ਨੰਦੀਗ੍ਰਾਮ 'ਚ ਕਿਸਾਨ ਪੰਚਾਇਤ 'ਚ ਸ਼ਾਮਲ ਹੋਣਗੇ ਰਾਕੇਸ਼ ਟਿਕੈਤ, ਮਮਤਾ ਬੈਨਰਜੀ ਨੂੰ ਕਰ ਸਕਦੇ ਸਪੋਰਟ
ਬੀਤੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਸਰਕਾਰ ਅੱਜਕਲ੍ਹ ਪੱਛਮੀ ਬੰਗਾਲ ਜਾ ਰਹੀ ਹੈ। ਅਸੀਂ ਸਰਕਾਰ ਨੂੰ ਉੱਥੇ ਹੀ ਮਿਲਾਂਗੇ। ਅਸੀਂ 13 ਮਾਰਚ ਨੂੰ ਬੰਗਾਲ ਜਾ ਰਹੇ ਹਾਂ।
ਨਵੀਂ ਦਿੱਲੀ: ਕਾਫੀ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਨਵੇਂ ਖੇਤੀ ਕਾਨੂੰਨਾਂ ਨੂੰ ਲੈਕੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਅਜੇ ਤਕ ਸਰਕਾਰ ਵੱਲੋਂ ਆਪਣੀਆਂ ਮੰਗਾਂ 'ਤੇ ਕਿਸੇ ਤਰ੍ਹਾਂ ਦੇ ਸਾਕਾਰਾਤਮਕ ਜਵਾਬ ਨਹੀਂ ਆਏ।। ਹੁਣ ਕਿਸਾਨਾਂ ਨੇ ਆਪਣਾ ਰੁਖ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੱਛਮੀ ਬੰਗਾਲ ਵੱਲ ਕਰ ਲਿਆ ਹੈ। ਦੱਸਿਆ ਜਾ ਰਿਹਾ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਪੱਛਮੀ ਬੰਗਾਲ ਜਾਣਗੇ। ਇੱਥੇ ਹੀ ਨਹੀਂ ਰਾਕੇਸ਼ ਟਿਕੈਤ ਨੰਦੀਗ੍ਰਾਮ ਤੇ ਕਿਸਾਨ ਪੰਚਾਇਤ 'ਚ ਸ਼ਾਮਲ ਹੋਣਗੇ।
ਬੀਤੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਸਰਕਾਰ ਅੱਜਕਲ੍ਹ ਪੱਛਮੀ ਬੰਗਾਲ ਜਾ ਰਹੀ ਹੈ। ਅਸੀਂ ਸਰਕਾਰ ਨੂੰ ਉੱਥੇ ਹੀ ਮਿਲਾਂਗੇ। ਅਸੀਂ 13 ਮਾਰਚ ਨੂੰ ਬੰਗਾਲ ਜਾ ਰਹੇ ਹਾਂ। ਕਿਸਾਨਾਂ ਨਾਲ ਗੱਲ ਕਰਾਂਗੇ ਕਿ ਐਮਐਸਪੀ 'ਤੇ ਖਰੀਦ ਹੋ ਰਹੀ ਹੈ ਕਿ ਨਹੀਂ, ਉਨ੍ਹਾਂ ਨੂੰ ਕੀ ਦਿੱਕਤ ਹੈ। ਉਹ ਇਨ੍ਹਾਂ ਸਭ ਗੱਲਾਂ 'ਤੇ ਗੱਲ ਕਰਨਗੇ।
ਮਮਤਾ ਬੈਨਰਜੀ ਤੇ ਸ਼ੁਭੇਂਦੂ ਅਭਿਕਾਰੀ ਨੇ ਭਰੀ ਨਾਮਜ਼ਦਗੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਵਾਰ ਨੰਦੀਗ੍ਰਾਮ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਜਿਸ ਲਈ ਉਨ੍ਹਾਂ 11 ਮਾਰਚ ਨੂੰ ਆਪਣੀ ਨਾਮਜ਼ਦਗੀ ਵੀ ਦਾਖਲ ਕਰਵਾਈ ਸੀ। ਉੱਥੇ ਹੀ ਨੰਦੀਗ੍ਰਾਮ ਦੀ ਇਸ ਸੀਟ 'ਤੇ ਮਮਤਾ ਬੈਨਰਜੀ ਦਾ ਮੁਕਾਬਲਾ ਉਨ੍ਹਾਂ ਦੇ ਸਾਬਕਾ ਕਰੀਬੀ ਸਹਿਯੋਗੀ ਤੇ ਹੁਣ ਵਿਰੋਧੀ ਸ਼ੁਭੇਂਦੂ ਅਧਿਕਾਰੀ ਨਾਲ ਹੋਣ ਜਾ ਰਿਹਾ ਹੈ। ਸ਼ੁਭੇਂਦੂ ਅਧਿਕਾਰੀ ਨੇ ਵੀ ਇਸ ਸੀਟ ਤੋਂ ਆਪਣੀ ਨਾਮਜਦ਼ਗੀ ਪੂਰੀ ਕਰ ਲਈ ਹੈ।
ਚੋਣਾਂ ਦੇ ਮਾਹੌਲ 'ਚ ਵੀ ਕਿਸਾਨ ਅੰਦੋਲਨ ਜਾਰੀ ਹੈ। ਕਿਸਾਨਾਂ ਦਾ ਸਾਫ ਕਹਿਣਾ ਹੈ ਕਿ ਜਦੋਂ ਤਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਹ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਤੋਂ ਜਾਣ ਵਾਲੇ ਨਹੀਂ। ਅਜਿਹੇ 'ਚ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਲੀਡਰ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਨੂੰ ਸਪੋਰਟ ਕਰ ਸਕਦੇ ਹਨ। ਪੱਛਮੀ ਬੰਗਾਲ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕੁੱਲ ਅੱਠ ਗੇੜਾਂ 'ਚ ਹੋਣ ਜਾ ਰਹੀਆਂ ਹਨ।