ਡੋਨਾਲਡ ਟਰੰਪ ਨੇ ਟੈਰਿਫ ਵਿਵਾਦ ਵਿਚਾਲੇ PM ਮੋਦੀ ਨੂੰ 4 ਵਾਰ ਲਾਇਆ ਫੋਨ, PM ਮੋਦੀ ਨੇ ਗੱਲ ਕਰਨ ਤੋਂ ਕੀਤਾ ਮਨ੍ਹਾ
ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਨੂੰ ਲੈਕੇ ਗੱਲਬਾਤ ਚੱਲ ਰਹੀ ਸੀ, ਪਰ ਅਚਾਨਕ ਟਰੰਪ ਨੇ ਭਾਰਤ ਵਿਰੁੱਧ 25% ਟੈਰਿਫ ਦਾ ਐਲਾਨ ਕਰ ਦਿੱਤਾ। ਟਰੰਪ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਰੂਸੀ ਤੇਲ ਖਰੀਦਣ 'ਤੇ 25% ਜੁਰਮਾਨਾ ਵੀ ਲਗਾਇਆ।

ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ 50 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਦੋਵਾਂ ਦੇਸ਼ਾਂ ਦੇ ਸਬੰਧ ਤਣਾਅਪੂਰਨ ਹੋ ਗਏ ਹਨ। ਇਸ ਦੌਰਾਨ, ਇੱਕ ਜਰਮਨ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਟਰੰਪ ਨੇ ਟੈਰਿਫ ਵਿਵਾਦ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਰ ਵਾਰ ਫੋਨ ਕੀਤਾ, ਪਰ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਜਰਮਨ ਅਖਬਾਰ ਦਾ ਦਾਅਵਾ
ਜਰਮਨ ਅਖ਼ਬਾਰ FAZ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਭਾਰਤ ਨੂੰ ਡੈੱਡ ਈਕੋਨੋਮੀ ਕਹਿਣ 'ਤੇ ਨਾਰਾਜ਼ ਹਨ। ਟਰੰਪ ਦੇ ਟੈਰਿਫ ਕਰਕੇ 25 ਸਾਲ ਪੁਰਾਣੇ ਭਾਰਤ-ਅਮਰੀਕਾ ਸਬੰਧਾਂ ਵਿੱਚ ਖਟਾਸ ਆ ਗਈ ਹੈ। ਅਮਰੀਕਾ ਨੇ ਭਾਰਤ 'ਤੇ 50 ਪ੍ਰਤੀਸ਼ਤ ਟੈਰਿਫ ਲਗਾਇਆ ਹੈ, ਜੋ ਕਿ ਬ੍ਰਾਜ਼ੀਲ ਤੋਂ ਇਲਾਵਾ ਕਿਸੇ ਵੀ ਦੇਸ਼ ਲਈ ਸਭ ਤੋਂ ਵੱਧ ਹੈ। ਅਮਰੀਕਾ ਨੇ ਰੂਸ ਤੋਂ ਕੱਚਾ ਤੇਲ ਖਰੀਦਣ 'ਤੇ ਭਾਰਤ 'ਤੇ ਜੁਰਮਾਨਾ ਵੀ ਲਗਾਇਆ ਹੈ। FAZ ਦਾ ਦਾਅਵਾ ਹੈ ਕਿ ਟਰੰਪ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਚਾਰ ਵਾਰ ਫੋਨ ਕੀਤਾ, ਪਰ ਉਨ੍ਹਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 31 ਜੁਲਾਈ ਨੂੰ ਕਿਹਾ ਸੀ, "ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਭਾਰਤ ਰੂਸ ਨਾਲ ਕੀ ਕਰਦਾ ਹੈ। ਇਕੱਠੇ ਮਿਲ ਕੇ ਉਹ ਆਪਣੀਆਂ ਡੈੱਡ ਈਕੋਨੋਮੀ ਨੂੰ ਥੱਲ੍ਹੇ ਸੁੱਟ ਸਕਦੇ ਹਨ। ਸਾਡਾ ਭਾਰਤ ਨਾਲ ਬਹੁਤ ਘੱਟ ਵਪਾਰ ਹੈ, ਉਨ੍ਹਾਂ ਦੇ ਟੈਰਿਫ ਬਹੁਤ ਜ਼ਿਆਦਾ ਹਨ, ਉਹ ਦੁਨੀਆ ਦੇ ਸਭ ਤੋਂ ਵੱਧ ਟੈਰਿਫ ਵਾਲੇ ਦੇਸ਼ਾਂ ਵਿੱਚੋਂ ਇੱਕ ਹਨ।" ਜਰਮਨ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਟਰੰਪ ਦੀ ਟਿੱਪਣੀ ਤੋਂ ਨਾਰਾਜ਼ ਹਨ।
ਜਰਮਨ ਅਖਬਾਰ ਦਾ ਦਾਅਵਾ ਹੈ ਕਿ ਟਰੰਪ ਨੇ ਇਸ ਤੋਂ ਬਾਅਦ ਕਈ ਵਾਰ ਪ੍ਰਧਾਨ ਮੰਤਰੀ ਮੋਦੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਇਸ ਸਮੇਂ ਬਹੁਤ ਸਾਵਧਾਨੀ ਨਾਲ ਕਦਮ ਚੁੱਕ ਰਿਹਾ ਹੈ। ਰਿਪੋਰਟ ਦੇ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਅਮਰੀਕੀ ਖੇਤੀਬਾੜੀ ਕਾਰੋਬਾਰ ਲਈ ਭਾਰਤ ਦਾ ਬਾਜ਼ਾਰ ਖੋਲ੍ਹਣ ਲਈ ਟਰੰਪ ਦੇ ਦਬਾਅ ਦਾ ਵੀ ਵਿਰੋਧ ਕਰ ਰਹੇ ਹਨ।






















