ਜੇਕਰ ਕਰਫ਼ਿਊ ਦੀ ਕੀਤੀ ਉਲੰਘਣਾ ਤਾਂ FIR ਦੀ ਹੋਵੇਗੀ 'ਹੋਮ ਡਿਲੀਵਰੀ'
ਕਰਫਿਊ ਤੋੜਨ ਮਗਰੋਂ ਘਰਾਂ 'ਚ ਲੁਕਣ ਵਾਲੇ ਲੋਕਾਂ ਨੂੰ ਸਬਕ ਸਿਖਾਇਆ ਜਾਵੇਗਾ, ਜਿਸ ਲਈ ਐਫਆਈਆਰ ਦੀ 'ਹੋਮ ਡਿਲੀਵਰੀ' ਦੀ ਤਿਆਰੀ ਕੀਤੀ ਜਾ ਰਹੀ ਹੈ।
ਇੰਦੌਰ: ਦੇਸ਼ 'ਚ ਕੋਰੋਨਾ ਵਾਇਰਸ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ 'ਚੋਂ ਇੱਕ ਇੰਦੌਰ ਹੈ। ਇੱਥੋਂ ਦੀ ਪੁਲਿਸ ਨੇ ਹੁਣ ਹਾਲਾਤ 'ਤੇ ਕੰਟਰੋਲ ਬਰਕਰਾਰ ਰੱਖਣ ਲਈ ਆਪਣੇ ਕੰਮ ਕਰਨ ਦਾ ਤਰੀਕਾ ਬਦਲਣ ਦਾ ਮਨ ਬਣਾਇਆ ਹੈ। ਇਸ ਤਹਿਤ ਕਰਫਿਊ ਤੋੜਨ ਮਗਰੋਂ ਘਰਾਂ 'ਚ ਲੁਕਣ ਵਾਲੇ ਲੋਕਾਂ ਨੂੰ ਸਬਕ ਸਿਖਾਇਆ ਜਾਵੇਗਾ, ਜਿਸ ਲਈ ਐਫਆਈਆਰ ਦੀ 'ਹੋਮ ਡਿਲੀਵਰੀ' ਦੀ ਤਿਆਰੀ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਸ਼ਹਿਰ ਦੇ ਕਈ ਲੋਕ ਗਸ਼ਤ ਦੌਰਾਨ ਤਾਂ ਆਪਣੇ ਘਰਾਂ 'ਚ ਰਹਿੰਦੇ ਹਨ ਪਰ ਜਿਵੇਂ ਹੀ ਪੁਲਿਸ ਦੀ ਗਸ਼ਤ ਖ਼ਤਮ ਹੁੰਦੀ ਹੈ ਤਾਂ ਉਹ ਬਿਨਾਂ ਵਜ੍ਹਾ ਕਰਫਿਊ ਤੋੜਦਿਆਂ ਬਾਹਰ ਘੁੰਮਦੇ ਹਨ। ਡ੍ਰੋਨ ਕੈਮਰਿਆਂ ਦੀ ਮਦਦ ਨਾਲ ਪੁਲਿਸ ਅਜਿਹੇ ਲੋਕਾਂ ਦੀ ਪਛਾਣ ਕਰ ਰਹੀ ਹੈ।
ਸੀਐਪੀ ਪੁਨੀਤ ਗਹਿਲੋਤ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮਗਰੋਂ ਧਾਰਾ 188 ਅਤੇ ਧਾਰਾ 269 ਦੇ ਤਹਿਤ ਐਫਆਈਆਰ ਦਰਜ ਕੀਤੀ ਜਾਵੇਗੀ। ਐਫਆਈਆਰ ਦੀ ਕਾਪੀ ਇਨ੍ਹਾਂ ਦੇ ਘਰ ਪਹੁੰਚਾ ਦਿੱਤੀ ਜਾਵੇਗੀ ਤੇ ਬਾਅਦ 'ਚ ਕਾਨੂੰਨ ਦੇ ਤਹਿਤ ਠੋਸ ਕਦਮ ਚੁੱਕੇ ਜਾਣਗੇ।
ਉਨ੍ਹਾਂ ਦੱਸਿਆ ਕਿ ਹਾਲ ਹੀ 'ਚ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ 'ਚ ਜਾਂਚ ਦੌਰਾਨ ਉਹ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ। ਨਤੀਜਾ ਇਹ ਹੋਇਆ ਕਿ ਇਕ ਪੁਲਿਸ ਥਾਣੇ ਦੇ ਕਰੀਬ ਪੂਰੇ ਸਟਾਫ਼ ਨੂੰ ਕੁਆਰੰਟੀਨ ਕੀਤਾ ਗਿਆ।
ਅਧਿਕਾਰਤ ਜਾਣਕਾਰੀ ਮੁਤਾਬਕ ਇੰਦੌਰ ਜ਼ਿਲ੍ਹੇ 'ਚ ਕੋਵਿਡ-19 ਦੇ 696 ਮਰੀਜ਼ ਮਿਲੇ ਹਨ, ਜਿੰਨ੍ਹਾਂ 'ਚ ਇਕ ਏਐਸਪੀ ਅਤੇ ਦੋ ਥਾਣਾ ਮੁਖੀ ਸ਼ਾਮਲ ਹਨ। ਇਨ੍ਹਾਂ 'ਚੋਂ 39 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ।