ਸਰਕਾਰ ਨੇ ਵਧਾਈ ਸੋਨੇ ਦੇ ਗਹਿਣਿਆਂ ਲਈ ਹਾਲਮਾਰਕਿੰਗ ਦੀ ਅੰਤਮ ਮਿਆਦ, 15 ਜੂਨ ਤੋਂ ਸ਼ੁਰੂ ਹੋਵੇਗੀ ਹਾਲਮਾਰਕ ਵਿਵਸਥਾ
ਧਿਆਨ ਯੋਗ ਹੈ ਕਿ ਨਵੰਬਰ 2019 'ਚ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ 15 ਜਨਵਰੀ 2021 ਤੋਂ ਸੋਨੇ ਦੇ ਗਹਿਣਿਆਂ ਅਤੇ ਕਲਾਤਮਕ ਚੀਜ਼ਾਂ 'ਤੇ ਹਾਲਮਾਰਕਿੰਗ ਲਾਜ਼ਮੀ ਕੀਤੀ ਜਾਵੇ।
ਨਵੀਂ ਦਿੱਲੀ: ਕੇਂਦਰ ਨੇ ਸੋਮਵਾਰ ਨੂੰ ਸੋਨੇ ਦੇ ਗਹਿਣਿਆਂ ਅਤੇ ਕਲਾਤਮਕ ਚੀਜ਼ਾਂ ਲਈ ਹਾਲਮਾਰਕਿੰਗ ਲਾਜ਼ਮੀ ਲਾਗੂ ਕਰਨ ਲਈ ਆਖਰੀ ਤਰੀਕ 15 ਜੂਨ ਤਕ ਵਧਾ ਦਿੱਤੀ ਹੈ। ਇਸ ਬਾਰੇ ਫ਼ੈਸਲਾ ਉਪਭੋਗਤਾ ਮਾਮਲਿਆਂ ਬਾਰੇ ਮੰਤਰੀ ਪੀਯੂਸ਼ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਲਿਆ ਗਿਆ।
ਧਿਆਨ ਯੋਗ ਹੈ ਕਿ ਨਵੰਬਰ 2019 'ਚ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ 15 ਜਨਵਰੀ 2021 ਤੋਂ ਸੋਨੇ ਦੇ ਗਹਿਣਿਆਂ ਅਤੇ ਕਲਾਤਮਕ ਚੀਜ਼ਾਂ 'ਤੇ ਹਾਲਮਾਰਕਿੰਗ ਲਾਜ਼ਮੀ ਕੀਤੀ ਜਾਵੇ। ਹਾਲਾਂਕਿ ਸੁਨਿਆਰਿਆਂ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਸਮਾਂ ਸੀਮਾ ਵਧਾਏ ਜਾਣ ਦੀ ਮੰਗ ਤੋਂ ਬਾਅਦ ਇਸ ਨੂੰ ਚਾਰ ਮਹੀਨੇ ਹੋਰ ਅੱਗੇ ਵਧਾ ਕੇ 1 ਜੂਨ ਕਰ ਦਿੱਤਾ ਗਿਆ ਸੀ। ਗੋਲਡ ਹਾਲਮਾਰਕਿੰਗ ਕੀਮਤੀ ਧਾਤ ਦੀ ਸ਼ੁੱਧਤਾ ਨੂੰ ਸਾਬਤ ਕਰਦੀ ਹੈ ਅਤੇ ਮੌਜੂਦਾ ਸਮੇਂ ਸਵੈਇੱਛਤ ਹੈ।
ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ, "ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਨੇ ਸਬੰਧਤ ਧਿਰਾਂ ਦੀ ਇਸ ਨੂੰ ਲਾਗੂ ਕਰਨ ਅਤੇ ਇਸ ਨਾਲ ਜੁੜੇ ਮੁੱਦਿਆਂ ਦੇ ਹੱਲ ਲਈ ਵਧੇਰੇ ਸਮਾਂ ਦੇਣ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ।" ਬਿਆਨ ਮੁਤਾਬਕ ਸੋਨੇ ਦੇ ਗਹਿਣਿਆਂ 'ਤੇ ਹਾਲਮਾਰਕਿੰਗ ਦੀ ਵਿਵਸਥਾ 15 ਜੂਨ ਤੋਂ ਸ਼ੁਰੂ ਹੋਵੇਗੀ। ਇਸ ਨੂੰ ਪਹਿਲਾਂ 1 ਜੂਨ 2021 ਤੋਂ ਲਾਗੂ ਕੀਤਾ ਜਾਣਾ ਸੀ।
ਢੁੱਕਵੇਂ ਤਾਲਮੇਲ ਨੂੰ ਯਕੀਨੀ ਬਣਾਉਣ ਅਤੇ ਲਾਗੂ ਕਰਨ ਦੇ ਮਸਲਿਆਂ ਦੇ ਹੱਲ ਲਈ ਡਾਇਰੈਕਟਰ ਜਨਰਲ ਆਫ਼ ਇੰਡੀਅਨ ਸਟੈਂਡਰਡਜ਼ (ਬੀ.ਆਈ.ਐਸ.) ਪ੍ਰਮੋਦ ਤਿਵਾੜੀ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ 'ਚ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਸਕੱਤਰ ਨਿਧੀ ਖਰੇ ਅਤੇ ਜਿਊਲਰਸ ਐਸੋਸੀਏਸ਼ਨ, ਵਪਾਰ ਅਤੇ ਹਾਲਮਾਰਕਿੰਗ ਸੰਸਥਾਵਾਂ ਦੇ ਪ੍ਰਤੀਨਿੱਧ ਵੀ ਸ਼ਾਮਲ ਹੋਣਗੇ।
ਇਸ ਮੌਕੇ ਮੰਤਰੀ ਨੇ ਕਿਹਾ, "ਸੋਨੇ ਦੇ ਗਹਿਣਿਆਂ 'ਚ ਭਾਰਤ ਕੋਲ ਦੁਨੀਆਂ ਦੇ ਸਭ ਤੋਂ ਵਧੀਆ ਮਿਆਰ ਹੋਣੇ ਚਾਹੀਦੇ ਹਨ।" ਉਨ੍ਹਾਂ ਕਿਹਾ ਕਿ ਸੋਨੇ ਦੇ ਗਹਿਣਿਆਂ ਨੂੰ ਲੈ ਕੇ ਭਰੋਸਾ ਅਤੇ ਗਾਹਕਾਂ ਦੀ ਸੰਤੁਸ਼ਟੀ ਵਧਾਉਣ ਲਈ ਸ਼ੁੱਧਤਾ ਤੇ ਗੁਣਵੱਤਾ ਬਾਰੇ ਤੀਜੀ ਧਿਰ ਦੇ ਭਰੋਸੇ ਨਾਲ ਗਹਿਣਿਆਂ/ਕਲਾਤਮਕ ਚੀਜ਼ਾਂ ਦੀ ਹਾਲਮਾਰਕਿੰਗ ਜ਼ਰੂਰੀ ਹੈ।
ਗੋਇਲ ਨੇ ਕਿਹਾ, "ਇਹ ਕਦਮ ਭਾਰਤ ਨੂੰ ਦੁਨੀਆਂ 'ਚ ਇਕ ਵੱਡੇ ਸੋਨੇ ਦੇ ਬਾਜ਼ਾਰ ਕੇਂਦਰ ਵਜੋਂ ਵਿਕਸਤ ਕਰਨ 'ਚ ਮਦਦ ਕਰੇਗਾ।" ਬਿਆਨ ਅਨੁਸਾਰ 15 ਜੂਨ ਤੋਂ ਗਹਿਣਿਆਂ ਨੂੰ ਸਿਰਫ਼ 14, 18 ਅਤੇ 22 ਕੈਰੇਟ ਦੇ ਸੋਨੇ ਦੇ ਗਹਿਣਿਆਂ ਦੀ ਵਿਕਰੀ ਦੀ ਮਨਜ਼ੂਰੀ ਦਿੱਤੀ ਜਾਵੇਗੀ। ਬੀਆਈਐਸ ਅਪ੍ਰੈਲ 2000 ਤੋਂ ਸੋਨੇ ਦੇ ਗਹਿਣਿਆਂ ਲਈ ਹਾਲਮਾਰਕਿੰਗ ਸਕੀਮ ਚਲਾ ਰਹੀ ਹੈ। ਮੌਜੂਦਾ ਸਮੇਂ 'ਚ ਲਗਭਗ 40 ਫ਼ੀਸਦੀ ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਕੀਤੀ ਜਾ ਰਹੀ ਹੈ।