'ਆਪ' ਆਗੂ ਵਿਰੁੱਧ ਨਹੀਂ ਮਿਲੇ ਸਬੂਤ, ਅਦਾਲਤ ਨੇ ਕੇਸ ਕੀਤਾ ਬੰਦ
ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਰਾਊਸ ਐਵੇਨਿਊ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਸੋਮਵਾਰ ਨੂੰ ਉਨ੍ਹਾਂ ਵਿਰੁੱਧ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਬੰਦ ਕਰ ਦਿੱਤਾ। ਆਮ ਆਦਮੀ ਪਾਰਟੀ ਨੇ ਅਦਾਲਤ ਦੇ ਇਸ ਫੈਸਲੇ 'ਤੇ ਖੁਸ਼ੀ ਪ੍ਰਗਟ ਕੀਤੀ ਹੈ।

ਦਿੱਲੀ ਦੇ ਸਾਬਕਾ PWD ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸਤੇਂਦਰ ਜੈਨ ਨੂੰ ਵੱਡੀ ਰਾਹਤ ਮਿਲੀ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸੋਮਵਾਰ (4 ਅਗਸਤ) ਨੂੰ ਜੈਨ ਅਤੇ ਹੋਰ ਪੀਡਬਲਯੂਡੀ ਅਧਿਕਾਰੀਆਂ ਵਿਰੁੱਧ ਸੀਬੀਆਈ ਦੇ ਇੱਕ ਮਾਮਲੇ ਵਿੱਚ ਦਾਇਰ ਕਲੋਜ਼ਰ ਰਿਪੋਰਟ ਨੂੰ ਮੰਜ਼ੂਰੀ ਦੇ ਦਿੱਤੀ ਹੈ।
ਅਦਾਲਤ ਨੇ ਕਿਹਾ ਕਿ ਉਪਰੋਕਤ ਤੱਥਾਂ ਅਤੇ ਹਾਲਾਤਾਂ ਵਿੱਚ, ਸਬੂਤਾਂ ਦੀ ਅਣਹੋਂਦ ਵਿੱਚ ਐਫਆਈਆਰ ਨੂੰ ਬੰਦ ਕਰਨ ਲਈ ਅੰਤਿਮ ਰਿਪੋਰਟ ਨੂੰ ਸਵੀਕਾਰ ਕੀਤਾ ਜਾਂਦਾ ਹੈ। ਅਦਾਲਤ ਨੇ ਕਿਹਾ ਕਿ ਕਈ ਸਾਲਾਂ ਦੀ ਜਾਂਚ ਦੇ ਬਾਵਜੂਦ, ਪੀਓਸੀ ਐਕਟ 1988 ਜਾਂ ਕਿਸੇ ਹੋਰ ਅਪਰਾਧ ਦੇ ਤਹਿਤ ਦੋਸ਼ਾਂ ਦਾ ਸਮਰਥਨ ਕਰਨ ਲਈ ਕਿਸੇ ਦੇ ਵਿਰੁੱਧ ਕੋਈ ਸਬੂਤ ਨਹੀਂ ਮਿਲਿਆ ਹੈ।
ਸਿਰਫ਼ ਸ਼ੱਕ ਹੀ ਕਾਫ਼ੀ ਨਹੀਂ ਹੈ - ਅਦਾਲਤ
ਅਦਾਲਤ ਨੇ ਕਿਹਾ ਕਿ ਅਪਰਾਧਿਕ ਸਾਜ਼ਿਸ਼ ਦਾ ਸੰਕੇਤ ਦੇਣ ਲਈ ਕੋਈ ਸਮੱਗਰੀ ਉਪਲਬਧ ਨਹੀਂ ਹੈ। ਅਦਾਲਤ ਨੇ ਕਿਹਾ ਕਿ ਪੇਸ਼ ਕੀਤੇ ਗਏ ਦੋਸ਼ ਅਤੇ ਤੱਥਾਂ ਵਾਲਾ ਪਿਛੋਕੜ ਅੱਗੇ ਦੀ ਜਾਂਚ ਜਾਂ ਕਾਰਵਾਈ ਸ਼ੁਰੂ ਕਰਨ ਲਈ ਕਾਫ਼ੀ ਨਹੀਂ ਹੈ।
ਅਦਾਲਤ ਨੇ ਕਿਹਾ ਕਿ ਸਿਰਫ਼ ਸ਼ੱਕ ਕਿਸੇ 'ਤੇ ਦੋਸ਼ ਲਗਾਉਣ ਲਈ ਕਾਫ਼ੀ ਨਹੀਂ ਹੈ, ਘੱਟੋ-ਘੱਟ ਮਜ਼ਬੂਤ ਸਬੂਤਾਂ ਦੀ ਲੋੜ ਹੁੰਦੀ ਹੈ। ਇਹ ਮਾਮਲਾ ਨਿਯਮਾਂ ਦੇ ਵਿਰੁੱਧ ਪੀਡਬਲਯੂਡੀ ਵਿੱਚ ਪੇਸ਼ੇਵਰਾਂ ਦੀ ਭਰਤੀ ਵਿੱਚ ਕਥਿਤ ਬੇਨਿਯਮੀਆਂ ਦਾ ਸੀ।
ਇਸ ਮਾਮਲੇ ਵਿੱਚ, ਦਿੱਲੀ ਸਰਕਾਰ ਦੇ ਵਿਜੀਲੈਂਸ ਵਿਭਾਗ ਨੇ 29 ਜੁਲਾਈ 2019 ਨੂੰ ਐਫਆਈਆਰ ਦਰਜ ਕੀਤੀ ਸੀ, ਫਿਰ ਸੀਬੀਆਈ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਸੀ।
ਸਤੇਂਦਰ ਜੈਨ ਨੂੰ ਮਿਲੀ ਇਸ ਰਾਹਤ ਤੋਂ ਬਾਅਦ, ਦਿੱਲੀ ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਖੁਸ਼ੀ ਜ਼ਾਹਰ ਕਰਦਿਆਂ ਹੋਇਆਂ ਭਾਜਪਾ 'ਤੇ ਨਿਸ਼ਾਨਾ ਸਾਧਿਆ। ਭਾਰਦਵਾਜ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਕੇਂਦਰ ਸਰਕਾਰ ਵਲੋਂ ਦਰਜ ਕੀਤੇ ਗਏ ਝੂਠੇ ਅਤੇ ਬੇਤੁਕੇ ਸੀਬੀਆਈ ਮਾਮਲੇ ਹੁਣ ਅਦਾਲਤ ਵਿੱਚ ਮੁੱਧੇ ਮੂੰਹ ਡਿੱਗ ਰਹੇ ਹਨ। ਅਜਿਹੇ ਹੀ ਇੱਕ ਝੂਠੇ ਮਾਮਲੇ ਵਿੱਚ, ਕਈ ਸਾਲਾਂ ਤੱਕ ਜਾਂਚ ਕਰਨ ਤੋਂ ਬਾਅਦ ਵੀ, ਸੀਬੀਆਈ ਨੂੰ ਕੋਈ ਭ੍ਰਿਸ਼ਟਾਚਾਰ ਨਹੀਂ ਮਿਲਿਆ ਅਤੇ ਅੱਜ ਅਦਾਲਤ ਨੇ ਕੇਸ ਬੰਦ ਕਰ ਦਿੱਤਾ।"
ਇਹ ਮਾਮਲਾ ਸੀਬੀਆਈ ਵੱਲੋਂ ਤਤਕਾਲੀ ਮੰਤਰੀ ਸਤੇਂਦਰ ਜੈਨ ਖ਼ਿਲਾਫ਼ ਦਰਜ ਕੀਤੀ ਗਈ ਐਫਆਈਆਰ ਦਾ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਪੀਡਬਲਯੂਡੀ ਵਿਭਾਗ ਵਿੱਚ ਭਰਤੀਆਂ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ। ਜਦੋਂ ਅਰਵਿੰਦ ਕੇਜਰੀਵਾਲ ਦੇ ਮੰਤਰੀਆਂ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਜਾਂਦੇ ਹਨ, ਤਾਂ ਭਾਜਪਾ ਬਹੁਤ ਰੌਲਾ ਪਾਉਂਦੀ ਹੈ ਅਤੇ ਉਨ੍ਹਾਂ ਨੂੰ ਬਦਨਾਮ ਕਰਦੀ ਹੈ। ਅੱਜ ਭਾਜਪਾ ਨੂੰ ਸਤੇਂਦਰ ਜੈਨ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।






















