ਆਕਸੀਜਨ ਖੁਣੋਂ ਦਮ ਤੋੜਦੀਆਂ ਜ਼ਿੰਦਗੀਆਂ, ਹਰਿਆਣਾ ’ਚ 24 ਘੰਟਿਆਂ ਦੌਰਾਨ 19 ਮਰੀਜ਼ਾਂ ਨੇ ਗਵਾਈ ਜਾਨ
ਪੰਚਕੂਲਾ ਦੇ ਇੱਕ ਨਿੱਜੀ ਹਸਪਤਾਲ ਦੇ ਪ੍ਰਬੰਧਕੀ ਅਮਲੇ ਦਾ ਕਹਿਣਾ ਹੈ ਕਿ ਕੋਟਾ ਤੈਅ ਕਰਨਾ ਵੀ ਸਹੀ ਉਪਾਅ ਨਹੀਂ ਕਿਉਂਕਿ ਆਕਸੀਜਨ ਸਪੋਰਟ ਉੱਤੇ ਆਉਣ ਵਾਲੇ ਗੰਭੀਰ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਹੀ ਆਕਸੀਜਨ ਦੀ ਖਪਤ ਹੋਵੇਗੀ, ਇਸ ਲਈ ਪਹਿਲਾਂ ਤੋਂ ਕੋਟਾ ਤੈਅ ਕਰਨ ਦਾ ਕੋਈ ਤਰਕ ਨਹੀਂ।
ਚੰਡੀਗੜ੍ਹ: 240 ਟਨ ਪ੍ਰਤੀ ਦਿਨ ਉਤਪਾਦਨ ਸਮਰੱਥਾ ਵਾਲਾ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਆਕਸੀਜਨ ਪਲਾਂਟ ਹਰਿਆਣਾ ਦੇ ਪਾਨੀਪਤ ਵਿੱਚ ਹੋਣ ਦੇ ਬਾਵਜੂਦ ਸੂਬੇ ਵਿੱਚ ਆਕਸੀਜਨ ਦੀ ਘਾਟ ਕਾਰਨ ਕੋਰੋਨਾ ਦੀ ਲਾਗ ਤੋਂ ਪ੍ਰਭਾਵਿਤ ਮਰੀਜ਼ ਹਸਪਤਾਲਾਂ ’ਚ ਦਮ ਤੋੜ ਰਹੇ ਹਨ। ਇਸ ਘਾਟ ਦੇ ਚੱਲਦਿਆਂ ਹਸਪਤਾਲਾਂ ’ਚ ਆਕਸੀਜਨ ਦੀ ਸਪਲਾਈ ਸਮੇਂ ’ਤੇ ਨਾ ਹੋਣ ਨਾਲ ਪਿਛਲੇ 24 ਘੰਟਿਆਂ ਵਿੱਚ ਪਲਵਲ ਵਿੱਚ ਸੱਤ, ਗੁੜਗਾਓਂ ਤੇ ਰੇਵਾੜੀ ’ਚ 4-4 ਤੇ ਫ਼ਰੀਦਾਬਾਦ, ਪਾਨੀਪਤ ਦੇ ਹਸਪਤਾਲਾਂ ਵਿੱਚ 2-2 ਮਰੀਜ਼ਾਂ ਨੇ ਦਮ ਤੋੜ ਦਿੱਤਾ। ਸੋਨੀਪਤ ਦੇ ਖਾਨਪੁਰ ਕਲਾਂ ਮੈਡੀਕਲ ਕਾਲਜ, ਕਰਨਾਲ ਦੇ ਕਲਪਨਾ ਚਾਵਲਾ ਤੇ ਰੋਹਤਕ ਦੇ ਪੀਜੀਆਈ ਮੈਡੀਕਲ ਕਾਲਜ ਵਿੱਚ ਆਕਸੀਜਨ ਦੀ ਕਿੱਲਤ ਲਗਾਤਾਰ ਬਣੀ ਹੋਈ ਹੈ।
ਉਂਝ ਭਾਵੇਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਕ ਦਿਨ ਪਹਿਲਾਂ ਹੀ ਕਿਹਾ ਸੀ ‘ਆਕਸੀਜਨ ਦਾ ਕੋਟਾ ਤੈਅ ਕਰ ਦਿੱਤਾ ਗਿਆ ਹੈ। ਸੂਬੇ ਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਨਹੀਂ ਹੋਣ ਦੇਵਾਂਗੇ। ਅਧਿਕਾਰੀਆਂ ਨੂੰ ਸਪਲਾਈ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ’ ਪਰ ਹਸਪਤਾਲਾਂ ਦਾ ਆਕਸੀਜਨ ਦਾ ਕੋਟਾ ਹਾਲੇ ਤੈਅ ਨਹੀਂ ਹੋਇਆ।
ਪੰਚਕੂਲਾ ਦੇ ਇੱਕ ਨਿੱਜੀ ਹਸਪਤਾਲ ਦੇ ਪ੍ਰਬੰਧਕੀ ਅਮਲੇ ਦਾ ਕਹਿਣਾ ਹੈ ਕਿ ਕੋਟਾ ਤੈਅ ਕਰਨਾ ਵੀ ਸਹੀ ਉਪਾਅ ਨਹੀਂ ਕਿਉਂਕਿ ਆਕਸੀਜਨ ਸਪੋਰਟ ਉੱਤੇ ਆਉਣ ਵਾਲੇ ਗੰਭੀਰ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਹੀ ਆਕਸੀਜਨ ਦੀ ਖਪਤ ਹੋਵੇਗੀ, ਇਸ ਲਈ ਪਹਿਲਾਂ ਤੋਂ ਕੋਟਾ ਤੈਅ ਕਰਨ ਦਾ ਕੋਈ ਤਰਕ ਨਹੀਂ। ਇਸ ਨਾਲ ਵੀ ਹਸਪਤਾਲਾਂ ਦਾ ਸੰਕਟ ਦੂਰ ਨਹੀਂ ਹੋਵੇਗਾ।
ਇੱਧਰ ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 11,578 ਨਵੇਂ ਮਰੀਜ਼ ਕੋਰੋਨਾ ਤੋਂ ਪੀੜਤ ਪਾਏ ਗਏ; ਜਦ ਕਿ 1 ਮਰੀਜ਼ਾਂ ਦੀ ਮੌਤ ਹੋ ਗਈ। ਪਾਨੀਪਤ ਦੇ ਦੋ ਨਿਜੀ ਹਸਪਤਾਲਾਂ ਵਿੱਚ ਲਗਪਗ 60 ਮਰੀਜ਼ ਆਕਸੀਜਨ ਦੀ ਸਪੋਰਟ ਉੱਤੇ ਹਨ ਪਰ ਦੋ ਘੰਟਿਆਂ ਦੀ ਆਕਸੀਜਨ ਬਚੀ ਹੋਣ ਨਾਲ ਇੱਥੋਂ ਦੇ ਮਰੀਜ਼ਾਂ ਦੇ ਸਾਹ ਸਮੇਂ ਉੱਤੇ ਹੋਣ ਵਾਲੀ ਆਕਸੀਜਨ ਦੀ ਸਪਲਾਈ ਉੱਤੇ ਅਟਕੇ ਹਨ।
ਆਕਸੀਜਨ ਤੇ ਦਵਾਈਆਂ ਦੀ ਘਾਟ ਬਾਰੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਦਾ ਕਹਿਣਾ ਹੈ ਕਿ ਹਸਪਤਾਲਾਂ ਦੀ ਜ਼ਰੂਰਤ ਮੁਤਾਬਕ ਸਿਲੰਡਰ ਭੇਜੇ ਜਾ ਰਹੇ ਹਨ। ਜਿੱਥੇ ਕਿੱਲਤ ਹੈ, ਉੱਥੋਂ ਦੇ ਸਬੰਧਤ ਏਡੀਸੀ ਦੀ ਅਗਵਾਈ ਹੇਠ ਜਾਂਚ ਟੀਮ ਵੇਖੇਗੀ ਕਿ ਸਿਲੰਡਰ ਦੀ ਸਪਲਾਈ ਸਮੇਂ ਸਿਰ ਹੋਵੇ।