ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਨਾਲਾੜ੍ਹ ਵਿੱਚ ਪੁਲਿਸ ਥਾਣੇ ਦੇ ਕੋਲ ਭਿਆਨਕ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ। ਇਸ ਧਮਾਕੇ ਨਾਲ ਆਲੇ-ਦੁਆਲੇ ਦੀਆਂ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ। ਸੈਨਾ ਭਵਨ ਦੀ ਇਮਾਰਤ ਦੀਆਂ ਖਿੜਕੀਆਂ ਦੇ ਵੀ ਸ਼ੀਸ਼ੇ ਟੁੱਟੇ।
ਲੋਕਾਂ ਵਿੱਚ ਮੱਚਿਆ ਹੜਕੰਪ
ਧਮਾਕੇ ਨਾਲ ਆਸਪਾਸ ਦੇ ਲੋਕਾਂ ਵਿੱਚ ਹੜਕੰਪ ਮਚ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐਸਪੀ ਬੱਦੀ ਸਮੇਤ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਫੋਰੈਂਸਿਕ ਟੀਮ ਵੀ ਮੌਕੇ ‘ਤੇ ਆ ਕੇ ਜਾਂਚ ਵਿੱਚ ਲੱਗ ਗਈ।
ਖਾਲੀ ਕਰਵਾ ਕੇ ਇਲਾਕਾ ਕੀਤਾ ਸੀਲ
ਹਾਲਾਂਕਿ, ਹੁਣ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਧਮਾਕਾ ਕਿਸ ਚੀਜ਼ ਕਾਰਨ ਹੋਇਆ ਅਤੇ ਇਸ ਦੇ ਪਿੱਛੇ ਕੀ ਕਾਰਨ ਸੀ। ਪੁਲਿਸ ਪੂਰੀ ਤਰ੍ਹਾਂ ਜਾਂਚ ਵਿੱਚ ਲੱਗੀ ਹੋਈ ਹੈ। ਪੁਲਿਸ ਨੇ ਇਲਾਕੇ ਦੇ ਆਸਪਾਸ ਵਾਲੇ ਖੇਤਰ ਨੂੰ ਖਾਲੀ ਕਰਵਾ ਕੇ ਇਲਾਕਾ ਸੀਲ ਕਰ ਦਿੱਤਾ ਹੈ।
ਵਿਧਾਇਕ ਨੇ ਕਿਹਾ- ਧਮਾਕਾ ਵਾਪਰਿਆ, ਪੁਲਿਸ ਜਾਂਚ ਕਰ ਰਹੀ ਹੈ
ਨਾਲਾੜ੍ਹ ਦੇ ਵਿਧਾਇਕ ਹਰਦੀਪ ਸਿੰਘ ਬਾਵਾ ਨੇ ਧਮਾਕੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸਿਰਫ਼ ਜਾਂਚ ਦੇ ਨਤੀਜੇ ਆਉਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ।
ਚਸ਼ਮਦੀਦ ਨੇ ਦੱਸਿਆ- 16MM ਦਾ ਸ਼ੀਸ਼ਾ ਵੀ ਟੁੱਟ ਕੇ ਡਿੱਗਿਆ
ਚਸ਼ਮਦੀਦ ਨੇ ਕਿਹਾ ਕਿ ਉਹ ਥੋੜ੍ਹੀ ਦੂਰ ਬੈਠਾ ਸੀ। ਅਚਾਨਕ ਭਿਆਨਕ ਧਮਾਕਾ ਹੋਇਆ। ਕਿਸੇ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ, ਪਰ ਬਿਲਡਿੰਗ ਪੂਰੀ ਹਿੱਲ ਗਈ। 16MM ਦੇ ਸ਼ੀਸ਼ੇ ਵੀ ਟੁੱਟ ਕੇ ਡਿੱਗ ਗਏ। ਇੱਕ ਵੇਲੇ ਤਾਂ ਕੁਝ ਵੀ ਸਪਸ਼ਟ ਨਹੀਂ ਸੀ।
ਹਿਮਾਚਲ ਵਿੱਚ ਹਜ਼ਾਰਾਂ ਸੈਲਾਨੀ
ਧਮਾਕਾ ਉਸ ਸਮੇਂ ਵਾਪਰਿਆ, ਜਦੋਂ ਹਰਿਆਣਾ, ਪੰਜਾਬ, ਦਿੱਲੀ ਅਤੇ ਚੰਡੀਗੜ੍ਹ ਸਮੇਤ ਦੇਸ਼ ਦੇ ਕਈ ਹਿੱਸਿਆਂ ਤੋਂ ਹਜ਼ਾਰਾਂ ਸੈਲਾਨੀ ਨਵੇਂ ਸਾਲ ਦਾ ਜਸ਼ਨ ਮਨਾਉਣ ਹਿਮਾਚਲ ਪਹੁੰਚੇ ਹੋਏ ਸਨ। 31 ਦਸੰਬਰ ਦੀ ਰਾਤ ਨਿਊ ਇਅਰ ਸੈਲੀਬ੍ਰੇਸ਼ਨ ਤੋਂ ਬਾਅਦ ਸੈਲਾਨੀ ਘਰ ਵਾਪਸ ਜਾ ਰਹੇ ਸਨ। ਧਮਾਕੇ ਦਾ ਪਤਾ ਲੱਗਣ ਦੇ ਬਾਅਦ ਸਾਰੇ ਪ੍ਰਦੇਸ਼ ਵਿੱਚ ਪੁਲਿਸ ਨੂੰ ਹਾਈ ਅਲਰਟ ਕਰ ਦਿੱਤਾ ਗਿਆ। ਸੈਲਾਨੀਆਂ ਦੀ ਸੁਰੱਖਿਆ ਲਈ ਹਰ ਸਥਾਨ ‘ਤੇ ਪੁਲਿਸ ਦੀ ਚੌਕਸੀ ਵਧਾ ਦਿੱਤੀ ਗਈ ਹੈ।























