Farmers Protest: ਖਨੌਰੀ ਬਾਰਡਰ ’ਤੇ ਕਿਸਾਨਾਂ ਦੇ ਪੱਕੇ ਜੁਗਾੜ! ਲੋਹੇ ਦੀਆਂ ਪੱਤੀਆਂ ਜੜ੍ਹ ਟਰਾਲੀਆਂ ਕੀਤੀਆਂ ਵੈਲਡਿੰਗ, ਬੋਲੇ...ਹੁਣ ਪੁਲਿਸ ਲਾ ਲਵੇ ਪੂਰਾ ਜ਼ੋਰ
Farmers Protest: ਖਨੌਰੀ ਬਾਰਡਰ ’ਤੇ ਕਿਸਾਨਾਂ ਨੇ ਪੁਲਿਸ ਨੂੰ ਰੋਕਣ ਲਈ ਪੱਕੇ ਜੁਗਾੜ ਕਰ ਲਏ ਹਨ। ਕਿਸਾਨਾਂ ਨੇ ਪੰਡਾਲ ਦੁਆਲੇ ਖੜ੍ਹੀਆਂ ਟਰਾਲੀਆਂ ਨੂੰ ਲੋਹੇ ਦੀਆਂ ਪੱਤੀਆਂ ਨਾਲ ਵੈਲਡਿੰਗ ਕਰ ਦਿੱਤਾ ਹੈ।
Farmers Protest: ਖਨੌਰੀ ਬਾਰਡਰ ’ਤੇ ਕਿਸਾਨਾਂ ਨੇ ਪੁਲਿਸ ਨੂੰ ਰੋਕਣ ਲਈ ਪੱਕੇ ਜੁਗਾੜ ਕਰ ਲਏ ਹਨ। ਕਿਸਾਨਾਂ ਨੇ ਪੰਡਾਲ ਦੁਆਲੇ ਖੜ੍ਹੀਆਂ ਟਰਾਲੀਆਂ ਨੂੰ ਲੋਹੇ ਦੀਆਂ ਪੱਤੀਆਂ ਨਾਲ ਵੈਲਡਿੰਗ ਕਰ ਦਿੱਤਾ ਹੈ। ਮਰਨ ਵਰਤ ਉਪਰ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਵੱਲੋਂ ਮੁੜ ਚੁੱਕਣ ਦੀਆਂ ਕਨਸੋਆਂ ਮਗਰੋਂ ਕਿਸਾਨਾਂ ਨੇ ਪੰਡਾਲ ਦੁਆਲੇ ਸਖਤ ਪ੍ਰਬੰਧ ਕਰ ਦਿੱਤੇ ਹਨ। ਕਿਸਾਨਾਂ ਦਾ ਕਹਿਣਾ ਹੈ ਹੁਣ ਪੁਲਿਸ ਨੂੰ ਕਿਸੇ ਵੀ ਕੀਮਤ ਉਪਰ ਪੰਡਾਲ ਦੇ ਨੇੜੇ ਨਹੀਂ ਆਉਣ ਦਿੱਤਾ ਜਾਏਗਾ।
ਦਰਅਸਲ ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 21ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਕੇਂਦਰ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਡੱਲੇਵਾਲ ਨਾਲ ਮਿਲ ਕੇ ਮਰਨ ਵਰਤ ਖ਼ਤਮ ਕਰਨ ਦੀ ਵਾਰ-ਵਾਰ ਅਪੀਲ ਕੀਤੀ ਪਰ ਉਹ ਆਪਣੇ ਇਰਾਦੇ ਉਪਰ ਦ੍ਰਿੜ੍ਹ ਹਨ। ਮੈਡੀਕਲ ਟੀਮਾਂ ਵੱਲੋਂ ਡੱਲੇਵਾਲ ਦੀ ਸਿਹਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਪਰ ਉਨ੍ਹਾਂ ਦੀ ਹਾਲਤ ’ਚ ਨਿਘਾਰ ਆਉਂਦਾ ਜਾ ਰਿਹਾ ਹੈ।
ਉਧਰ, ਡੱਲੇਵਾਲ ਨੂੰ ਹਿਰਾਸਤ ਵਿੱਚ ਲੈਣ ਦੇ ਖ਼ਦਸ਼ੇ ਕਾਰਨ ਕਿਸਾਨਾਂ ਨੇ ਪੂਰੇ ਪੰਡਾਲ ਦੀ ਮੋਰਚਾਬੰਦੀ ਕਰ ਦਿੱਤੀ ਹੈ। ਪੂਰੇ ਪੰਡਾਲ ਦੁਆਲੇ ਟਰਾਲੀਆਂ ਖੜ੍ਹੀਆਂ ਕਰਕੇ ਲੋਹੇ ਦੀਆਂ ਪੱਤੀਆਂ ਨਾਲ ਵੈਲਡਿੰਗ ਕਰ ਦਿੱਤੀ ਗਈ ਹੈ ਤਾਂ ਜੋ ਪੁਲਿਸ ਪੰਡਾਲ ਤੱਕ ਨਾ ਪੁੱਜ ਸਕੇ। ਪੰਡਾਲ ਦੇ ਦੁਆਲੇ ਕਿਸਾਨਾਂ ਵੱਲੋਂ ਲਗਾਤਾਰ ਸਖ਼ਤ ਪਹਿਰਾ ਵੀ ਦਿੱਤਾ ਜਾ ਰਿਹਾ ਹੈ। ਉਂਜ ਸੁਪਰੀਮ ਕੋਰਟ ਦੇ ਦਖ਼ਲ ਮਗਰੋਂ ਪੰਜਾਬ ਪੁਲਿਸ ਵੀ ਮੁਸਤੈਦ ਹੋ ਗਈ ਹੈ ਤੇ ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਦਾ ਸਿਹਤ ਅਮਲਾ ਵੀ ਬਾਰਡਰ ’ਤੇ ਤਾਇਨਾਤ ਹੈ।
ਪੰਜਾਬ ਭਰ ’ਚੋਂ ਕਿਸਾਨਾਂ ਦੇ ਕਾਫਲੇ ਖਨੌਰੀ ਬਾਰਡਰ ਉੱਤੇ ਪੁੱਜਣੇ ਸ਼ੁਰੂ ਹੋ ਗਏ ਹਨ। ਲੋਕ ਪਰਿਵਾਰਾਂ ਸਮੇਤ ਅੰਦੋਲਨ ਵਾਲੀ ਥਾਂ ’ਤੇ ਪੁੱਜ ਰਹੇ ਹਨ। ਹਰਿਆਣਾ ਤੋਂ ਵੀ ਵੱਡੀ ਗਿਣਤੀ ਕਿਸਾਨ ਇਥੇ ਪੁੱਜ ਰਹੇ ਹਨ। ਇਸ ਦੇ ਨਾਲ ਹੀ ਸਿਆਸੀ ਲੀਡਰ ਵੀ ਖਨੌਰੀ ਬਾਰਡਰ ਪਹੁੰਚ ਰਹੇ ਹਨ। ਹੁਣ ਤੱਕ ਅੰਦੋਲਨ ਦਾ ਕੇਂਦਰ ਬਿੰਦੂ ਸ਼ੰਭੂ ਬਾਰਡਰ ਸੀ ਪਰ ਹੁਣ ਖਨੌਰੀ ਬਾਰਡਰ ਉਪਰ ਵੱਡੀ ਗਣਤੀ ਕਿਸਾਨ ਪਹੁੰਚ ਰਹੇ ਹਨ।
ਉਧਰ, ਅੰਦੋਲਨ ਤੋਂ ਅਜੇ ਤੱਕ ਲਾਂਭੇ ਚੱਲ ਰਹੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਅੰਦਰ ਵੀ ਹਿੱਲਜੁਲ ਸ਼ੁਰੂ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ 23 ਦਸੰਬਰ ਨੂੰ ਪੰਜਾਬ ਸਮੇਤ ਦੇਸ਼ ਦੇ ਸਮੂਹ ਸੂਬਿਆਂ ’ਚ ਜ਼ਿਲ੍ਹਾ ਹੈੱਕੁਆਰਟਰਾਂ ’ਤੇ ਧਰਨੇ ਦਿੱਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਵਿਰੋਧੀ ਤਿੰਨ ਬਿੱਲਾਂ ਨੂੰ ਲੁਕਵੇਂ ਰੂਪ ’ਚ ਲਾਗੂ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ।
ਉਗਰਾਹਾਂ ਨੇ ਕਿਹਾ ਕਿ ਬਿੱਲਾਂ ਸਬੰਧੀ ਕੀਤੀ ਗਈ ਡਰਾਫਟਿੰਗ ਇਸ ਵੱਲ ਹੀ ਇਸ਼ਾਰਾ ਕਰਦੀ ਹੈ। ਉਨ੍ਹਾਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗੰਭੀਰ ਹਾਲਤ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਗੱਲਬਾਤ ਲਈ ਸੰਜੀਦਾ ਨਹੀਂ। ਉਗਰਾਹਾਂ ਨੇ ਕਿਹਾ ਕਿ ਡੱਲੇਵਾਲ ਦੀ ਨਾਜ਼ੁਕ ਸਿਹਤ ਨੂੰ ਨਜ਼ਰਅੰਦਾਜ਼ ਕਰਨਾ ਕੇਂਦਰੀ ਹਕੂਮਤ ਦੇ ਬੇਰਹਿਮ ਹੋਣ ਦੀ ਤਰਜਮਾਨੀ ਹੈ। ਉਨ੍ਹਾਂ ਦਿੱਲੀ ਕੂਚ ਕਰ ਰਹੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਦਾਗਣ ਦੀ ਵੀ ਜ਼ੋਰਦਾਰ ਸ਼ਬਦਾਂ ’ਚ ਨਿੰਦਾ ਕੀਤੀ ਹੈ।