Lakhimpur Kheri: ਲਖੀਮਪੁਰ ਹਿੰਸਾ ਬਾਰੇ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਅੱਜ, ਹੋ ਸਕਦਾ ਵੱਡੇ ਪ੍ਰੋਗਰਾਮ ਦਾ ਐਲਾਨ
Sanyukat Kisan Morcha: ਐਸਕੇਐਮ ਨੇ ਵੀਰਵਾਰ ਨੂੰ ਆਪਣੇ ਬਿਆਨ 'ਚ ਕਿਹਾ ਕਿ 12 ਅਕਤੂਬਰ ਨੂੰ ਮ੍ਰਿਤਕ ਕਿਸਾਨਾਂ ਲਈ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਅਜੇ ਵੀ ਆਸ਼ੀਸ਼ ਮਿਸ਼ਰਾ ਤੇ ਸਾਥੀਆਂ ਦੀ ਗ੍ਰਿਫਤਾਰੀ ਦੀ ਉਡੀਕ ਕਰ ਰਹੇ ਹਨ।
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਵੀਰਵਾਰ ਨੂੰ ਕਿਹਾ ਕਿ ਉਹ ਲਖੀਮਪੁਰ ਖੀਰੀ ਹਿੰਸਾ 'ਤੇ ਅਗਲੀ ਕਾਰਵਾਈ ਬਾਰੇ ਵਿਚਾਰ ਵਟਾਂਦਰੇ ਲਈ 8 ਅਕਤੂਬਰ ਨੂੰ ਮੀਟਿੰਗ ਕਰੇਗਾ। ਇਸ 'ਚ ਚਾਰ ਕਿਸਾਨ ਮਾਰੇ ਗਏ ਸੀ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦੀ ਅਗਵਾਈ ਕਰ ਰਹੇ ਐਸਕੇਐਮ ਨੇ ਇਹ ਵੀ ਕਿਹਾ ਕਿ ਉਹ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਹਿਰਾ ਦੀ ਗ੍ਰਿਫਤਾਰੀ ਦੀ ਉਡੀਕ ਕਰ ਰਹੀ ਹੈ।
ਉੱਤਰ ਪ੍ਰਦੇਸ਼ ਪੁਲਿਸ ਨੇ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ 3 ਅਕਤੂਬਰ ਨੂੰ ਹੋਈ ਹਿੰਸਾ ਸਬੰਧੀ ਵੀਰਵਾਰ ਨੂੰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਨੋਟਿਸ ਮੁਤਾਬਕ ਆਸ਼ੀਸ਼ ਮਹਿਰਾ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਪੁਲਿਸ ਲਾਈਨ ਵਿੱਚ ਆਉਣ ਲਈ ਕਿਹਾ ਗਿਆ ਹੈ। ਐਸਕੇਐਮ ਨੇ ਬੁੱਧਵਾਰ ਨੂੰ ਕੇਂਦਰ ਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਹਟਾਉਣ ਤੇ ਉਨ੍ਹਾਂ ਦੇ ਬੇਟੇ ਦੀ ਗ੍ਰਿਫਤਾਰੀ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹ "ਵੱਡਾ ਪ੍ਰੋਗਰਾਮ" ਸ਼ੁਰੂ ਕਰੇਗਾ।
12 ਅਕਤੂਬਰ ਨੂੰ ਸ਼ਹੀਦ ਕਿਸਾਨਾਂ ਲਈ ਅਰਦਾਸ
ਕਿਸਾਨ ਸੰਗਠਨ ਨੇ ਉੱਤਰ ਪ੍ਰਦੇਸ਼ ਦੇ ਮੰਤਰੀ ਬਲਦੇਵ ਸਿੰਘ ਔਲਖ ਦੇ ਬਿਆਨ ਦੀ ਵੀ ਨਿੰਦਾ ਕੀਤੀ ਹੈ ਕਿ ਲਖੀਮਪੁਰ ਖੀਰੀ ਘਟਨਾ ਇੱਕ "ਦੁਰਘਟਨਾ" ਸੀ ਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ। ਲਖੀਮਪੁਰ ਖੀਰੀ ਘਟਨਾ ਵਿੱਚ ਅੱਠ ਲੋਕ ਮਾਰੇ ਗਏ ਸੀ ਇਨ੍ਹਾਂ ਵਿੱਚੋਂ ਚਾਰ ਕਿਸਾਨ ਸੀ।
ਸਿੱਧੂ ਅਤੇ ਸਹਾਰਨਪੁਰ ਪ੍ਰਸਾਸ਼ਨ 'ਚ ਹੋਇਆ ਇਹ ਸਮਝੌਤਾ
ਇਸ ਦੇ ਨਾਲ ਹੀ ਸਾਰਾ ਦਿਨ ਹੋਏ ਹੰਗਾਮੇ ਤੋਂ ਬਾਅਦ ਵੀਰਵਾਰ ਰਾਤ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਹਾਰਨਪੁਰ ਪ੍ਰਸ਼ਾਸਨ ਦੇ ਵਿੱਚ ਸਮਝੌਤਾ ਹੋਇਆ ਹੈ। ਨਵਜੋਤ ਸਿੰਘ ਸਿੱਧੂ ਆਪਣੇ ਵਰਕਰਾਂ ਅਤੇ ਸਮਰਥਕਾਂ ਨਾਲ ਲਖੀਮਪੁਰ ਖੀਰੀ ਵਿੱਚ ਪੀੜਤ ਕਿਸਾਨਾਂ ਨੂੰ ਮਿਲਣ ਲਈ ਬਾਹਰ ਗਏ ਹੋਏ ਸੀ। ਹਾਲਾਂਕਿ, ਨਵਜੋਤ ਸਿੰਘ ਸਿੱਧੂ ਅਤੇ ਹੋਰ ਪਾਰਟੀ ਵਰਕਰਾਂ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਯਮੁਨਾਨਗਰ-ਸਹਾਰਨਪੁਰ ਸਰਹੱਦ 'ਤੇ ਹਿਰਾਸਤ ਵਿੱਚ ਲਿਆ ਸੀ।
ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਨੇ ਕਾਂਗਰਸ ਪਾਰਟੀ ਦੇ ਨੇਤਾਵਾਂ ਅਤੇ ਸਿੱਧੂ ਨੂੰ ਸਹਾਰਨਪੁਰ ਦੇ ਸਰਸਾਵਾ ਪੁਲਿਸ ਸਟੇਸ਼ਨ ਤੋਂ ਹਿਰਾਸਤ ਵਿੱਚ ਲਿਆ। ਦੇਰ ਸ਼ਾਮ ਕਾਂਗਰਸ ਪਾਰਟੀ ਅਤੇ ਸਹਾਰਨਪੁਰ ਪ੍ਰਸ਼ਾਸਨ ਵਿਚਾਲੇ ਸੁਲ੍ਹਾ ਹੋ ਗਈ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਲਖੀਮਪੁਰ ਖੀਰੀ ਜਾਣ ਦੀ ਇਜਾਜ਼ਤ ਦੇ ਦਿੱਤੀ।
ਹਾਸਲ ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਸਮੇਤ ਪੰਜਾਬ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਨੇਤਾਵਾਂ-ਸੰਸਦ ਮੈਂਬਰਾਂ ਦਾ ਵਫਦ ਪ੍ਰਭਾਵਿਤ ਕਿਸਾਨ ਪਰਿਵਾਰਾਂ ਨੂੰ ਮਿਲਣ ਲਖੀਮਪੁਰ ਖੀਰੀ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਵਫ਼ਦ ਸ਼ੁੱਕਰਵਾਰ ਨੂੰ ਹੀ ਲਖੀਮਪੁਰ ਖੀਰੀ ਲਈ ਰਵਾਨਾ ਹੋਵੇਗਾ।
ਇਹ ਵੀ ਪੜ੍ਹੋ: Ram Rahim Case: ਰਾਮ ਰਹੀਮ ਇੱਕ ਹੋਰ ਕੇਸ 'ਚ ਦੋਸ਼ੀ ਕਰਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: