Punjab Election: ਰਾਹੁਲ ਗਾਂਧੀ ਦੇ ਕਰੀਬੀ ਨੇ ਕਰਵਾਇਆ ਪੰਜਾਬ ਦੇ ਮੁੱਖ ਮੰਤਰੀ ਲਈ ਪੋਲ, ਸੀਐਮ ਚਿਹਰਾ ਜਾਣਨ ਲਈ ਦਿੱਤੇ 4 ਵਿਕਲਪ
Punjab Election 2022: ਇਸ ਪੋਲ 'ਚ ਉਨ੍ਹਾਂ ਨੇ ਯੂਜ਼ਰ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜਨਤਾ ਮੁਤਾਬਕ ਇਸ ਚੋਣ 'ਚ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਣਾ ਚਾਹੀਦਾ ਹੈ?
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Punjab Assembly Election 2022: ਦੇਸ਼ 'ਚ ਆਉਣ ਵਾਲੇ ਦਿਨਾਂ ਵਿੱਚ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਾਰ ਕਾਂਗਰਸ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਸਮੂਹਿਕ ਲੀਡਰਸ਼ਿਪ ਦੇ ਆਧਾਰ 'ਤੇ ਲੜੇਗੀ। ਇਸ ਦੌਰਾਨ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਦੇ ਇੱਕ ਕਰੀਬੀ ਨੇ ਟਵਿੱਟਰ 'ਤੇ ਪੋਲ ਕਰਵਾਇਆ ਹੈ। ਇਸ ਪੋਲ 'ਚ ਉਨ੍ਹਾਂ ਨੇ ਜਨਤਾ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਚੋਣ 'ਚ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਣਾ ਚਾਹੀਦਾ ਹੈ?
ਉਨ੍ਹਾਂ ਨੇ ਇਸ ਸਵਾਲ ਦਾ ਜਵਾਬ ਦੇਣ ਲਈ 4 ਵਿਕਲਪ ਦਿੱਤੇ। ਪਹਿਲਾ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਸੁਨੀਲ ਕੁਮਾਰ ਜਾਖੜ ਤੇ ਚੌਥਾ ਵਿਕਲਪ ਹੈ ‘ਮੁੱਖ ਮੰਤਰੀ ਚਿਹਰੇ ਦੀ ਲੋੜ ਨਹੀਂ’। ਹਾਲਾਂਕਿ ਲੋਕਾਂ ਨੂੰ ਇਹ ਦਿਲਚਸਪ ਲੱਗਿਆ ਕਿ ਇੱਕ ਪਾਸੇ ਰਾਹੁਲ ਗਾਂਧੀ ਦੇ ਕਰੀਬੀ ਦੋਸਤਾਂ ਵੱਲੋਂ ਟਵਿੱਟਰ 'ਤੇ ਅਜਿਹੇ ਸਰਵੇਖਣ ਕਰਵਾਏ ਜਾ ਰਹੇ ਹਨ, ਜਦਕਿ ਦੂਜੇ ਪਾਸੇ ਕਾਂਗਰਸ ਦੇ ਹੋਰ ਆਗੂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਤਿੰਨ ਪ੍ਰਮੁੱਖ ਚਿਹਰੇ ਹੋਣ ਦੀ ਗੱਲ ਕਹਿ ਰਹੇ ਹਨ।
ਕੀ ਕਾਂਗਰਸ ਪਾਰਟੀ ਹੋਰ ਵਿਕਲਪਾਂ 'ਤੇ ਵਿਚਾਰ ਕਰ ਰਹੀ?
ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਚਰਨਜੀਤ ਚੰਨੀ, ਨਵਜੋਤ ਸਿੱਧੂ ਤੇ ਸੁਨੀਲ ਜਾਖੜ ਪਾਰਟੀ ਦੇ ਤਿੰਨ ਅਹਿਮ ਚਿਹਰੇ ਹਨ। ਹੁਣ ਨਿਖਿਲ ਅਲਵਾ ਦੇ ਇਸ ਟਵੀਟ ਨੂੰ ਦੇਖ ਕੇ ਕਈ ਲੋਕ ਇਹ ਵੀ ਸੋਚ ਰਹੇ ਹਨ ਕਿ ਕੀ ਕਾਂਗਰਸ ਪਾਰਟੀ ਵੀ ਕਿਸੇ ਹੋਰ ਵਿਕਲਪ 'ਤੇ ਵਿਚਾਰ ਕਰ ਰਹੀ ਹੈ।
ਇਸ ਤੋਂ ਪਹਿਲਾਂ ਅਭਿਨੇਤਾ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦਾ ਵੀ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਉਸ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਨ ਦਾ ਇਸ਼ਾਰਾ ਕੀਤਾ ਸੀ। ਦੱਸ ਦੇਈਏ ਕਿ ਮਾਲਵਿਕਾ ਸੂਦ ਮੋਗਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਹੈ ਪਰ ਹੁਣ ਨਿਖਿਲ ਅਲਵਾ ਦੇ ਟਵੀਟ ਨੇ ਇਸ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ।
ਨਿਖਿਲ ਅਲਵਾ ਕੌਣ
ਨਿਖਿਲ ਅਲਵਾ ਸਾਬਕਾ ਗਵਰਨਰ ਮਾਰਗਰੇਟ ਅਲਵਾ ਦੇ ਪੁੱਤਰ ਹਨ। ਨਿਖਿਲ ਨੂੰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੋਵਾਂ ਦਾ ਕਰੀਬੀ ਦੱਸਿਆ ਜਾਂਦਾ ਹੈ। ਉਹ 2019 ਦੀਆਂ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਮੀਡੀਆ ਟੀਮ ਦਾ ਵੀ ਹਿੱਸਾ ਸੀ। ਫਿਲਹਾਲ ਉਨ੍ਹਾਂ ਕੋਲ ਰਾਹੁਲ ਗਾਂਧੀ ਦੇ ਵੀਡੀਓ ਕੰਟੈਂਟ ਦੀ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ: ਨਵੇਂ ਅਧਿਐਨ 'ਚ ਖੁਲਾਸਾ, ਬਿੰਜ ਵੌਚਿੰਗ ਟੀਵੀ ਦੇਖਣ ਨਾਲ 35% ਵਧ ਜਾਂਦਾ ਖੂਨ ਦੇ ਥੱਕੇ ਦਾ ਜੋਖਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin