ਭਾਰਤੀ ਨੌਜਵਾਨ ਦਾ ਅਮਰੀਕਾ 'ਚ ਗੋਲੀਆਂ ਮਾਰ ਕੇ ਕੀਤਾ ਕਤਲ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਹਰਿਆਣਾ ਦੇ ਜੀਂਦ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਕਪਿਲ ਦੀ ਕੈਲੀਫੋਰਨੀਆ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਸਿਕਿਊਰਿਟੀ ਗਾਰਡ ਸੀ।

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸਿਕਿਊਰਿਟੀ ਗਾਰਡ ਦੇ ਤੌਰ 'ਤੇ ਕੰਮ ਕਰਨ ਵਾਲੇ ਇੱਕ ਭਾਰਤੀ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਨੌਜਵਾਨ ਦਾ ਨਾਮ ਕਪਿਲ ਸੀ। ਉਹ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਬਰਾਹ ਕਲਾਂ ਦਾ ਰਹਿਣ ਵਾਲਾ ਸੀ, ਜਿਸ ਦੀ ਉਮਰ ਸਿਰਫ਼ 26 ਸਾਲ ਸੀ। ਇਹ ਘਟਨਾ ਸ਼ਨੀਵਾਰ (7 ਸਤੰਬਰ 2025) ਨੂੰ ਵਾਪਰੀ, ਜਦੋਂ ਉਸਨੇ ਇੱਕ ਵਿਅਕਤੀ ਨੂੰ ਜਨਤਕ ਥਾਂ 'ਤੇ ਪਿਸ਼ਾਬ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਝਗੜਾ ਇੰਨਾ ਵਧ ਗਿਆ ਕਿ ਦੋਸ਼ੀ ਨੇ ਕਪਿਲ ਨੂੰ ਉੱਥੇ ਹੀ ਗੋਲੀ ਮਾਰ ਦਿੱਤੀ। ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਕਪਿਲ ਕਿਸਾਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਹ ਢਾਈ ਸਾਲ ਪਹਿਲਾਂ ਅਮਰੀਕਾ ਗਿਆ ਸੀ। 2022 ਵਿੱਚ, ਕਪਿਲ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ। ਉਹ ਡੌਂਕੀ ਰੂਟ ਯਾਨੀ ਪਨਾਮਾ ਦੇ ਜੰਗਲਾਂ ਵਿੱਚੋਂ ਲੰਘ ਕੇ ਅਤੇ ਮੈਕਸੀਕਨ ਸਰਹੱਦ ਪਾਰ ਕਰਕੇ ਅਮਰੀਕਾ ਪਹੁੰਚਿਆ ਸੀ। ਇਸ 'ਤੇ ਪਰਿਵਾਰ ਨੇ ਲਗਭਗ 45 ਲੱਖ ਰੁਪਏ ਖਰਚ ਕੀਤੇ ਸਨ। ਸ਼ੁਰੂਆਤੀ ਗ੍ਰਿਫ਼ਤਾਰੀ ਤੋਂ ਬਾਅਦ, ਉਸਨੂੰ ਕਾਨੂੰਨੀ ਕਾਰਵਾਈ ਵਿੱਚ ਰਾਹਤ ਮਿਲੀ ਅਤੇ ਉਹ ਕੈਲੀਫੋਰਨੀਆ ਵਿੱਚ ਸੈਟਲ ਹੋ ਗਿਆ।
ਕਪਿਲ ਦੀ ਮੌਤ ਦੀ ਖ਼ਬਰ ਅਮਰੀਕਾ ਵਿੱਚ ਰਹਿ ਰਹੇ ਇੱਕ ਰਿਸ਼ਤੇਦਾਰ ਨੇ ਪਰਿਵਾਰ ਨੂੰ ਦਿੱਤੀ। ਉਸ ਦੀਆਂ ਦੋ ਭੈਣਾਂ ਹਨ, ਜਿਨ੍ਹਾਂ ਵਿੱਚੋਂ ਇੱਕ ਵਿਆਹੀ ਹੋਈ ਹੈ। ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ ਹੋਇਆ ਪਿਆ ਹੈ। ਪਿੰਡ ਦੇ ਸਰਪੰਚ ਸੁਰੇਸ਼ ਕੁਮਾਰ ਗੌਤਮ ਨੇ ਕਿਹਾ ਕਿ ਪੂਰਾ ਪਿੰਡ ਪਰਿਵਾਰ ਦੇ ਨਾਲ ਖੜ੍ਹਾ ਹੈ, ਪਰ ਇਹ ਇੱਕ ਬਹੁਤ ਵੱਡਾ ਸਦਮਾ ਹੈ। ਹੁਣ ਪਰਿਵਾਰ ਕਪਿਲ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਮੰਗ ਕਰ ਰਿਹਾ ਹੈ।
ਸਰਕਾਰ ਤੋਂ ਮਦਦ ਦੀ ਉੱਮੀਦ
ਪਰਿਵਾਰ ਨੇ ਡਿਪਟੀ ਕਮਿਸ਼ਨਰ ਨੂੰ ਮਿਲਣ ਅਤੇ ਕਪਿਲ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਮੰਗ ਕਰਨ ਦੀ ਯੋਜਨਾ ਬਣਾਈ ਹੈ। ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੂੰ ਉਮੀਦ ਹੈ ਕਿ ਭਾਰਤ ਸਰਕਾਰ ਇਸ ਮੁਸ਼ਕਲ ਸਮੇਂ ਵਿੱਚ ਪਰਿਵਾਰ ਨੂੰ ਹਰ ਸੰਭਵ ਮਦਦ ਪ੍ਰਦਾਨ ਕਰੇਗੀ।
ਕੀ ਹੈ ਡੌਂਕੀ ਰੂਟ?
ਡੌਂਕੀ ਰੂਟ ਵਿਦੇਸ਼ ਜਾਣ ਲਈ ਇੱਕ ਖ਼ਤਰਨਾਕ ਗੈਰ-ਕਾਨੂੰਨੀ ਰਸਤਾ ਹੈ, ਜਿਸਨੂੰ ਬਹੁਤ ਸਾਰੇ ਲੋਕ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਵਰਤਦੇ ਹਨ। ਇਸ ਵਿੱਚ, ਯਾਤਰੀਆਂ ਨੂੰ ਬਿਨਾਂ ਕਿਸੇ ਵੈਧ ਵੀਜ਼ਾ ਜਾਂ ਵੈਧ ਦਸਤਾਵੇਜ਼ਾਂ ਦੇ ਵੱਖ-ਵੱਖ ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਇਹ ਸਫਰ ਬਹੁਤ ਔਖਾ ਹੁੰਦਾ ਹੈ, ਜਿਸ ਵਿੱਚ ਲੋਕ ਜੰਗਲਾਂ, ਮਾਰੂਥਲਾਂ ਅਤੇ ਸਮੁੰਦਰੀ ਰਸਤਿਆਂ ਵਿੱਚੋਂ ਲੰਘਦੇ ਹਨ। ਇਸ ਰਸਤੇ ਨੂੰ ਇਹ ਨਾਮ ਇਸ ਕਰਕੇ ਮਿਲਿਆ ਕਿਉਂਕਿ ਇਹ ਯਾਤਰਾ ਲੰਬੀ, ਔਖੀ ਅਤੇ ਥਕਾ ਦੇਣ ਵਾਲੀ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਗਧਾ ਲਗਾਤਾਰ ਤੁਰਦਾ ਰਹਿੰਦਾ ਹੈ।






















