(Source: ECI/ABP News/ABP Majha)
INDIA Bloc Rally: ‘ਮੈਚ ਫਿਕਸਿੰਗ ਕੀਤੀ ਜਾ ਰਹੀ, ਇਹ ਕੋਈ ਮਾਮੂਲੀ ਚੋਣਾਂ ਨਹੀਂ’, ਰਾਹੁਲ ਗਾਂਧੀ ਨੇ PM ਮੋਦੀ ‘ਤੇ ਸਾਧਿਆ ਨਿਸ਼ਾਨਾ
INDIA Bloc Rally: ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਆਯੋਜਿਤ ਲੋਕਤੰਤਰ ਬਚਾਓ ਰੈਲੀ ਵਿੱਚ ਸਾਰੇ INDIA ਗਠਜੋੜ ਦੇ ਆਗੂ ਸ਼ਾਮਲ ਹਨ। ਇਸ ਦੌਰਾਨ ਰਾਹੁਲ ਗਾਂਧੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਮੋਦੀ 'ਤੇ ਚੰਗੇ ਨਿਸ਼ਾਨੇ ਸਾਧੇ।
Loktantra Bachao Rally In Delhi: ਰਾਮਲੀਲਾ ਮੈਦਾਨ ਵਿੱਚ 'ਲੋਕਤੰਤਰ ਬਚਾਓ' ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਚੋਣਾਂ ਕੋਈ ਮਾਮੂਲੀ ਚੋਣਾਂ ਨਹੀਂ ਹਨ। ਇਹ ਚੋਣਾਂ ਲੋਕਤੰਤਰ, ਸੰਵਿਧਾਨ, ਗਰੀਬਾਂ ਅਤੇ ਕਿਸਾਨਾਂ ਨੂੰ ਬਚਾਉਣ ਵਾਲੀਆਂ ਚੋਣਾਂ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਮੈਚ ਫਿਕਸਿੰਗ ਕੀਤੀ ਜਾ ਰਹੀ ਹੈ ਅਤੇ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਚ ਫਿਕਸ ਕਰ ਰਹੇ ਹਨ।
ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਇੱਥੇ ਨਹੀਂ ਹਨ ਪਰ ਉਹ ਸਾਡੇ ਦਿਲ ਵਿੱਚ ਹਨ। ਹੁਣ ਆਈਪੀਐਲ ਦਾ ਮੈਚ ਚੱਲ ਰਿਹਾ ਹੈ ਅਤੇ ਤੁਸੀਂ ਸਾਰਿਆਂ ਨੇ ਮੈਚ ਫਿਕਸਿੰਗ ਸ਼ਬਦ ਸੁਣਿਆ ਹੋਵੇਗਾ, ਜਦੋਂ ਅੰਪਾਇਰ ਨੂੰ ਖਰੀਦ ਕੇ, ਕਪਤਾਨ ਨੂੰ ਡਰਾ ਕੇ ਮੈਚ ਜਿੱਤਿਆ ਜਾਂਦਾ ਹੈ, ਉਸ ਨੂੰ ਮੈਚ ਫਿਕਸਿੰਗ ਕਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਟੀਮ ਦੇ ਮੈਚ ਤੋਂ ਪਹਿਲਾਂ ਦੋ ਖਿਡਾਰੀਆਂ ਨੂੰ ਮੈਚ ਫਿਕਸ ਕਰਕੇ ਜੇਲ੍ਹ ਵਿੱਚ ਭਿਜਵਾਇਆ ਗਿਆ ਹੈ।
‘ਬਿਨਾਂ ਈਵੀਐਮ, ਸੋਸ਼ਲ ਮੀਡੀਆ ਤੋਂ 180 ਪਾਰ ਨਹੀਂ ਹੋਵੇਗਾ’
ਇੰਨਾ ਹੀ ਨਹੀਂ ਰਾਹੁਲ ਗਾਂਧੀ ਨੇ ਰੈਲੀ ਦੌਰਾਨ ਈਵੀਐਮ ‘ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ ਕਿ ਉਹ (ਪੀਐਮ ਮੋਦੀ) ਇਨ੍ਹਾਂ ਚੋਣਾਂ ਵਿੱਚ ਮੈਚ ਫਿਕਸਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਿਨਾਂ ਈਵੀਐਮ ਅਤੇ ਸੋਸ਼ਲ ਮੀਡੀਆ ਤੋਂ 180 ਪਾਰ ਨਹੀਂ ਹੋਣ ਵਾਲਾ। ਉਨ੍ਹਾਂ ਕਿਹਾ ਕਿ ਈਵੀਐਮ ਨੂੰ ਮੈਨੇਜ ਕੀਤੇ ਬਿਨਾਂ 400 ਦਾ ਅੰਕੜਾ ਪਾਰ ਨਹੀਂ ਹੋ ਸਕਦਾ ਹੈ।
'ਪੁਲਿਸ ਅਤੇ ਧਮਕੀਆਂ ਨਾਲ ਨਹੀਂ ਚਲਾਇਆ ਜਾ ਸਕਦਾ ਸੰਵਿਧਾਨ'
ਰਾਹੁਲ ਗਾਂਧੀ ਨੇ ਕਿਹਾ ਕਿ ਪੁਲਿਸ ਅਤੇ ਧਮਕੀਆਂ ਨਾਲ ਸੰਵਿਧਾਨ ਨਹੀਂ ਚਲਾਇਆ ਜਾ ਸਕਦਾ। ਸੂਬੇ ਵੱਖਰੇ-ਵੱਖਰੇ ਹੋ ਜਾਣਗੇ, ਭਾਰਤ ਨਹੀਂ ਬਚੇਗਾ। ਪੁਲਿਸ, ਸੀਬੀਆਈ, ਈਡੀ ਦੀ ਮਦਦ ਨਾਲ ਨੇਤਾਵਾਂ ਨੂੰ ਡਰਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਪਰ ਤੁਸੀਂ ਜਨਤਾ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ।
ਉਨ੍ਹਾਂ ਨੋਟਬੰਦੀ ਅਤੇ ਜੀਐਸਟੀ 'ਤੇ ਵੀ ਸਵਾਲ ਚੁੱਕੇ। ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਲਾਗੂ ਹੋਣ ਨਾਲ ਕਿਸ ਨੂੰ ਫਾਇਦਾ ਹੋਇਆ ਹੈ? ਇਸ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਇਆ।
ਇਹ ਵੀ ਪੜ੍ਹੋ: Jalandhar News: ਬੀਜੇਪੀ ਜਲੰਧਰ 'ਚ ਕਰਨ ਜਾ ਰਹੀ ਇੱਕ ਹੋਰ ਧਮਾਕਾ, ਗੁਪਤ ਮੀਟਿੰਗ 'ਚ ਵੱਡਾ ਫੈਸਲਾ