Parliament Session: ਸੰਸਦ ’ਚ ਮੱਚਿਆ ਹੰਗਾਮਾ! ਮੰਤਰੀ ਨੇ 'ਗੂਗਲ ਟਰਾਂਸਲੇਟ' ਰਾਹੀਂ ਜਵਾਬ ਕਰ ਦਿੱਤੇ ਪੇਸ਼
ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ ਲਲਨ ਨੇ ਪ੍ਰਗਟਾਵਾ ਕੀਤਾ ਹੈ ਕਿ ਸਰਕਾਰੀ ਵਿਭਾਗ ਅੰਗਰੇਜ਼ੀ ਤੋਂ ਹਿੰਦੀ ਅਨੁਵਾਦ ਲਈ ‘ਗੂਗਲ ਟਰਾਂਸਲੇਟ’ ਦੀ ਵਰਤੋਂ ਕਰਦੇ ਹਨ, ਜਿਸ ’ਤੇ ਵਿਰੋਧੀ ਧਿਰ ਨੇ ਸਖ਼ਤ ਇਤਰਾਜ਼ ਪ੍ਰਗਟਾਇਆ।

ਮੱਛੀ ਪਾਲਨ, ਪਸ਼ੂ ਪਾਲਨ ਅਤੇ ਡੇਅਰੀ ਮੰਤਰੀ ਰਾਜੀਵ ਰੰਜਨ ਸਿੰਘ ਲਲਨ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਕਿਹਾ ਕਿ ਸਰਕਾਰੀ ਵਿਭਾਗ ਅੰਗ੍ਰੇਜ਼ੀ ਤੋਂ ਹਿੰਦੀ ਅਨੁਵਾਦ ਲਈ ‘ਗੂਗਲ ਟਰਾਂਸਲੇਟ’ ਦੀ ਵਰਤੋਂ ਕਰਦੇ ਹਨ, ਜਿਸ ’ਤੇ ਵਿਰੋਧੀ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਦੇ ਜਵਾਬ ਦੇ ਹਿੰਦੀ ਸੰਸਕਰਣ ਵਿੱਚ ਗਲਤੀਆਂ ਹਨ।
ਅੰਗਰੇਜ਼ੀ ਤੋਂ ਹਿੰਦੀ ਕਰਨ ਲਈ ਗੂਗਲ ਟਰਾਂਸਲੇਟ ਦਾ ਪ੍ਰਯੋਗ ਕਰਦੇ ਨੇ ਸਰਕਾਰੀ ਵਿਭਾਗ
ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ ਲਲਨ ਨੇ ਪ੍ਰਗਟਾਵਾ ਕੀਤਾ ਹੈ ਕਿ ਸਰਕਾਰੀ ਵਿਭਾਗ ਅੰਗਰੇਜ਼ੀ ਤੋਂ ਹਿੰਦੀ ਅਨੁਵਾਦ ਲਈ ‘ਗੂਗਲ ਟਰਾਂਸਲੇਟ’ ਦੀ ਵਰਤੋਂ ਕਰਦੇ ਹਨ, ਜਿਸ ’ਤੇ ਵਿਰੋਧੀ ਧਿਰ ਨੇ ਸਖ਼ਤ ਇਤਰਾਜ਼ ਪ੍ਰਗਟਾਇਆ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕਾਂਗਰਸ ਸੰਸਦ ਮੈਂਬਰ ਅਖਿਲੇਸ਼ ਪ੍ਰਸਾਦ ਸਿੰਘ ਨੇ ਦੁੱਧ ਉਤਪਾਦਨ ਬਾਰੇ ਲਲਨ ਦੇ ਮੰਤਰਾਲੇ ਦੇ ਜਵਾਬ ਦੇ ਹਿੰਦੀ ਸੰਸਕਰਣ ’ਚ ਫ਼ਰਕ ਵੱਲ ਇਸ਼ਾਰਾ ਕੀਤਾ।
ਅਖਿਲੇਸ਼ ਪ੍ਰਸਾਦ ਸਿੰਘ ਨੇ ਮੰਤਰੀ ਦੀ ਆਲੋਚਨਾ ਕਰਦਿਆਂ ਕਿਹਾ, 'ਤੁਹਾਡਾ ਮੰਤਰਾਲਾ ਸੰਸਦ ਨੂੰ ਜਵਾਬ ਦੇਣ ’ਚ ਇੰਨੀ ਲਾਪਰਵਾਹੀ ਵਰਤ ਰਿਹਾ ਹੈ।' ਉਨ੍ਹਾਂ ਨੇ ਮੰਤਰਾਲੇ ਦੇ ਜਵਾਬਾਂ ’ਚ ਗਲਤੀਆਂ ਨੂੰ ਉਜਾਗਰ ਕੀਤਾ, ਜਿਵੇਂ ਕਿ ਹਿੰਦੀ ਸ਼ਬਦ ‘ਵਿਆਏ’ ਦੀ ਵਰਤੋਂ ‘ਖਰਚੇ’ ਅਤੇ ‘ਵਰਤੋਂ’ ਦੋਹਾਂ ਲਈ ਕੀਤੀ ਜਾ ਰਹੀ।
ਦੋ ਲਾਈਨਾਂ ਹੀ ਗਾਇਬ ਕਰ ਦਿੱਤੀਆਂ
ਕਾਂਗਰਸ ਮੈਂਬਰ ਨੇ ਕਿਹਾ ਕਿ ਹਿੰਦੀ ਵਿੱਚ ਉੱਤਰ ਦੇਣ ਵਿੱਚ ਲਾਪਰਵਾਹੀ ਇੱਥੇ ਹੀ ਖਤਮ ਨਹੀਂ ਹੁੰਦੀ। ਉੱਤਰ ਦੇ ਅੰਗ੍ਰੇਜ਼ੀ ਸੰਸਕਰਣ ਵਿੱਚ ਦੋ ਲਾਈਨਾਂ ਹਨ, ਜੋ ਕਿ ਹਿੰਦੀ ਸੰਸਕਰਣ ਵਿੱਚ ਗਾਇਬ ਹਨ। ਮੰਤਰੀ ਖੁਦ ਇੱਕ ਹਿੰਦੀ-ਭਾਸ਼ੀ ਰਾਜ (ਬਿਹਾਰ) ਤੋਂ ਆਉਂਦੇ ਹਨ ਅਤੇ ਇੱਕ ਵਿਦਵਾਨ ਵਿਅਕਤੀ ਹਨ। ਤੁਹਾਡਾ ਮੰਤਰਾਲਾ ਸੰਸਦ ਨੂੰ ਉੱਤਰ ਦੇਣ ਵਿੱਚ ਲਾਪਰਵਾਹੀ ਕਰ ਰਿਹਾ ਹੈ।
ਇਸ ਦੇ ਜਵਾਬ ’ਚ ਲਲਨ ਸਿੰਘ ਨੇ ਗੂਗਲ ਟਰਾਂਸਲੇਟ ਦੀ ਵਰਤੋਂ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਅੰਗਰੇਜ਼ੀ ਤੋਂ ਹਿੰਦੀ ਅਨੁਵਾਦਾਂ ਲਈ ਭਾਰਤ ਸਰਕਾਰ ਦੇ ਅਧੀਨ ਇਕ ਮਿਆਰੀ ਅਭਿਆਸ ਹੈ। ਹਾਲਾਂਕਿ, ਇਸ ਸਪੱਸ਼ਟੀਕਰਨ ਨੇ ਵਿਰੋਧੀ ਬੈਂਚਾਂ ਤੋਂ ਹੰਗਾਮਾ ਸ਼ੁਰੂ ਕਰ ਦਿਤਾ। ਲਲਨ ਸਿੰਘ ਨੇ ਕਿਹਾ ਕਿ ਭਾਰਤ ਵਿਸ਼ਵ ਪੱਧਰ ’ਤੇ ਮੋਹਰੀ ਦੁੱਧ ਉਤਪਾਦਕ ਹੈ, ਪਰ ਗਊਆਂ ’ਚ ਮੂੰਹ-ਖੁਰ ਦੀ ਬਿਮਾਰੀ ਦੇ ਫੈਲਣ ਕਾਰਨ ਨਿਰਯਾਤ ਨਹੀਂ ਕਰ ਸਕਦਾ।






















