ਮੋਦੀ ਸਰਕਾਰ ਨਾਲ ਡਟ ਕੇ ਖੜ੍ਹ ਗਈਆਂ ਵਿਰੋਧੀ ਪਾਰਟੀਆਂ...ਰਾਹੁਲ ਗਾਂਧੀ ਨਾਲ ਮੀਟਿੰਗ ਮਗਰੋਂ ਵਿਦੇਸ਼ ਮੰਤਰੀ ਨੇ ਕੀਤੀ ਤਾਰੀਫ
ਬੰਗਲਾਦੇਸ਼ ਹਿੰਸਾ ਨੂੰ ਲੈ ਕੇ ਨਵੀਂ ਦਿੱਲੀ 'ਚ ਸਰਬ ਪਾਰਟੀ ਬੈਠਕ ਹੋਈ। ਇਸ ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਜੈਸ਼ੰਕਰ, ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਤੇ ਕਈ ਹੋਰ ਨੇਤਾ ਸ਼ਾਮਲ ਹੋਏ।
Bangladesh crisis: ਬੰਗਲਾਦੇਸ਼ ਹਿੰਸਾ ਨੂੰ ਲੈ ਕੇ ਨਵੀਂ ਦਿੱਲੀ 'ਚ ਸਰਬ ਪਾਰਟੀ ਬੈਠਕ ਹੋਈ। ਇਸ ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਜੈਸ਼ੰਕਰ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਤੋਂ ਲਲਨ ਸਿੰਘ, ਰਾਮ ਗੋਪਾਲ ਯਾਦਵ ਤੇ ਕਈ ਹੋਰ ਨੇਤਾ ਸ਼ਾਮਲ ਹੋਏ। ਵਿਰੋਧੀ ਧਿਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਮੁੱਦੇ 'ਤੇ ਸਰਕਾਰ ਦੇ ਫੈਸਲੇ ਦਾ ਸਮਰਥਨ ਕਰੇਗੀ।
ਜੈਸ਼ੰਕਰ ਦੀ ਕੀਤੀ ਸ਼ਲਾਘਾ
ਵਿਦੇਸ਼ ਮੰਤਰੀ ਨੇ ਮੀਟਿੰਗ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਿਰੋਧੀ ਧਿਰ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਆਪਣੀ ਪੋਸਟ 'ਚ ਕਿਹਾ ਹੈ ਕਿ ਉਨ੍ਹਾਂ ਨੇ ਸੰਸਦ 'ਚ ਸਰਬ ਪਾਰਟੀ ਬੈਠਕ 'ਚ ਬੰਗਲਾਦੇਸ਼ 'ਚ ਚੱਲ ਰਹੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ। ਮੈਂ ਵਿਰੋਧੀ ਧਿਰ ਦੁਆਰਾ ਦਿੱਤੇ ਗਏ ਸਮਰਥਨ ਤੇ ਸਮਝ ਦੀ ਸ਼ਲਾਘਾ ਕਰਦਾ ਹਾਂ।
ਮੀਟਿੰਗ ਦੌਰਾਨ ਵਿਦੇਸ਼ ਮੰਤਰੀ ਨੇ ਕਿਹਾ ਕਿ ਅਜੇ ਅਜਿਹੀ ਸਥਿਤੀ ਪੈਦਾ ਨਹੀਂ ਹੋਈ ਕਿ ਭਾਰਤੀਆਂ ਨੂੰ ਬੰਗਲਾਦੇਸ਼ ਤੋਂ ਏਅਰਲਿਫਟ ਕਰਨਾ ਪਵੇ। ਅੱਗੇ ਦੀ ਸਥਿਤੀ ਉਪਰ ਤਿੱਖੀ ਨਜ਼ਰ ਰੱਖ ਰਹੇ ਹਾਂ। ਸਾਡੇ ਉੱਥੇ 12 ਤੋਂ 13 ਹਜ਼ਾਰ ਭਾਰਤੀ ਹਨ। ਸ਼ੇਖ ਹਸੀਨਾ ਭਾਰਤ 'ਚ ਰਹੇਗੀ ਜਾਂ ਕਿਸੇ ਹੋਰ ਦੇਸ਼ 'ਚ ਸਿਆਸੀ ਸ਼ਰਨ ਲਵੇਗੀ, ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਇੱਥੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਸਰਕਾਰ ਵੱਲੋਂ ਸਰਬ ਪਾਰਟੀ ਬੈਠਕ ਬੁਲਾਉਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਅਸੀਂ ਵਿਦੇਸ਼ੀ ਮੁੱਦਿਆਂ 'ਤੇ ਇਕਜੁੱਟ ਹਾਂ।
ਬੰਗਲਦੇਸ਼ ਪ੍ਰਦਰਸ਼ਨ ਦਾ ਕੀ ਕਾਰਨ
ਦੱਸ ਦਈਏ ਕਿ ਜਦੋਂ 1971 ਵਿੱਚ ਬੰਗਲਾਦੇਸ਼ ਆਜ਼ਾਦ ਹੋਇਆ ਸੀ ਤਾਂ ਉੱਥੇ 80 ਫੀਸਦੀ ਕੋਟਾ ਸਿਸਟਮ ਲਾਗੂ ਕੀਤਾ ਗਿਆ ਸੀ। ਇਸ ਵਿੱਚ ਪਛੜੇ ਜ਼ਿਲ੍ਹਿਆਂ ਲਈ 40 ਫੀਸਦੀ ਰਾਖਵਾਂਕਰਨ, ਆਜ਼ਾਦੀ ਘੁਲਾਟੀਆਂ ਦੇ ਬੱਚਿਆਂ ਲਈ 30 ਫੀਸਦੀ ਤੇ ਔਰਤਾਂ ਲਈ 10 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਸੀ। ਜਦੋਂਕਿ ਜਨਰਲ ਵਿਦਿਆਰਥੀਆਂ ਲਈ ਸਿਰਫ਼ 20 ਫ਼ੀਸਦੀ ਸੀਟਾਂ ਹੀ ਰੱਖੀਆਂ ਗਈਆਂ ਸਨ।
ਬਾਅਦ ਵਿੱਚ ਪਛੜੇ ਜ਼ਿਲ੍ਹਿਆਂ ਲਈ ਰਾਖਵਾਂਕਰਨ ਘਟਾ ਕੇ 10% ਕਰ ਦਿੱਤਾ ਗਿਆ। ਇਸ ਵਿੱਚ ਘੱਟ ਗਿਣਤੀਆਂ ਲਈ 5% ਕੋਟਾ ਤੇ ਅਪਾਹਜ ਵਿਦਿਆਰਥੀਆਂ ਲਈ 1% ਕੋਟਾ ਜੋੜਿਆ ਗਿਆ। ਇਸ ਦੇ ਨਾਲ ਹੀ ਸੁਤੰਤਰਤਾ ਸੈਨਾਨੀਆਂ ਦੇ ਪੁੱਤਰਾਂ ਤੇ ਧੀਆਂ ਨੂੰ ਦਿੱਤੇ ਗਏ ਰਾਖਵੇਂਕਰਨ ਵਿੱਚ ਉਨ੍ਹਾਂ ਦੇ ਪੋਤੇ-ਪੋਤੀਆਂ ਨੂੰ ਵੀ ਸ਼ਾਮਲ ਕਰ ਦਿੱਤਾਾ ਗਿਆ। ਇਸ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਬਾਅਦ 'ਚ ਉਹ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ 'ਤੇ ਅੜ ਗਏ।
ਹੁਣ ਰਿਜ਼ਰਵੇਸ਼ਨ ਕਿੰਨੀ?
ਫਿਲਹਾਲ ਬੰਗਲਾਦੇਸ਼ 'ਚ ਸਿਰਫ 7 ਫੀਸਦੀ ਰਿਜ਼ਰਵੇਸ਼ਨ ਹੈ। ਵਿਦਿਆਰਥੀਆਂ ਦੇ ਪ੍ਰਦਰਸ਼ਨ ਤੋਂ ਬਾਅਦ ਸੁਪਰੀਮ ਕੋਰਟ ਨੇ ਰਾਖਵਾਂਕਰਨ 56% ਤੋਂ ਘਟਾ ਕੇ 7% ਕਰ ਦਿੱਤਾ ਹੈ। ਇਸ ਵਿੱਚ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ 5 ਫੀਸਦੀ, ਘੱਟ ਗਿਣਤੀਆਂ, ਟਰਾਂਸਜੈਂਡਰਾਂ ਤੇ ਅਪਾਹਜਾਂ ਨੂੰ 2 ਫੀਸਦੀ ਕੋਟਾ ਦਿੱਤਾ ਗਿਆ ਹੈ।
ਦੇਸ਼ ਵਿੱਚ 93% ਨੌਕਰੀਆਂ ਯੋਗਤਾ ਦੇ ਆਧਾਰ 'ਤੇ ਦੇਣ ਦਾ ਫੈਸਲਾ ਕੀਤਾ ਗਿਆ। ਹਾਲਾਂਕਿ ਇਸ ਨਾਲ ਵੀ ਵਿਦਿਆਰਥੀ ਖੁਸ਼ ਨਹੀਂ ਹੋਏ ਤੇ ਉਨ੍ਹਾਂ ਨੇ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਹੌਲੀ-ਹੌਲੀ ਇਹ ਪ੍ਰਦਰਸ਼ਨ ਇੰਨਾ ਹਿੰਸਕ ਹੋ ਗਿਆ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਛੱਡ ਕੇ ਭੱਜਣਾ ਪਿਆ।