Heatwave in India: ਦਿੱਲੀ-ਯੂਪੀ-ਪੰਜਾਬ ਲਈ ਹੀਟਵੇਵ ਦਾ 'ਰੈੱਡ ਅਲਰਟ'! ਜਾਣੋ IMD ਨੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਕੀ ਕਿਹਾ
IMD Heatwave Alert:ਦੇਸ਼ ਭਰ 'ਚ ਹੀਟਵੇਵ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਗਰਮੀ ਅੱਤ ਦੀ ਪੈ ਰਹੀ ਹੈ ਜਿਸ ਕਰਕੇ ਦਿਨ ਤਾਂ ਦਿਨ ਰਾਤ ਨੂੰ ਵੀ ਲੋਕ ਗਰਮੀ ਤੋਂ ਪ੍ਰੇਸ਼ਾਨ ਹਨ। ਪੰਜਾਬ 'ਚ ਹੀਟਵੇਵ ਦਾ ਰੈੱਡ ਅਲਰਟ ਜਾਰੀ ਹੋ ਗਿਆ ਹੈ।
IMD Heatwave Alert: ਦੇਸ਼ 'ਚ ਪੈ ਰਹੀ ਕਹਿਰ ਕਾਰਨ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ ਹੈ। ਲਗਾਤਾਰ ਵੱਧ ਰਹੇ ਤਾਪਮਾਨ ਨੂੰ ਦੇਖਦੇ ਹੋਏ ਭਾਰਤੀ ਮੌਸਮ ਵਿਭਾਗ (IMD) ਨੇ ਦੇਸ਼ ਭਰ 'ਚ ਹੀਟਵੇਵ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਆਈਐਮਡੀ ਨੇ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਐਤਵਾਰ ਯਾਨੀਕਿ 19 ਮਈ ਤੋਂ 22 ਮਈ ਤੱਕ ਅਲਰਟ ਜਾਰੀ ਕੀਤਾ ਹੈ। IMD ਨੇ ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ ਅਤੇ ਪੱਛਮੀ ਰਾਜਸਥਾਨ ਲਈ ਰੈੱਡ ਅਲਰਟ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ 'ਚ ਔਰੇਂਜ ਅਲਰਟ ਦੀ ਭਵਿੱਖਬਾਣੀ ਕੀਤੀ ਗਈ ਹੈ।
ਆਈਐਮਡੀ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 19 ਮਈ ਦਿਨ ਐਤਵਾਰ ਨੂੰ ਤਾਪਮਾਨ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਦਿੱਲੀ ਵਿੱਚ ਅੱਜ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉੱਤਰੀ ਭਾਰਤ ਦਾ ਵੱਡਾ ਹਿੱਸਾ ਪਹਿਲਾਂ ਹੀ ਅੱਤ ਦੀ ਗਰਮੀ ਦੀ ਲਪੇਟ 'ਚ ਹੈ।
ਹੀਟਵੇਵ ਕੀ ਹੈ? (What is a heatwave)
ਦਰਅਸਲ, ਹੀਟਵੇਵ ਉਦੋਂ ਹੁੰਦੀ ਹੈ ਜਦੋਂ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਲਗਾਤਾਰ ਵਧਦਾ ਰਹਿੰਦਾ ਹੈ। ਇਸ ਦੌਰਾਨ ਤਾਪਮਾਨ 45 ਡਿਗਰੀ ਨੂੰ ਪਾਰ ਕਰ ਜਾਂਦਾ ਹੈ ਅਤੇ ਗਰਮ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਗਰਮੀ ਦੀ ਲਹਿਰ ਦੌਰਾਨ ਬਜ਼ੁਰਗਾਂ, ਬੱਚਿਆਂ ਅਤੇ ਸਿਹਤ ਸਥਿਤੀਆਂ ਵਾਲੇ ਲੋਕਾਂ ਲਈ ਗਰਮੀ ਨਾਲ ਸੰਬੰਧਤ ਬਿਮਾਰੀਆਂ ਅਤੇ ਮੌਤ ਦਾ ਜੋਖਮ ਵੀ ਵਧ ਜਾਂਦਾ ਹੈ। ਆਮ ਤੌਰ 'ਤੇ, ਗਰਮੀ ਦੀ ਲਹਿਰ ਮਈ ਅਤੇ ਜੂਨ ਦੇ ਮਹੀਨਿਆਂ ਵਿਚਕਾਰ ਬਣੀ ਰਹਿੰਦੀ ਹੈ। ਇਸ ਕਾਰਨ IMD ਨੇ ਹੀਟਵੇਵ ਅਲਰਟ ਜਾਰੀ ਕੀਤਾ ਹੈ।
ਰੈੱਡ, ਔਰੇਂਜ ਅਤੇ ਯੈਲੋ ਅਲਰਟ ਵਿੱਚ ਕੀ ਅੰਤਰ ਹੁੰਦਾ ਹੈ?
- ਭਾਰਤ ਮੌਸਮ ਵਿਭਾਗ (IMD) ਦੇਸ਼ ਵਿੱਚ ਮੌਸਮ ਸੰਬੰਧੀ ਕਿਸੇ ਵੀ ਕਿਸਮ ਦੀ ਚੇਤਾਵਨੀ ਲਈ ਵੱਖ-ਵੱਖ ਰੰਗਾਂ ਦੀ ਵਰਤੋਂ ਕਰਦਾ ਹੈ। ਜਿਵੇਂ ਖ਼ਤਰਨਾਕ ਸਥਿਤੀ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਤਾਪਮਾਨ ਆਪਣੇ ਉੱਚੇ ਪੱਧਰ 'ਤੇ ਹੁੰਦਾ ਹੈ, ਜਾਨ-ਮਾਲ ਦੇ ਨੁਕਸਾਨ ਦਾ ਖਤਰਾ ਵਧ ਜਾਂਦਾ ਹੈ, ਤਾਂ ਰੈੱਡ ਅਲਰਟ ਜਾਰੀ ਕੀਤਾ ਜਾਂਦਾ ਹੈ।
- ਮੌਸਮ ਖਰਾਬ ਹੋਣ 'ਤੇ ਔਰੇਂਜ ਅਲਰਟ ਜਾਰੀ ਕੀਤਾ ਜਾਂਦਾ ਹੈ। ਇਹ ਇਹ ਵੀ ਦੱਸਦਾ ਹੈ ਕਿ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
- ਲੋਕਾਂ ਨੂੰ ਮੌਸਮ ਬਾਰੇ ਸੁਚੇਤ ਕਰਨ ਦੀ ਲੋੜ ਪੈਣ 'ਤੇ ਮੌਸਮ ਵਿਭਾਗ ਯੈਲੋ ਅਲਰਟ ਜਾਰੀ ਕਰਦਾ ਹੈ। ਯਾਨੀ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਖ਼ਰਾਬ ਰਹੇਗਾ ਜਾਂ ਕੀ ਹਾਲਾਤ ਪੈਦਾ ਹੋ ਸਕਦੇ ਹਨ, ਇਸ ਬਾਰੇ ਚੇਤਾਵਨੀ ਦਿੱਤੀ ਜਾਂਦੀ ਹੈ।