ਮੀਂਹ ਤੇ ਅਸਮਾਨੀ ਬਿਜਲੀ ਨੇ ਮਚਾਈ ਤਬਾਹੀ, 24 ਘੰਟਿਆਂ 'ਚ 34 ਮੌਤਾਂ, CM ਵੱਲੋਂ ਮੁਆਵਜ਼ੇ ਦਾ ਐਲਾਨ
Monsoon Rain: ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ।
Weather Update: ਉੱਤਰ ਪ੍ਰਦੇਸ਼ ਵਿੱਚ ਮਾਨਸੂਨ ਦਾ ਮੀਂਹ ਆਫ਼ਤ ਵਾਂਗ ਪੈ ਰਿਹਾ ਹੈ। ਨਦੀਆਂ ਦੇ ਪਾਣੀ ਦਾ ਪੱਧਰ ਅਚਾਨਕ ਵਧ ਗਿਆ ਹੈ। ਮੀਂਹ ਦਾ ਪਾਣੀ ਸੜਕਾਂ 'ਤੇ ਆ ਗਿਆ ਹੈ। ਖੇਤਾਂ ਅਤੇ ਘਰਾਂ ਵਿੱਚ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਮੀਂਹ ਨੇ 34 ਜਾਨਾਂ ਲਈਆਂ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮ੍ਰਿਤਕਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ 4-4 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਅੰਕੜਿਆਂ ਅਨੁਸਾਰ 17 ਲੋਕਾਂ ਦੀ ਮੌਤ ਬਿਜਲੀ ਡਿੱਗਣ ਕਾਰਨ, 12 ਦੀ ਪਾਣੀ 'ਚ ਡੁੱਬਣ ਕਾਰਨ ਅਤੇ 5 ਦੀ ਭਾਰੀ ਬਾਰਿਸ਼ ਕਾਰਨ ਮੌਤ ਹੋ ਗਈ।
ਵੱਖ-ਵੱਖ ਜ਼ਿਲ੍ਹਿਆਂ ਵਿੱਚ 34 ਲੋਕਾਂ ਦੀ ਮੌਤ
ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਜਾਰੀ ਕੀਤੀ ਗਈ ਹੈ। ਗਾਜ਼ੀਪੁਰ ਵਿੱਚ ਦੋ ਅਤੇ ਮੈਨਪੁਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਸੰਤਕਬੀਰ ਨਗਰ ਵਿੱਚ ਇੱਕ ਵਿਅਕਤੀ ਅਤੇ ਬਦਾਯੂੰ ਵਿੱਚ ਦੋ ਵਿਅਕਤੀ ਡੁੱਬਣ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਬਰੇਲੀ ਵਿੱਚ ਚਾਰ ਅਤੇ ਰਾਏਬਰੇਲੀ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਬਾਗਪਤ, ਇਟਾਵਾ, ਉਨਾਓ, ਆਗਰਾ ਵਿੱਚ ਇੱਕ-ਇੱਕ ਮੌਤ ਦੀ ਪੁਸ਼ਟੀ ਹੋਈ ਹੈ। ਜਾਲੌਨ, ਕਾਨਪੁਰ ਦੇਹਤ, ਕਨੌਜ ਵਿੱਚ 2-2 ਮੌਤਾਂ ਹੋਈਆਂ ਹਨ। ਬਲੀਆ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਵਿਅਕਤੀ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿੱਚ ਪੂਰੇ ਹਫ਼ਤੇ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਜ਼ਿਕਰ ਕਰ ਦਈਏ ਕਿ ਮੌਸਮ ਵਿਭਾਗ ਨੇ 13 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕਰਨ ਦੇ ਨਾਲ ਹੀ 46 ਜ਼ਿਲ੍ਹਿਆਂ ਨੂੰ ਯੈਲੋ ਅਲਰਟ 'ਤੇ ਪਾ ਦਿੱਤਾ ਹੈ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਨਾਲਿਆਂ ਦਾ ਪਾਣੀ ਸੜਕ ’ਤੇ ਆ ਗਿਆ ਹੈ। ਸੋਮਵਾਰ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉੱਚ ਅਧਿਕਾਰੀਆਂ ਨਾਲ ਬੈਠਕ 'ਚ ਨਿਰਦੇਸ਼ ਦਿੱਤੇ। ਉਨ੍ਹਾਂ ਹੜ੍ਹ, ਸੇਮ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਰਾਹਤ ਕਮਿਸ਼ਨਰ ਦਫ਼ਤਰ ਨੂੰ ਸੁਚੇਤ ਕੀਤਾ। ਮੀਟਿੰਗ ਵਿੱਚ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਹੜ੍ਹਾਂ ਅਤੇ ਸੇਮ ਦੀ ਸਮੱਸਿਆ ਦੇ ਹੱਲ ਲਈ ਠੋਸ ਉਪਰਾਲੇ ਕੀਤੇ ਜਾਣ।