ਪੜਚੋਲ ਕਰੋ
ਪ੍ਰੈੱਸ ਕਾਨਫ਼ਰੰਸ ਤੋਂ ਡਰਦੇ ਮੋਦੀ! ਕਾਂਗਰਸ ਨੇ ਕੀਤਾ ਕਸੂਤਾ ਚੈਲੰਜ

ਨਵੀਂ ਦਿੱਲੀ: ਭਾਰਤ ਦੇ ਇਤਿਹਾਸ ਵਿੱਚ ਨਰੇਂਦਰ ਮੋਦੀ ਤੋਂ ਇਲਾਵਾ ਸ਼ਾਇਦ ਹੀ ਕੋਈ ਪ੍ਰਧਾਨ ਮੰਤਰੀ ਹੋਵੇ ਜਿਸ ਨੇ ਪ੍ਰੈੱਸ ਕਾਨਫ਼ਰੰਸ ਨਾ ਕੀਤੀ ਹੋਵੇ। ਮੋਦੀ ਨੇ ਸਿਰਫ਼ ਇੱਕ ਵਾਰ ਪੱਤਰਕਾਰਾਂ ਦੇ ਸਮੂਹ ਨਾਲ ਮੁਲਾਕਾਤ ਕੀਤੀ ਸੀ, ਪਰ ਸਿਰਫ਼ ਆਪਣੀ ਗੱਲ ਕਹਿ ਕੇ ਚਲਦੇ ਬਣੇ ਸੀ। ਹਾਲਾਂਕਿ, ਮੋਦੀ ਗੁਪਤ ਤਰੀਕੇ ਨਾਲ ਸਿਰਫ਼ ਚੋਣਵੇਂ ਟੈਲੀਵਿਜ਼ਨ ਚੈਨਲਾਂ ਨੂੰ ਇੰਟਰਵਿਊ ਦਿੱਤੀ ਹੈ। ਇਸੇ ਕੜੀ ਵਿੱਚ ਪ੍ਰਧਾਨ ਮੰਤਰੀ ਨੇ ਬੀਤੇ ਕੱਲ੍ਹ ਖ਼ਬਰ ਏਜੰਸੀ ਏਐਨਆਈ ਨੂੰ ਇੰਟਰਵਿਊ ਦਿੱਤੀ। ਪ੍ਰਧਾਨ ਮੰਤਰੀ ਦੀ ਇਸ ਇੰਟਰਵਿਊ 'ਤੇ ਕਾਂਗਰਸ ਨੇ ਹੱਲਾ ਬੋਲਿਆ ਹੈ ਤੇ ਮੋਦੀ ਨੂੰ ਪ੍ਰੈੱਸ ਕਾਨਫਰੰਸ ਕਰਨ ਦਾ ਚੈਲੰਜ ਕੀਤਾ ਹੈ।
ਕਾਂਗਰਸੀ ਨੇਤਾ ਸ਼ਕੀਲ ਅਹਿਮਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਫਿਕਸਡ ਇੰਟਰਵਿਊ ਦੇਣ ਦੀ ਬਜਾਏ ਪ੍ਰੈੱਸ ਕਾਨਫਰੰਸ ਕਰਨ ਦੀ ਹਿੰਮਤ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 56 ਇੰਚ ਦੀ ਛਾਤੀ ਵਾਲੇ ਪੀਐਮ ਨੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਇੱਕ ਵੀ ਪ੍ਰੈੱਸ ਕਾਨਫ਼ਰੰਸ ਨਹੀਂ ਕੀਤੀ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਇੰਟਰਵਿਊ ਦੌਰਾਨ ਦਾਅਵਾ ਕੀਤਾ ਸੀ ਕਿ ਪਿਛਲੇ ਇੱਕ ਸਾਲ ਦੌਰਾਨ ਇੱਕ ਕਰੋੜ ਤੋਂ ਵੀ ਵੱਧ ਨੌਕਰੀਆਂ ਪੈਦਾ ਹੋਈਆਂ। ਇਸ ਬਾਰੇ ਵਿਰੋਧੀਆਂ ਨੂੰ ਕੂੜ ਪ੍ਰਚਾਰ ਬੰਦ ਕਰ ਦੇਣਾ ਚਾਹੀਦਾ ਹੈ। ਇਸ 'ਤੇ ਸ਼ਕੀਲ ਅਹਿਮਦ ਨੇ ਕਿਹਾ ਕਿ ਰੁਜ਼ਗਾਰ ਦਾ ਸਰਵੇਖਣ ਸਾਲ 2016 ਵਿੱਚ ਖ਼ਤਮ ਕਰ ਦਿੱਤਾ ਗਿਆ ਤਾਂ ਕਿ ਲੋਕਾਂ ਨੂੰ ਰੁਜ਼ਗਾਰ ਦੇ ਅੰਕੜੇ ਪਤਾ ਨਾ ਲੱਗਣ। ਉਨ੍ਹਾਂ ਕਿਹਾ ਕਿ ਆਟੋ ਚਲਾਉਣ ਵਾਲਿਆਂ ਤੋਂ ਲੈ ਕੇ ਵਕੀਲ ਤਕ, ਬਾਰੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਅਸੀਂ ਰੁਜ਼ਗਾਰ ਦਿੱਤਾ ਹੈ। ਅਹਿਮਦ ਨੇ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਨੂੰ ਧੋਖਾ ਦਿੱਤਾ ਹੈ, ਉਲਟਾ 22 ਲੱਖ ਲੋਕਾਂ ਨੂੰ ਉਨ੍ਹਾਂ ਦੀਆਂ ਨੌਕਰੀਆਂ ਤੋਂ ਹਟਾ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਆਪਣੇ ਇੰਟਰਵਿਊ ਦੌਰਾਨ ਐਨਆਰਸੀ ਦੇ ਮੁੱਦੇ ਤੋਂ ਇਲਾਵਾ ਔਰਤਾਂ ਵਿਰੁੱਧ ਅੱਤਿਆਚਾਰ ਤੇ ਭੀੜ ਵੱਲੋਂ ਕੁੱਟ-ਕੁੱਟ ਕੇ ਕਤਲ ਕਰਨ ਦੇ ਮੁੱਦਿਆਂ 'ਤੇ ਵੀ ਬੋਲੇ। ਉਨ੍ਹਾਂ ਕਿਹਾ ਕਿ ਐਨਆਰਸੀ ਕਰਕੇ ਕਿਸੇ ਵੀ ਭਾਰਤੀ ਨੂੰ ਦੇਸ਼ ਵਿੱਚੋਂ ਬਾਹਰ ਨਹੀਂ ਜਾਣਾ ਪਵੇਗਾ। ਇਸ ਤੋਂ ਇਲਾਵਾ ਔਰਤਾਂ ਵਿਰੁੱਧ ਹੋ ਰਿਹਾ ਜੁਰਮ ਤੇ ਮੌਬ ਲਿੰਚਿੰਗ ਦੀਆਂ ਘਟਨਾਵਾਂ ਦੀ ਨਿੰਦਾ ਵੀ ਕੀਤੀ ਤੇ ਕਿਹਾ ਕਿ ਉਨ੍ਹਾਂ ਤੇ ਉਨ੍ਹਾਂ ਦੀ ਪਾਰਟੀ ਨੇ ਕਈ ਮੌਕਿਆਂ 'ਤੇ ਅਜਿਹੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੈ ਤੇ ਸਾਰਾ ਕੁਝ ਆਨ ਰਿਕਾਰਡ ਹੈ।
ਇਸ 'ਤੇ ਕਾਂਗਰਸੀ ਨੇਤਾ ਸ਼ਕੀਲ ਅਹਿਮਦ ਨੇ ਕਿਹਾ ਕਿ ਜ਼ਿਆਦਾਤਰ ਲਿੰਚਿੰਗ ਦੀਆਂ ਘਟਨਾਵਾਂ ਭਾਜਪਾ ਸ਼ਾਸਤ ਸੂਬਿਆਂ ਵਿੱਚ ਹੀ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨਾਵ ਕਾਂਡ ਦਾ ਮੁਲਜ਼ਮ ਵਿਧਾਇਕ ਹਾਲੇ ਤਕ ਉਨ੍ਹਾਂ ਦੀ ਪਾਰਟੀ ਵਿੱਚ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਅੱਗ ਵੀ ਲਾਉਣੀ ਹੈ ਤੇ ਫਿਰ ਮਾਤਮ ਵੀ ਮਨਾਉਣਾ ਹੈ।
ਇਸ ਤੋਂ ਇਲਾਵਾ ਅਹਿਮਦ ਨੇ ਪ੍ਰਧਾਨ ਮੰਤਰੀ ਵੱਲੋਂ ਕਾਂਗਰਸ ਦੇ ਕੌਮੀ ਪ੍ਰਧਾਨ ਦਾ ਸੰਸਦ ਵਿੱਚ ਉਨ੍ਹਾਂ ਦੇ ਗਲੇ ਲੱਗਣ ਨੂੰ ਬਚਕਾਨੀ ਹਰਕਤ ਕਰਾਰ ਦੇਣ ਬਾਰੇ ਕਿਹਾ ਕਿ ਜੇਕਰ ਇਹ ਹਰਕਤ ਬਚਕਾਨੀ ਹੈ ਤਾਂ ਫਿਰ ਪ੍ਰਧਾਨ ਮੰਤਰੀ ਕੌਮਾਂਤਰੀ ਪੱਧਰ 'ਤੇ ਅਜਿਹਾ ਕਿਉਂ ਕਰਦੇ ਹਨ। ਉਹ ਟਰੰਪ ਦੇ ਗਲ਼ ਨਾਲ ਲਮਕ ਹੀ ਗਏ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ





















