ਮੌਸਮ ਵਿਭਾਗ ਦਾ ਹਾਈ ਅਲਰਟ! ਚੱਕਰਵਾਤੀ ਤੂਫ਼ਾਨ ‘ਗੁਲਾਬ’ ਦਾ ਕਹਿਰ, ਇਨ੍ਹਾਂ ਰਾਜਾਂ ’ਚ ਮਚਾ ਸਕਦਾ ਤਬਾਹੀ
ਤੂਫਾਨ ਅਤੇ ਘੱਟ ਦਬਾਅ ਕਾਰਨ ਸੋਮਵਾਰ ਨੂੰ ਪੂਰਬੀ ਤੇ ਪੱਛਮੀ ਮੇਦਿਨੀਪੁਰ ਅਤੇ ਦੱਖਣੀ 24 ਪਰਗਨਾ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।
ਨਵੀਂ ਦਿੱਲੀ: ਬੰਗਾਲ ਦੀ ਖਾੜੀ ਤੋਂ ਉੱਠ ਰਿਹਾ ਚੱਕਰਵਾਤੀ ਤੂਫਾਨ ਤੇਜ਼ੀ ਨਾਲ ਉੜੀਸਾ ਤੇ ਆਂਧਰਾ ਪ੍ਰਦੇਸ਼ ਵੱਲ ਵਧ ਰਿਹਾ ਹੈ। ਇਸ ਦਾ ਵੱਧ ਤੋਂ ਵੱਧ ਪ੍ਰਭਾਵ ਓਡੀਸ਼ਾ ਦੇ ਗੋਪਾਲਪੁਰ ਤੋਂ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚਕਾਰ ਹੋਣ ਦੀ ਉਮੀਦ ਹੈ। ਬੰਗਾਲ ਵਿੱਚ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਇਨ੍ਹਾਂ ਰਾਜਾਂ ਵਿੱਚ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਦੇ ਕਈ ਜ਼ਿਲ੍ਹਿਆਂ ਵਿੱਚ ਅਗਲੇ ਤਿੰਨ ਦਿਨਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਦੀ ਸੰਭਾਵਨਾ ਦੇ ਸਬੰਧ ਵਿੱਚ ‘ਹਾਈ ਅਲਰਟ’ ਜਾਰੀ ਕੀਤਾ ਹੈ। ਅਗਲੇ ਤਿੰਨ ਦਿਨਾਂ ਦੌਰਾਨ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠਣਗੀਆਂ ਤੇ ਉੜੀਸਾ, ਪੱਛਮੀ ਬੰਗਾਲ ਤੇ ਆਂਧਰਾ ਪ੍ਰਦੇਸ਼ ਦੇ ਮਛੇਰਿਆਂ ਨੂੰ 25 ਤੋਂ 27 ਸਤੰਬਰ ਤੱਕ ਪੂਰਬੀ-ਮੱਧ ਤੇ ਉੱਤਰ-ਪੂਰਬੀ ਬੰਗਾਲ ਦੀ ਖਾੜੀ ਉੱਤੇ ਸਮੁੰਦਰ ਵਿੱਚ ਨਾ ਜਾਣ ਲਈ ਕਿਹਾ ਗਿਆ ਹੈ।
ਇਸ ਤੂਫਾਨ ਦਾ ਨਾਂ 'ਗੁਲਾਬ' ਹੈ, ਜਿਸ ਦਾ ਨਾਂ ਪਾਕਿਸਤਾਨ ਨੇ ਰੱਖਿਆ ਹੈ। ਤੂਫਾਨ ਪੂਰਬ-ਮੱਧ ਬੰਗਾਲ ਦੀ ਖਾੜੀ ਤੋਂ ਉੱਤਰ-ਪੱਛਮ ਵੱਲ ਵਧ ਰਿਹਾ ਹੈ। ਇਹ ਆਂਧਰਾ ਪ੍ਰਦੇਸ਼ ਤੇ ਉੜੀਸਾ ਦੇ ਤੱਟਵਰਤੀ ਖੇਤਰਾਂ ਨਾਲ ਟਕਰਾਵੇਗਾ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ, ਇਸ ਦੀ ਸਿੱਧੀ ਟੱਕਰ ਪਹਿਲਾਂ ਆਂਧਰਾ ਪ੍ਰਦੇਸ਼ ਦੇ ਕਲਿੰਗਪਟਨਮ ਵਿੱਚ ਹੋ ਸਕਦੀ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ, ਚੱਕਰਵਾਤ ‘ਗੁਲਾਬ’ ਅੱਜ ਐਤਵਾਰ ਸ਼ਾਮੀਂ ਇੱਥੇ ਟਕਰਾ ਸਕਦਾ ਹੈ।
ਐਨਡੀਆਰਐਫ ਦੀਆਂ 18 ਟੀਮਾਂ ਓਡੀਸ਼ਾ ਤੇ ਆਂਧਰਾ ਪ੍ਰਦੇਸ਼ ਜਾਣਗੀਆਂ
ਨੈਸ਼ਨਲ ਡਿਜ਼ਾਸਟਰ ਰੈਸਪੌਂਸ ਫੋਰਸ (ਐਨਡੀਆਰਐਫ – NDRF) ਤੂਫਾਨ ਦੇ ਮੱਦੇਨਜ਼ਰ ਆਪਣੀ 18 ਟੀਮਾਂ ਨੂੰ ਉੜੀਸਾ ਅਤੇ ਆਂਧਰਾ ਪ੍ਰਦੇਸ਼ ਭੇਜ ਰਹੀ ਹੈ। ਐਨਡੀਆਰਐਫ ਦੇ ਡਾਇਰੈਕਟਰ ਜਨਰਲ ਐਸਐਨ ਪ੍ਰਧਾਨ ਨੇ ਦੱਸਿਆ ਕਿ 13 ਟੀਮਾਂ ਨੂੰ ਓਡੀਸ਼ਾ ਅਤੇ ਪੰਜ ਨੂੰ ਆਂਧਰਾ ਪ੍ਰਦੇਸ਼ ਭੇਜਿਆ ਜਾ ਰਿਹਾ ਹੈ। ਉੜੀਸਾ ਵਿੱਚ ਟੀਮਾਂ ਬਾਲਾਸੋਰ, ਗੰਜਮ, ਗਜਪਤੀ ਰਾਏਗੜ੍ਹ, ਕੋਰਾਪੁਟ, ਨਯਾਗੜ ਤੇ ਮਲਕਾਨਗਿਰੀ ਜ਼ਿਲ੍ਹਿਆਂ ਵਿੱਚ ਭੇਜੀਆਂ ਜਾ ਰਹੀਆਂ ਹਨ, ਜਦੋਂ ਕਿ ਆਂਧਰਾ ਪ੍ਰਦੇਸ਼ ਵਿੱਚ ਟੀਮਾਂ ਵਿਸ਼ਾਖਾਪਟਨਮ, ਸ੍ਰੀਕਾਕੁਲਮ, ਯਨਮ ਤੇ ਵਿਜੇਨਗਰਮ ਵਿੱਚ ਮੋਰਚਾ ਸੰਭਾਲਣਗੀਆਂ। ਇਸ ਦੇ ਨਾਲ ਹੀ ਰਾਸ਼ਟਰੀ ਸੰਕਟ ਪ੍ਰਬੰਧਕੀ ਕਮੇਟੀ ਨੇ ਵੀ ਸਨਿੱਚਰਵਾਰ ਨੂੰ ਇਸ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਤਿਆਰੀਆਂ ਦੀ ਸਮੀਖਿਆ ਕੀਤੀ।
ਬੰਗਾਲ ਵਿੱਚ ਛੁੱਟੀਆਂ ਹੋਈਆਂ ਰੱਦ
ਦੂਜੇ ਪਾਸੇ, ਬੰਗਾਲ ਸਰਕਾਰ ਨੇ ਤੂਫਾਨ ਦੇ ਮੱਦੇਨਜ਼ਰ ਸਾਰੇ ਸਰਕਾਰੀ ਕਰਮਚਾਰੀਆਂ ਦੀ ਛੁੱਟੀ 5 ਅਕਤੂਬਰ ਤੱਕ ਰੱਦ ਕਰ ਦਿੱਤੀ ਹੈ। ਚੱਕਰਵਾਤ ਦਾ ਆਂਧਰਾ ਪ੍ਰਦੇਸ਼ ਅਤੇ ਬੰਗਾਲ ਵਿੱਚ ਓਡੀਸ਼ਾ ਦੇ ਬਰਾਬਰ ਪ੍ਰਭਾਵ ਹੋਣ ਦੀ ਉਮੀਦ ਨਹੀਂ ਹੈ, ਪਰ ਦੱਖਣੀ ਬੰਗਾਲ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਹੋ ਸਕਦੀ ਹੈ।
ਤੂਫਾਨ ਅਤੇ ਘੱਟ ਦਬਾਅ ਕਾਰਨ ਸੋਮਵਾਰ ਨੂੰ ਪੂਰਬੀ ਤੇ ਪੱਛਮੀ ਮੇਦਿਨੀਪੁਰ ਅਤੇ ਦੱਖਣੀ 24 ਪਰਗਨਾ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਕੋਲਕਾਤਾ, ਪੂਰਬੀ ਤੇ ਪੱਛਮੀ ਮੇਦੀਨਾਪੁਰ, ਉੱਤਰੀ ਤੇ ਦੱਖਣੀ 24 ਪਰਗਨਾ, ਹਾਵੜਾ ਤੇ ਹੁਗਲੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ (8-11 ਸੈਂਟੀਮੀਟਰ) ਦੀ ਸੰਭਾਵਨਾ ਹੈ।
ਪੁਲਿਸ ਨੇ ਖੋਲ੍ਹਿਆ ਕੰਟਰੋਲ ਰੂਮ
ਮੌਸਮ ਵਿਭਾਗ ਦੀ ਚੇਤਾਵਨੀ ਦੇ ਮੱਦੇਨਜ਼ਰ ਕੋਲਕਾਤਾ ਪੁਲਿਸ ਨੇ 'ਯੂਨੀਫਾਈਡ ਕਮਾਂਡ ਸੈਂਟਰ' ਨਾਂਅ ਦਾ ਕੰਟਰੋਲ ਰੂਮ ਖੋਲ੍ਹਿਆ ਹੈ। ਕੋਲਕਾਤਾ ਪੁਲਿਸ ਅਧੀਨ ਸਾਰੇ ਥਾਣਿਆਂ ਨੂੰ ਹਾਈ ਅਲਰਟ 'ਤੇ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਬੰਗਾਲ ਦੇ ਤੱਟਵਰਤੀ ਇਲਾਕਿਆਂ ਵਿੱਚ ਐਨਡੀਆਰਐਫ ਦੀਆਂ 15 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਸਰਕਾਰ ਨੇ ਕੀਤੀ ਸਮੀਖਿਆ ਮੀਟਿੰਗ
ਇਸ ਦੌਰਾਨ ਕੈਬਨਿਟ ਸਕੱਤਰ ਰਾਜੀਵ ਗਾਬਾ ਦੀ ਪ੍ਰਧਾਨਗੀ ਹੇਠ ਕੌਮੀ ਆਫ਼ਤ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਤੂਫਾਨ ਨਾਲ ਨਜਿੱਠਣ ਲਈ ਕੇਂਦਰ ਅਤੇ ਰਾਜ ਸਰਕਾਰ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਤੂਫਾਨ ਨਾਲ ਹੋਣ ਵਾਲੇ ਸੰਭਾਵੀ ਨੁਕਸਾਨ ਨੂੰ ਰੋਕਣ ਲਈ ਸਾਰੇ ਪ੍ਰਭਾਵਿਤ ਰਾਜਾਂ ਵਿੱਚ ਐਨਡੀਆਰਐਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਵਾਧੂ ਟੀਮਾਂ ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ। ਫੌਜ ਤੇ ਜਲ ਸੈਨਾ ਨੂੰ ਵੀ ਪੂਰੀ ਤਰ੍ਹਾਂ ਤਿਆਰ ਰੱਖਿਆ ਗਿਆ ਹੈ।