12ਵੀਂ ਦੀ NCERT ਦੀ ਕਿਤਾਬ ‘ਚੋਂ ਖਾਲਿਸਤਾਨ ਸ਼ਬਦ ਦਾ ਜ਼ਿਕਰ ਹਟਾਇਆ ਗਿਆ, SGPC ਨੇ ਕੀਤਾ ਸੀ ਇਤਰਾਜ਼
NCERT Books Row: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 12ਵੀਂ ਜਮਾਤ ਦੇ ਰਾਜਨੀਤੀ ਵਿਗਿਆਨ ਵਿੱਚ ਆਨੰਦਪੁਰ ਸਾਹਿਬ ਦੇ ਮਤੇ ਨਾਲ ਜੁੜੇ ਭਾਗ ਨੂੰ ਲੈ ਕੇ NCERT ਨੂੰ ਸ਼ਿਕਾਇਤ ਕੀਤੀ ਸੀ।
NCERT Books Row: 12ਵੀਂ ਜਮਾਤ ਦੀ ਪਾਲਿਟਿਕਲ ਸਾਇੰਸ ਦੀ ਕਿਤਾਬ ਵਿੱਚੋਂ ਖਾਲਿਸਤਾਨ ਸ਼ਬਦ ਹਟਾ ਦਿੱਤਾ ਗਿਆ ਹੈ। ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਇਤਰਾਜ਼ ਤੋਂ ਬਾਅਦ NCERT ਨੇ 12ਵੀਂ ਜਮਾਤ ਦੀ ਪਾਲਿਟਿਕਲ ਸਾਇੰਸ ਦੀ ਕਿਤਾਬ ਵਿੱਚੋਂ ਵੱਖਰੇ ਸਿੱਖ ਰਾਸ਼ਟਰ ਖਾਲਿਸਤਾਨ ਦੀ ਮੰਗ ਦਾ ਹਵਾਲਾ ਹਟਾ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਨਸੀਈਆਰਟੀ) ਨੇ ਆਪਣੀ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਪਾਠ ਪੁਸਤਕ ਵਿੱਚ ਸਿੱਖਾਂ ਬਾਰੇ ਇਤਿਹਾਸਕ ਜਾਣਕਾਰੀ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਸ਼੍ਰੋਮਣੀ ਕਮੇਟੀ ਦਾ ਇਤਰਾਜ਼ ‘ਪੋਲੀਟਿਕਸ ਇਨ ਇੰਡੀਆ ਤੋਂ ਇੰਡੀਪੈਂਡੈਂਸ’ ਪੁਸਤਕ ਵਿੱਚ ਆਨੰਦਪੁਰ ਸਾਹਿਬ ਦੇ ਮਤੇ ਦੇ ਜ਼ਿਕਰ ਨਾਲ ਸਬੰਧਤ ਹੈ।
ਕਿਹੜੇ ਹਿੱਸੇ ਨੂੰ ਹਟਾਇਆ ਗਿਆ
ਜਿਹੜੇ ਵਾਕਾਂ ਨੂੰ ਹਟਾਇਆ ਗਿਆ ਹੈ, ਉਨ੍ਹਾਂ ਵਿੱਚੋਂ ਇੱਕ ਵਿੱਚ ਲਿਖਿਆ ਹੈ, "ਪ੍ਰਸਤਾਵ, ਸੰਘਵਾਦ ਨੂੰ ਮਜ਼ਬੂਤ ਕਰਨ ਲਈ ਦਲੀਲ ਸੀ, ਪਰ ਇਸ ਦੀ ਵਿਆਖਿਆ ਇੱਕ ਵੱਖਰੀ ਸਿੱਖ ਕੌਮ ਦੇ ਲਈ ਅਪੀਲ ਵਜੋਂ ਕੀਤੀ ਜਾ ਸਕਦੀ ਹੈ"। ਇਸ ਵਾਕ ਨੂੰ ਵੀ ਹਟਾਇਆ ਗਿਆ ਕਿ ਹੋਰ ਕੱਟੜਪੰਥੀ ਤੱਤਾਂ ਨੇ ਭਾਰਤ ਤੋਂ ਵੱਖ ਹੋਣ ਅਤੇ ‘ਖਾਲਿਸਤਾਨ’ ਬਣਾਉਣ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: Amritsar News : ਅੰਮ੍ਰਿਤਸਰ ਦੇ ਸੁੰਦਰੀਕਰਨ ਲਈ 12 ਕਰੋੜ ਰੁਪਏ ਖਰਚਣ ਦਾ ਐਲਾਨ
ਬਿਆਨਾਂ ਨੂੰ ਇਸ ਤਰ੍ਹਾਂ ਦੁਬਾਰਾ ਲਿਖਿਆ ਗਿਆ ਹੈ ਕਿ ਮਤਾ ਸੰਘਵਾਦ ਨੂੰ ਮਜ਼ਬੂਤ ਕਰਨ ਦੀ ਦਲੀਲ ਸੀ। ਸਿੱਖਿਆ ਮੰਤਰਾਲੇ ਵਿੱਚ ਸਕੂਲ ਸਿੱਖਿਆ ਦੇ ਸਕੱਤਰ ਸੰਜੇ ਕੁਮਾਰ ਅਨੁਸਾਰ, “ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਸਿੱਖ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਸਮੱਗਰੀ ਨੂੰ ਵਾਪਸ ਲੈਣ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਮੈਮੋਰੰਡਮ ਮਿਲਿਆ ਸੀ। ਇਸ ਮੁੱਦੇ ਦੀ ਜਾਂਚ ਕਰਨ ਲਈ ਐਨਸੀਈਆਰਟੀ ਦੇ ਮਾਹਰਾਂ ਦੀ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਅਤੇ ਇਸ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਫੈਸਲਾ ਲਿਆ ਗਿਆ ਸੀ। ਉਨ੍ਹਾਂ ਨੇ ਕਿਹਾ, “ਐਨਸੀਈਆਰਟੀ ਨੇ ਇੱਕ ਸ਼ੁੱਧੀ ਪੱਤਰ ਜਾਰੀ ਕੀਤਾ ਹੈ। ਨਵੇਂ ਅਕਾਦਮਿਕ ਸੈਸ਼ਨ ਲਈ ਭੌਤਿਕ ਤੌਰ 'ਤੇ ਕਿਤਾਬਾਂ ਛਾਪੀਆਂ ਗਈਆਂ ਹਨ, ਜਦੋਂ ਕਿ ਡਿਜੀਟਲ ਕਿਤਾਬਾਂ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ। ਮਤੇ ਵਿੱਚ ਸਿੱਖ ਧਰਮ ਪ੍ਰਤੀ ਪਾਰਟੀ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਗਈ ਅਤੇ ਪੰਜਾਬ ਲਈ ਵਧੇਰੇ ਖੁਦਮੁਖਤਿਆਰੀ ਦੀ ਮੰਗ ਕੀਤੀ। ਇਹ ਵੀ ਮੰਗ ਕੀਤੀ ਗਈ ਕਿ ਚੰਡੀਗੜ੍ਹ ਸ਼ਹਿਰ ਪੰਜਾਬ ਨੂੰ ਸੌਂਪਿਆ ਜਾਵੇ ਅਤੇ ਗੁਆਂਢੀ ਰਾਜਾਂ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਜਾਵੇ।
ਇਹ ਵੀ ਪੜ੍ਹੋ: ਜੂਨ 1984 ਦੇ ਘੱਲੂਘਾਰੇ ਦੌਰਾਨ ਜ਼ਖ਼ਮੀ ਪਾਵਨ ਸਰੂਪ ਦੇ 6 ਜੂਨ ਨੂੰ ਕਰਵਾਏ ਜਾਣਗੇ ਦਰਸ਼ਨ : ਐਡਵੋਕੇਟ ਧਾਮੀ