Lok Sabha Election 2024 Date: ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, 19 ਤਰੀਕ ਤੋਂ ਪੈਣਗੀਆਂ ਵੋਟਾਂ, ਜਾਣੋ ਕਦੋਂ ਕਿੱਥੇ ਹੋਵੇਗੀ ਵੋਟਿੰਗ
Lok Sabha Election 2024 Schedule: ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਐਲਾਨ ਕਰ ਦਿੱਤਾ ਹੈ ਕਿ ਕਿਹੜੇ ਸੂਬੇ ਵਿੱਚ ਕਦੋਂ ਵੋਟਾਂ ਪੈਣਗੀਆਂ। 2019 ਦੀਆਂ ਲੋਕ ਸਭਾ ਚੋਣਾਂ 7 ਪੜਾਵਾਂ ਵਿੱਚ ਹੋਈਆਂ ਸਨ, ਜਦੋਂ ਕਿ 2014 ਵਿੱਚ 9 ਪੜਾਵਾਂ ਵਿੱਚ ਵੋਟਿੰਗ ਹੋਈ ਸੀ।
ਦੇਸ਼ 'ਚ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਐਲਾਨ ਕਰ ਦਿੱਤਾ ਹੈ ਕਿ ਕਿਹੜੇ ਸੂਬੇ ਵਿੱਚ ਕਦੋਂ ਵੋਟਾਂ ਪੈਣਗੀਆਂ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ 543 ਲੋਕ ਸਭਾ ਸੀਟਾਂ ਲਈ ਸੱਤ ਪੜਾਵਾਂ ਵਿੱਚ ਵੋਟਿੰਗ ਹੋਵੇਗੀ ਅਤੇ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਪਹਿਲੇ ਪੜਾਅ ਲਈ ਵੋਟਿੰਗ 19 ਅਪ੍ਰੈਲ ਨੂੰ ਹੋਵੇਗੀ ਅਤੇ ਆਖਰੀ ਮਤਦਾਨ 1 ਜੂਨ ਨੂੰ ਹੋਵੇਗਾ।
ਕਿੰਨੇ ਪੜਾਵਾਂ ਵਿੱਚ ਪੈਣਗੀਆਂ ਵੋਟਾਂ?
- ਪਹਿਲੇ ਪੜਾਅ 'ਚ 19 ਅਪ੍ਰੈਲ ਨੂੰ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ।
- ਦੂਜਾ ਪੜਾਅ 26 ਅਪ੍ਰੈਲ ਨੂੰ ਹੋਵੇਗਾ ਅਤੇ 13 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 89 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ।
- ਤੀਜੇ ਪੜਾਅ ਦੀ ਵੋਟਿੰਗ 7 ਮਈ ਨੂੰ ਹੋਵੇਗੀ, ਜਿਸ 'ਚ 12 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 94 ਸੀਟਾਂ 'ਤੇ ਵੋਟਿੰਗ ਹੋਵੇਗੀ।
- ਚੌਥੇ ਪੜਾਅ 'ਚ 13 ਮਈ ਨੂੰ 10 ਸੂਬਿਆਂ ਦੀਆਂ 96 ਸੀਟਾਂ 'ਤੇ ਵੋਟਾਂ ਪੈਣਗੀਆਂ।
- 20 ਮਈ ਨੂੰ ਪੰਜਵੇਂ ਪੜਾਅ 'ਚ 8 ਸੂਬਿਆਂ ਦੀਆਂ 49 ਸੀਟਾਂ 'ਤੇ ਵੋਟਿੰਗ ਹੋਵੇਗੀ।
- ਛੇਵੇਂ ਪੜਾਅ ਵਿੱਚ ਸੱਤ ਰਾਜਾਂ ਦੀਆਂ 57 ਲੋਕ ਸਭਾ ਸੀਟਾਂ ਉੱਤੇ 25 ਮਈ ਨੂੰ ਵੋਟਿੰਗ ਹੋਵੇਗੀ।
- ਸੱਤਵਾਂ ਪੜਾਅ 1 ਜੂਨ ਨੂੰ ਹੋਵੇਗਾ ਅਤੇ 8 ਰਾਜਾਂ ਦੀਆਂ 57 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ।
ਕਿਹੜੇ ਸੂਬੇ ਵਿੱਚ ਕਿੰਨੇ ਗੇੜਾਂ ਵਿੱਚ ਪੈਣਗੀਆਂ ਵੋਟਾਂ?
22 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇੱਕ ਗੇੜ ਵਿੱਚ ਵੋਟਿੰਗ ਹੋਵੇਗੀ। ਅਰੁਣਾਚਲ ਪ੍ਰਦੇਸ਼, ਅੰਡੇਮਾਨ ਅਤੇ ਨਿਕੋਬਾਰ, ਆਂਧਰਾ ਪ੍ਰਦੇਸ਼, ਚੰਡੀਗੜ੍ਹ, ਦਮਨ ਅਤੇ ਦੀਵ, ਦਿੱਲੀ, ਗੋਆ, ਗੁਜਰਾਤ, ਹਿਮਾਚਲ ਪ੍ਰਦੇਸ਼, ਹਰਿਆਣਾ, ਕੇਰਲ, ਲਕਸ਼ਦੀਪ, ਲੱਦਾਖ, ਮਿਜ਼ੋਰਮ, ਮੇਘਾਲਿਆ, ਨਾਗਾਲੈਂਡ, ਪੁਡੂਚੇਰੀ, ਸਿੱਕਮ, ਤਾਮਿਲਨਾਡੂ, ਪੰਜਾਬ, ਤੇਲੰਗਾਨਾ, ਉੱਤਰਾਖੰਡ ਵਿੱਚ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ।
ਕਰਨਾਟਕ, ਰਾਜਸਥਾਨ, ਤ੍ਰਿਪੁਰਾ ਅਤੇ ਮਨੀਪੁਰ ਵਿੱਚ ਦੋ ਗੇੜਾਂ ਵਿੱਚ ਵੋਟਿੰਗ ਹੋਵੇਗੀ। ਛੱਤੀਸਗੜ੍ਹ ਅਤੇ ਆਸਾਮ ਵਿੱਚ ਤਿੰਨ-ਤਿੰਨ ਗੇੜਾਂ ਵਿੱਚ ਵੋਟਿੰਗ ਹੋਵੇਗੀ। ਓਡੀਸ਼ਾ, ਮੱਧ ਪ੍ਰਦੇਸ਼ ਅਤੇ ਝਾਰਖੰਡ ਵਿੱਚ ਚਾਰ-ਚਾਰ ਗੇੜਾਂ ਵਿੱਚ ਵੋਟਿੰਗ ਹੋਵੇਗੀ, ਜਦ ਕਿ ਮਹਾਰਾਸ਼ਟਰ ਅਤੇ ਜੰਮੂ-ਕਸ਼ਮੀਰ ਵਿੱਚ ਪੰਜ-ਪੰਜ ਗੇੜਾਂ ਵਿੱਚ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਸੱਤ ਗੇੜਾਂ ਵਿੱਚ ਵੋਟਿੰਗ ਹੋਵੇਗੀ।
ਕਿਹੜੇ ਸੂਬੇ ਵਿੱਚ ਕਿੰਨੀ ਤਰੀਕ ਨੂੰ ਪੈਣਗੀਆਂ ਵੋਟਾਂ?
ਆਂਧਰਾ ਪ੍ਰਦੇਸ਼ ਦੀਆਂ 25 ਲੋਕ ਸਭਾ ਸੀਟਾਂ ਲਈ ਚੌਥੇ ਪੜਾਅ ਵਿੱਚ 13 ਮਈ ਨੂੰ ਵੋਟਿੰਗ ਹੋਵੇਗੀ।
- ਅਰੁਣਾਚਲ ਪ੍ਰਦੇਸ਼ ਦੀਆਂ 2 ਸੀਟਾਂ ਲਈ ਪਹਿਲੇ ਪੜਾਅ 'ਚ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ।
- ਆਸਾਮ ਦੀਆਂ 14 ਸੀਟਾਂ ਲਈ 19 ਅਪ੍ਰੈਲ ਨੂੰ 5 ਸੀਟਾਂ, 16 ਅਪ੍ਰੈਲ ਨੂੰ 5 ਸੀਟਾਂ ਅਤੇ 7 ਮਈ ਨੂੰ 4 ਸੀਟਾਂ ਲਈ ਵੋਟਿੰਗ ਹੋਵੇਗੀ।
- ਬਿਹਾਰ ਦੀਆਂ 40 ਲੋਕ ਸਭਾ ਸੀਟਾਂ 'ਤੇ 4 ਅਪ੍ਰੈਲ ਨੂੰ, 26 ਅਪ੍ਰੈਲ ਨੂੰ 5, 7 ਮਈ ਨੂੰ 5, 13 ਮਈ ਨੂੰ 5, 20 ਮਈ ਨੂੰ 5, 25 ਮਈ ਨੂੰ 8 ਅਤੇ 1 ਜੂਨ ਨੂੰ 8 ਸੀਟਾਂ 'ਤੇ ਵੋਟਾਂ ਪੈਣਗੀਆਂ।
- ਛੱਤੀਸਗੜ੍ਹ ਦੀਆਂ 11 ਸੀਟਾਂ 'ਤੇ 19 ਅਪ੍ਰੈਲ, 26 ਅਪ੍ਰੈਲ ਅਤੇ 7 ਮਈ ਨੂੰ ਵੋਟਾਂ ਪੈਣਗੀਆਂ।
- ਗੋਆ ਦੀਆਂ 2 ਸੀਟਾਂ ਲਈ 7 ਮਈ ਨੂੰ ਵੋਟਿੰਗ ਹੋਵੇਗੀ।
- ਗੁਜਰਾਤ ਦੀਆਂ 26 ਲੋਕ ਸਭਾ ਸੀਟਾਂ ਲਈ ਤੀਜੇ ਪੜਾਅ ਵਿੱਚ 7 ਮਈ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ।
ਇਸ ਵਾਰ 97 ਕਰੋੜ ਵੋਟਰ ਪਾਉਣਗੇ ਵੋਟਾਂ
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਚੋਣ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇਸ ਵਾਰ 21.5 ਕਰੋੜ ਨੌਜਵਾਨ ਵੋਟਰ ਵੋਟ ਪਾਉਣਗੇ। ਇਨ੍ਹਾਂ ਵਿੱਚੋਂ 1.82 ਕਰੋੜ ਵੋਟਰ ਪਹਿਲੀ ਵਾਰ ਵੋਟ ਪਾਉਣਗੇ। 2019 ਵਿੱਚ 91 ਕਰੋੜ ਵੋਟਰ ਸਨ। ਇਸ ਸਾਲ ਇਹ ਅੰਕੜਾ ਵਧ ਕੇ 97 ਕਰੋੜ ਹੋ ਗਿਆ ਹੈ। ਸੀਈਸੀ ਰਾਜੀਵ ਕੁਮਾਰ ਨੇ ਕਿਹਾ ਕਿ ਨਵੇਂ ਵੋਟਰਾਂ ਨੂੰ ਜੋੜਨ ਲਈ ਕਾਫ਼ੀ ਮਿਹਨਤ ਕੀਤੀ ਗਈ ਹੈ। ਇਸ ਵਾਰ 18 ਤੋਂ 19 ਸਾਲ ਦੀ ਉਮਰ ਵਰਗ ਦੇ 1.8 ਕਰੋੜ ਵੋਟਰ, 20 ਤੋਂ 29 ਸਾਲ ਦੀ ਉਮਰ ਦੇ 19.74 ਕਰੋੜ ਵੋਟਰ ਅਤੇ 82 ਲੱਖ ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ।
2019 ਦੀਆਂ ਲੋਕ ਸਭਾ ਚੋਣਾਂ ਲਈ ਪਹਿਲੇ ਗੇੜ ਦੀ ਵੋਟਿੰਗ 11 ਅਪ੍ਰੈਲ ਨੂੰ ਹੋਈ ਸੀ ਅਤੇ ਅਖੀਰਲੇ ਗੇੜ ਦੀ ਵੋਟਿੰਗ 19 ਮਈ ਨੂੰ ਹੋਈ ਸੀ। ਸੱਤ ਪੜਾਵਾਂ ਵਿੱਚ ਵੋਟਿੰਗ ਹੋਈ ਸੀ। ਇਸ ਤਹਿਤ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇੱਕ ਪੜਾਅ ਵਿੱਚ ਵੋਟਿੰਗ ਹੋਈ, ਜਦੋਂ ਕਿ ਯੂਪੀ-ਐਮਪੀ ਸਮੇਤ ਕਈ ਰਾਜਾਂ ਵਿੱਚ ਇੱਕ ਤੋਂ ਵੱਧ ਗੇੜ ਵਿੱਚ ਵੋਟਿੰਗ ਹੋਈ ਸੀ।
ਕਰਨਾਟਕ, ਮਣੀਪੁਰ, ਰਾਜਸਥਾਨ ਅਤੇ ਤ੍ਰਿਪੁਰਾ ਵਿੱਚ ਦੋ ਪੜਾਵਾਂ ਵਿੱਚ ਵੋਟਿੰਗ ਹੋਈ ਸੀ। ਆਸਾਮ, ਛੱਤੀਸਗੜ੍ਹ ਵਿੱਚ ਤਿੰਨ ਪੜਾਅ ਅਤੇ ਝਾਰਖੰਡ, ਮੱਧ ਪ੍ਰਦੇਸ਼, ਉੜੀਸਾ ਅਤੇ ਮਹਾਰਾਸ਼ਟਰ ਵਿੱਚ ਤਿੰਨ ਗੇੜਾਂ ਵਿੱਚ ਵੋਟਾਂ ਪਈਆਂ ਸਨ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ 'ਚ ਪੰਜ ਪੜਾਵਾਂ ਅਤੇ ਬਿਹਾਰ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ 'ਚ ਸੱਤ ਪੜਾਵਾਂ 'ਚ ਵੋਟਿੰਗ ਹੋਈ ਸੀ। ਇਸ ਤੋਂ ਪਹਿਲਾਂ ਜਦੋਂ 2014 ਵਿੱਚ ਲੋਕ ਸਭਾ ਚੋਣਾਂ ਹੋਈਆਂ ਸਨ ਤਾਂ 543 ਸੀਟਾਂ ਲਈ ਨੌਂ ਪੜਾਵਾਂ ਵਿੱਚ ਵੋਟਿੰਗ ਹੋਈ ਸੀ।
ਇਹ ਵੀ ਪੜ੍ਹੋ: Election commission: ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਜਾਰੀ ਕੀਤੀਆਂ ਹਿਦਾਇਤਾਂ, ਪੜ੍ਹੋ ਪੂਰੀ ਖ਼ਬਰ