ਬੱਸਾਂ 'ਚ ਸਫ਼ਰ ਕਰਨਾ ਹੋਇਆ ਮਹਿੰਗਾ, 1 ਮਈ ਤੋਂ ਕਿਰਾਏ 'ਚ ਹੋਵੇਗਾ 10 ਫੀਸਦੀ ਦਾ ਵਾਧਾ, ਲੋਕਾਂ 'ਚ ਮੱਚੀ ਤਰਥੱਲੀ
ਇਸ ਸੂਬੇ ਦੀ ਟਰਾਂਸਪੋਰਟ ਨਿਗਮ ਨੇ ਏਸੀ ਬੱਸਾਂ ਦੇ ਕਿਰਾਏ 'ਚ 10 ਫੀਸਦੀ ਤੱਕ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ 1 ਮਈ ਤੋਂ ਲਾਗੂ ਹੋਣਗੀਆਂ। ਇਸਦਾ ਮਤਲਬ ਹੈ ਕਿ ਗਰਮੀਆਂ 'ਚ ਹੁਣ ਇਹ ਬੱਸ ਕਿਰਾਏ ਆਮ ਆਦਮੀ ਦੀ ਜੇਬ 'ਚ ਵੀ ਗਰਮੀ ਪਾ ਸਕਦੇ ਹਨ।

AC Bus Fare Hike News: ਗਰਮੀਆਂ ਦੀ ਆਮਦ ਦੇ ਨਾਲ ਹੀ ਯਾਤਰੀਆਂ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਜੀ ਹਾਂ ਇਸ ਸੂਬੇ ਦੀ ਰੋਡਵੇਜ਼ ਨੇ ਏਸੀ ਬੱਸਾਂ ਦਾ ਕਿਰਾਏ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਹੈ। ਹੁਣ ਉੱਤਰ ਪ੍ਰਦੇਸ਼ ਰੋਡਵੇਜ਼ ਦੀ ਏਸੀ (air conditioned) ਬਸ ਵਿੱਚ ਸਫਰ ਕਰਨਾ ਮਹਿੰਗਾ ਹੋ ਗਿਆ ਹੈ। ਯੂ.ਪੀ. ਟਰਾਂਸਪੋਰਟ ਨਿਗਮ ਨੇ ਏਸੀ ਬੱਸਾਂ ਦੇ ਕਿਰਾਏ 'ਚ 10 ਫੀਸਦੀ ਤੱਕ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ 1 ਮਈ ਤੋਂ ਲਾਗੂ ਹੋਣਗੀਆਂ। ਇਸਦਾ ਮਤਲਬ ਹੈ ਕਿ ਗਰਮੀਆਂ ਵਿੱਚ ਹੁਣ ਇਹ ਬੱਸ ਕਿਰਾਏ ਆਮ ਆਦਮੀ ਦੀ ਜੇਬ 'ਚ ਵੀ ਗਰਮੀ ਪਾ ਸਕਦੇ ਹਨ।
10 ਫੀਸਦੀ ਤੱਕ ਹੋਇਆ ਵਾਧਾ
ਯੂ.ਪੀ. ਰੋਡਵੇਜ਼ ਦੀਆਂ ਏਸੀ ਬੱਸਾਂ ਦੇ ਕਿਰਾਏ ’ਚ 10 ਫੀਸਦੀ ਤੱਕ ਵਾਧਾ ਕਰ ਦਿੱਤਾ ਗਿਆ ਹੈ। ਇਹ ਤਰਾਂ ਸਮਝੋ ਕਿ ਜੇਕਰ ਤੁਸੀਂ ਹੁਣ ਤੱਕ ਕਿਸੇ ਨਿਰਧਾਰਤ ਦੂਰੀ ਲਈ 100 ਰੁਪਏ ਕਿਰਾਇਆ ਦੇ ਰਹੇ ਸੀ, ਤਾਂ 1 ਮਈ ਤੋਂ ਤੁਹਾਨੂੰ ਓਸੇ ਦੂਰੀ ਲਈ 110 ਰੁਪਏ ਦੇਣੇ ਪੈਣਗੇ। ਟਰਾਂਸਪੋਰਟ ਨਿਗਮ ਵੱਲੋਂ ਇਹ ਵਾਧਾ ਓਪਰੇਸ਼ਨਲ ਖਰਚੇ ਅਤੇ ਈਂਧਨ ਦੀ ਮਹਿੰਗਾਈ ਦੇ ਮੱਦੇਨਜ਼ਰ ਕੀਤਾ ਗਿਆ ਹੈ। ਵਧਿਆ ਹੋਇਆ ਕਿਰਾਇਆ ਜਨਰਥ, ਸ਼ਤਾਬਦੀ, ਸਕੈਨੀਆ ਅਤੇ ਵੋਲਵੋ ਵਰਗੀਆਂ ਸਾਰੀਆਂ ਏਸੀ ਬੱਸਾਂ 'ਤੇ ਲਾਗੂ ਹੋਵੇਗਾ।
ਸਰਦੀਆਂ ਤੋਂ ਪਹਿਲਾਂ ਏਸੀ ਬੱਸਾਂ ਦੇ ਕਿਰਾਏ ’ਚ ਕੀਤੀ ਗਈ ਸੀ ਕਟੌਤੀ
ਇਸ ਤੋਂ ਪਹਿਲਾਂ, ਜਦੋਂ ਸਰਦੀਆਂ ਦੀ ਸ਼ੁਰੂਆਤ ਹੋਈ ਸੀ, ਤਾਂ ਯੂ.ਪੀ. ਟਰਾਂਸਪੋਰਟ ਵਿਭਾਗ ਵੱਲੋਂ ਏਸੀ ਬੱਸਾਂ ਦੇ ਕਿਰਾਏ ’ਚ 10 ਫੀਸਦੀ ਦੀ ਕਟੌਤੀ ਕੀਤੀ ਗਈ ਸੀ। ਸਰਦੀਆਂ ਵਿੱਚ ਲੋਕ ਘੱਟ ਏਅਰ ਕੰਡੀਸ਼ਨ ਬੱਸਾਂ ਵਿੱਚ ਯਾਤਰਾ ਕਰਦੇ ਹਨ, ਜਿਸ ਕਾਰਨ ਕਈ ਬੱਸਾਂ ਖਾਲੀ ਦੌੜ ਰਹੀਆਂ ਸਨ। ਇਸੇ ਕਾਰਨ ਵਿਭਾਗ ਨੇ ਇਹ ਕਦਮ ਚੁੱਕਿਆ ਸੀ ਕਿ ਲੋਕ ਸਰਦੀਆਂ ਵਿੱਚ ਵੀ ਆਰਾਮਦਾਇਕ ਯਾਤਰਾ ਕਰ ਸਕਣ। ਸ਼ੁਰੂ ਵਿੱਚ ਇਹ ਕਟੌਤੀ ਸਿਰਫ ਮਾਰਚ ਤੱਕ ਲਈ ਗਈ ਸੀ, ਪਰ ਬਾਅਦ ਵਿੱਚ ਇਸ ਨੂੰ ਵਧਾ ਕੇ 30 ਅਪ੍ਰੈਲ ਤੱਕ ਲਾਗੂ ਰੱਖਿਆ ਗਿਆ।
ਹੁਣ ਤੱਕ ਉੱਤਰ ਪ੍ਰਦੇਸ਼ ਵਿੱਚ ਜਨਰਥ ਏਸੀ ਬੱਸਾਂ ਵਿੱਚ 1.45 ਰੁਪਏ ਪ੍ਰਤੀ ਕਿਲੋਮੀਟਰ ਦੀ ਦਰ ਨਾਲ ਕਿਰਾਇਆ ਲਿਆ ਜਾ ਰਿਹਾ ਸੀ, ਜਦਕਿ ਟੂ ਐਂਡ ਟੂ ਬੱਸਾਂ ਲਈ ਇਹ ਦਰ 1.60 ਰੁਪਏ, ਵੋਲਵੋ ਬੱਸਾਂ ਲਈ 2.30 ਰੁਪਏ ਅਤੇ ਏਸੀ ਸਲੀਪਰ ਬੱਸਾਂ ਲਈ 2.10 ਰੁਪਏ ਪ੍ਰਤੀ ਕਿਲੋਮੀਟਰ ਸੀ। ਹੁਣ ਇਹ ਸਾਰੀਆਂ ਦਰਾਂ 1 ਮਈ ਤੋਂ 10 ਫੀਸਦੀ ਵਧ ਜਾਣਗੀਆਂ।






















