ਚੱਕਰਵਾਤੀ ਤੂਫ਼ਾਨ 'ਮੋਂਥਾ' ਦਾ ਕਹਿਰ: ਦਰੱਖਤ ਉਖੜੇ, ਬਿਜਲੀ ਸਪਲਾਈ ਠੱਪ...IMD ਦੀ ਡਰਾਉਣ ਵਾਲੀ ਭਵਿੱਖਬਾਣੀ, ਲਗਾਤਾਰ 6 ਦਿਨ ਪਵੇਗਾ ਭਾਰੀ ਮੀਂਹ!
ਤੂਫ਼ਾਨ ਦੌਰਾਨ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚਲੀਆਂ ਅਤੇ ਲਗਾਤਾਰ ਮੀਂਹ ਪਿਆ, ਜਿਸ ਕਾਰਨ ਕਈ ਇਲਾਕਿਆਂ ਵਿੱਚ ਦਰੱਖਤ ਉਖੜ ਗਏ ਅਤੇ ਬਿਜਲੀ ਦੀ ਸਪਲਾਈ ਠੱਪ ਹੋ ਗਈ।

ਚੱਕਰਵਾਤੀ ਤੂਫ਼ਾਨ ‘ਮੋਂਥਾ’ ਨੇ ਆਂਧਰਾ ਪ੍ਰਦੇਸ਼, ਓਡਿਸ਼ਾ ਅਤੇ ਤਮਿਲਨਾਡੂ ਵਿੱਚ ਭਾਰੀ ਤਬਾਹੀ ਮਚਾਈ ਹੈ। ਓਡਿਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਸਥਿਤੀ ਦੀ ਸਮੀਖਿਆ ਕਰਦੇ ਹੋਏ ਤਿਆਰੀਆਂ ਦਾ ਜਾਇਜ਼ਾ ਲਿਆ। ਤੂਫ਼ਾਨ ਦੌਰਾਨ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚਲੀਆਂ ਅਤੇ ਲਗਾਤਾਰ ਮੀਂਹ ਪਿਆ, ਜਿਸ ਕਾਰਨ ਕਈ ਇਲਾਕਿਆਂ ਵਿੱਚ ਦਰੱਖਤ ਉਖੜ ਗਏ ਅਤੇ ਬਿਜਲੀ ਦੀ ਸਪਲਾਈ ਠੱਪ ਹੋ ਗਈ।
ਅਲੂਰੀ ਜ਼ਿਲ੍ਹੇ ਵਿੱਚ ਤੂਫ਼ਾਨ ਦੌਰਾਨ ਦਰੱਖਤ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ, ਜਦਕਿ 2 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਿੱਗੇ ਦਰੱਖਤਾਂ ਨੂੰ ਹਟਾਉਣ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਬਿਜਲੀ ਬਹਾਲ ਕਰਨ ਲਈ ਆਫ਼ਤ ਪ੍ਰਬੰਧਨ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਇਹ ਗੰਭੀਰ ਚੱਕਰਵਾਤੀ ਤੂਫਾਨ, ਜੋ ਸੋਮਵਾਰ ਤੋਂ ਉੱਤਰ-ਪੱਛਮ ਵੱਲ ਵੱਧ ਰਿਹਾ ਸੀ, ਤੱਟ ਪਾਰ ਕਰਨ ਤੋਂ ਬਾਅਦ ਥੋੜ੍ਹਾ ਕਮਜ਼ੋਰ ਹੋ ਗਿਆ। ਹਾਲਾਂਕਿ, ਇਸ ਕਾਰਨ ਦੱਖਣੀ ਭਾਰਤ ਵਿੱਚ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ। IMD ਨੇ ਕਿਹਾ ਕਿ ਮੋਂਥਾ ਦੇ ਪ੍ਰਭਾਵ ਕਾਰਨ ਤਾਮਿਲਨਾਡੂ ਵਿੱਚ ਅਗਲੇ ਛੇ ਦਿਨਾਂ ਤੱਕ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਅੱਜ ਸਵੇਰੇ ਜਾਰੀ ਕੀਤੇ ਗਏ ਮੌਸਮ ਬੁਲੇਟਿਨ ਵਿੱਚ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਤਾਮਿਲਨਾਡੂ, ਪੁਡੂਚੇਰੀ ਅਤੇ ਕੰਨਿਆਕੁਮਾਰੀ ਸਾਗਰ ਦੇ ਤੱਟਵਰਤੀ ਖੇਤਰਾਂ ਵਿੱਚ 45 ਤੋਂ 55 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜੋ 65 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀਆਂ ਹਨ। ਮਛੇਰਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਦੋਂ ਤੱਕ ਹਾਲਾਤ ਸੁਧਰ ਨਹੀਂ ਜਾਂਦੇ, ਉਹ ਸਮੁੰਦਰ ਵਿੱਚ ਨਾ ਜਾਣ।
ਐਮਰਜੈਂਸੀ ਕੰਟਰੋਲ ਰੂਮ ਅਲਰਟ 'ਤੇ
ਚੇਨਈ ਵਿੱਚ ਆਸਮਾਨ ਜ਼ਿਆਦਾਤਰ ਬੱਦਲਵਾਈ ਵਾਲਾ ਰਹਿਣ ਦੀ ਉਮੀਦ ਹੈ, ਜਿਸ ਵਿੱਚ ਕੁਝ ਖੇਤਰਾਂ ਵਿੱਚ ਰੁਕ-ਰੁਕ ਕੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਗ੍ਰੇਟਰ ਚੇਨਈ ਕਾਰਪੋਰੇਸ਼ਨ ਅਤੇ ਤਾਮਿਲਨਾਡੂ ਆਫ਼ਤ ਪ੍ਰਬੰਧਨ ਅਥਾਰਟੀ ਨੇ ਸੰਭਾਵਿਤ ਮੀਂਹ ਨਾਲ ਸਬੰਧਤ ਘਟਨਾਵਾਂ ਨੂੰ ਸੰਭਾਲਣ ਲਈ ਸਾਰੇ ਐਮਰਜੈਂਸੀ ਕੰਟਰੋਲ ਰੂਮਾਂ ਨੂੰ ਅਲਰਟ 'ਤੇ ਰੱਖਿਆ ਹੈ। ਤਾਮਿਲਨਾਡੂ ਦੇ ਅਧਿਕਾਰੀਆਂ ਨੇ ਸਥਾਨਕ ਪ੍ਰਸ਼ਾਸਨ ਨੂੰ ਦਰਿਆਵਾਂ ਅਤੇ ਜਲ ਭੰਡਾਰਾਂ ਵਿੱਚ ਪਾਣੀ ਦੇ ਪੱਧਰ ਦੀ ਨੇੜਿਓਂ ਨਿਗਰਾਨੀ ਕਰਨ ਅਤੇ ਨੀਵੇਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰੋਕਥਾਮ ਦੇ ਕਦਮ ਚੁੱਕਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।
ਸਕੂਲ ਤੋਂ ਲੈ ਕੇ ਆਂਗਨਵਾੜੀ ਕੇਂਦਰ ਬੰਦ
ਓਡਿਸ਼ਾ ਵਿੱਚ ‘ਮੋਂਥਾ’ ਤੂਫ਼ਾਨ ਦਾ ਅਸਰ ਸਪੱਸ਼ਟ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਦੱਖਣੀ ਇਲਾਕਿਆਂ ਦੇ 8 ਜ਼ਿਲ੍ਹਿਆਂ ‘ਚ 2000 ਤੋਂ ਵੱਧ ਰਾਹਤ ਕੇਂਦਰ ਚਾਲੂ ਕਰ ਦਿੱਤੇ ਹਨ। ਹੁਣ ਤੱਕ 11,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ, ਜਦਕਿ 30 ਹਜ਼ਾਰ ਹੋਰ ਲੋਕਾਂ ਨੂੰ ਸੁਰੱਖਿਅਤ ਥਾਂ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। 30 ODRF ਟੀਮਾਂ, 123 ਅੱਗ ਬੁਝਾਊ ਦਲ ਅਤੇ NDRF ਦੀਆਂ 5 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਰਾਜ ਸਰਕਾਰ ਨੇ 9 ਜ਼ਿਲ੍ਹਿਆਂ ਵਿੱਚ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਨੂੰ 30 ਅਕਤੂਬਰ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਸੈਲਾਨੀਆਂ ਲਈ ਦੇਵਮਾਲੀ ਅਤੇ ਮਹਿੰਦਰਗਿਰੀ ਪਹਾੜੀਆਂ ਵਿੱਚ ਦਾਖ਼ਲਾ ਮਨ੍ਹਾ ਕਰ ਦਿੱਤਾ ਗਿਆ ਹੈ। ਮਛੇਰਿਆਂ ਨੂੰ 29 ਅਕਤੂਬਰ ਤੱਕ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।






















