦੀ ਤੋਂ 62 ਸਾਲ ਪਹਿਲਾਂ ਕਾਂਗਰਸ ਦੀ ਹੋਈ ਸਥਾਪਨਾ:
ਆਜ਼ਾਦੀ ਤੋਂ 62 ਸਾਲ ਪਹਿਲਾਂ 28 ਦਸੰਬਰ 1885 ਨੂੰ ਮੁੰਬਈ ਦੇ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਮਹਾਵਿਦਿਆਲਿਆ 'ਚ ਕਾਂਗਰਸ ਦਾ ਜਨਮ ਹੋਇਆ ਸੀ। ਸਕੌਟਲੈਂਡ ਦੇ ਇਕ ਰਿਟਾਇਰਡ ਅਧਿਕਾਰੀ ਏਓ ਹਿਊਮ ਨੂੰ ਜਿਉਂਦਿਆ ਹੋਇਆਂ ਕਦੇ ਪਾਰਟੀ ਦੇ ਸੰਸਥਾਪਕ ਦਾ ਦਰਜਾ ਨਹੀਂ ਮਿਲਿਆ। ਸਾਲ 1912 'ਚ ਮੌਤ ਤੋਂ ਬਾਅਦ ਉਨ੍ਹਾਂ ਨੂੰ ਕਾਂਗਰਸ ਦਾ ਸੰਸਥਾਪਕ ਐਲਾਨਿਆ ਗਿਆ। ਕਾਂਗਰਸ ਦੀ ਸਥਾਪਨਾ ਬੇਸ਼ੱਕ ਇਕ ਅੰਗਰੇਜ਼ ਨੇ ਕੀਤੀ ਸੀ ਪਰ ਪਾਰਟੀ ਦਾ ਮੁਖੀ ਭਾਰਤੀ ਨੂੰ ਚੁਣਿਆ ਗਿਆ। 1885 'ਚ 72 ਪ੍ਰਤੀਨਿਧੀਆਂ ਦੀ ਮੌਜੂਦਗੀ 'ਚ ਵਯੋਮੇਸ਼ ਚੰਦਰ ਬੈਨਰਜੀ ਕਾਂਗਰਸ ਦੇ ਪਹਿਲੇ ਪ੍ਰਧਾਨ ਚੁਣੇ ਗਏ।
ਖਾਸ ਗੱਲ ਇਹ ਹੈ ਕਿ ਅੰਗਰੇਜ਼ਾਂ ਨੇ ਹੀ ਯੋਜਨਾ ਬਣਾ ਕੇ ਕਾਂਗਰਸ ਪਾਰਟੀ ਦੀ ਸਥਾਪਨਾ ਕਰਵਾਈ ਸੀ। ਸਾਲ 1857 ਦੌਰਾਨ ਅੰਗਰੇਜ਼ਾਂ ਖਿਲਾਫ ਵਿਰੋਧ ਕਾਫੀ ਵਧ ਗਿਆ ਸੀ। ਅਜਿਹੀ ਸਥਿਤੀ ਨਾਲ ਨਜਿੱਠਣ ਲਈ ਹੀ ਅੰਗਰੇਜ਼ਾਂ ਨੇ ਇਕ ਅਜਿਹਾ ਪਲੇਟਫਾਰਮ ਬਣਾਉਣ ਦੀ ਯੋਜਨਾ ਬਣਾਈ ਜਿੱਥੇ ਸਾਰੇ ਭਾਰਤੀ ਆਪਣੀ ਭੜਾਸ ਕੱਢ ਸਕਣ। ਇਸ ਲਈ ਅੰਗਰੇਜ਼ਾਂ ਨੇ ਏਓ ਹਿਊਮ ਨੂੰ ਚੁਣਿਆ।
38 ਸਾਲ ਨਹਿਰੂ-ਗਾਂਧੀ ਪਰਿਵਾਰ ਪਾਰਟੀ ਦਾ ਪ੍ਰਧਾਨ ਰਿਹਾ
ਸਾਲ 1885 ਤੋਂ ਲੈਕੇ ਹੁਣ ਤਕ ਕਾਂਗਰਸ ਪਾਰਟੀ 'ਚ 88 ਮੁਖੀ ਰਹਿ ਚੁੱਕੇ ਹਨ। ਆਜ਼ਾਦੀ ਤੋਂ ਬਾਅਦ 73 ਸਾਲਾਂ 'ਚ ਕਾਂਗਰਸ ਦੇ 18 ਪ੍ਰਧਾਨ ਬਣੇ। 73 ਸਾਲਾਂ 'ਚ ਜ਼ਿਆਦਾਤਰ ਸਮਾਂ ਨਹਿਰੂ-ਗਾਂਧੀ ਪਰਿਵਾਰ ਤੋਂ ਹੀ ਪ੍ਰਧਾਨ ਰਿਹਾ। 38 ਸਾਲ ਨਹਿਰੂ-ਗਾਂਧੀ ਪਰਿਵਾਰ ਦੇ ਮੈਂਬਰ ਨੇ ਪ੍ਰਧਾਨ ਦਾ ਅਹੁਦਾ ਸੰਭਾਲਿਆ। ਬਾਕੀ 35 ਸਾਲ ਗੈਰ ਨਹਿਰੂ-ਗਾਂਧੀ ਪਰਿਵਾਰ 'ਚੋਂ ਪ੍ਰਧਾਨ ਚੁਣਿਆ ਗਿਆ।
ਨਹਿਰੂ-ਗਾਂਧੀ ਪਰਿਵਾਰ 'ਚੋਂ ਸਭ ਤੋਂ ਪਹਿਲਾਂ ਸਾਲ 1951 'ਚ ਜਵਾਹਰ ਲਾਲ ਲਹਿਰੂ ਨੇ ਪ੍ਰਧਾਨ ਦਾ ਅਹੁਦਾ ਸੰਭਾਲਿਆ। ਇਸ ਤੋਂ ਬਾਅਦ ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਪ੍ਰਧਾਨ ਬਣੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ