WFI Elections 2023: WFI ਦੀਆਂ ਚੋਣ ਦੀਆਂ ਤਰੀਕਾਂ 'ਚ ਹੋਇਆ ਬਦਲਾਅ, ਹੁਣ ਇਸ ਦਿਨ ਮਿਲੇਗਾ ਨਵਾਂ ਪ੍ਰਧਾਨ
Wrestling Federation News: ਮਹਿਲਾ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਜਿਸ ਲਈ ਦਿੱਲੀ ਪੁਲਿਸ ਨੇ ਚਾਰਜਸ਼ੀਟ ਵੀ ਦਾਖ਼ਲ ਕੀਤੀ ਹੈ।
Wrestling Federation Elections: ਭਾਰਤੀ ਓਲੰਪਿਕ ਸੰਘ ਨੇ ਕੁਸ਼ਤੀ ਮਹਾਸੰਘ (WFI) ਦੀਆਂ ਚੋਣਾਂ ਦੀਆਂ ਤਰੀਕਾਂ ਬਦਲ ਦਿੱਤੀਆਂ ਹਨ। ਪਹਿਲਾਂ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ 6 ਜੁਲਾਈ ਨੂੰ ਹੋਣੀਆਂ ਸਨ ਪਰ ਹੁਣ ਇਹ ਚੋਣਾਂ 11 ਜੁਲਾਈ ਨੂੰ ਹੋਣਗੀਆਂ। ਆਈਓਏ ਦੀ ਕਮੇਟੀ ਨੇ ਪੰਜ ਅਯੋਗ ਸੂਬਾ ਇਕਾਈਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਚੋਣਾਂ ਦੀਆਂ ਤਰੀਕਾਂ ਬਦਲਣ ਦਾ ਫੈਸਲਾ ਕੀਤਾ ਹੈ।
ਰੈਸਲਿੰਗ ਫੈਡਰੇਸ਼ਨ ਦੀਆਂ ਚੋਣਾਂ ਦੇ ਨਤੀਜੇ ਵੀ 11 ਜੁਲਾਈ ਨੂੰ ਹੀ ਐਲਾਨੇ ਜਾਣਗੇ। ਹਾਈ ਕੋਰਟ ਦੇ ਸੇਵਾਮੁਕਤ ਜੱਜ ਐਮਐਮ ਕੁਮਾਰ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਕਮੇਟੀ ਨਾਲ ਪੰਜ ਰਾਜ ਇਕਾਈਆਂ ਮਹਾਰਾਸ਼ਟਰ, ਹਰਿਆਣਾ, ਤੇਲੰਗਾਨਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੇ ਸੰਪਰਕ ਕੀਤਾ ਸੀ। ਇਨ੍ਹਾਂ ਪੰਜਾਂ ਨੂੰ WFI ਤੋਂ ਮਾਨਤਾ ਨਹੀਂ ਮਿਲੀ ਹੈ।
ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਦੀ ਤਰੀਕ ਵਿੱਚ ਹੋਈ ਬਦਲੀ
ਕਮੇਟੀ ਨੇ ਉਨ੍ਹਾਂ ਨੂੰ ਬੁੱਧਵਾਰ (21 ਜੂਨ) ਨੂੰ ਸੁਣਵਾਈ ਲਈ ਬੁਲਾਇਆ ਸੀ। ਇਕ ਸੂਤਰ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਸੂਬਾ ਇਕਾਈਆਂ ਨੇ ਕਮੇਟੀ ਦੇ ਸਾਹਮਣੇ ਆਪਣਾ ਪੱਖ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਨੁਮਾਇੰਦਿਆਂ ਨੇ ਉਨ੍ਹਾਂ ਦੀ ਮਾਨਤਾ ਰੱਦ ਕਰਨ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ਕਮੇਟੀ ਨੂੰ ਫੈਸਲਾ ਲੈਣ ਲਈ ਸਮਾਂ ਚਾਹੀਦਾ ਹੈ, ਇਸ ਲਈ ਹੁਣ ਚੋਣਾਂ 11 ਜੁਲਾਈ ਨੂੰ ਹੋਣਗੀਆਂ।
ਇਹ ਵੀ ਪੜ੍ਹੋ: ਨਹੀਂ ਰਹੇ ਸਿਲਵੇਸਟਰ ਦਾਕੁਨਹਾ, ਅਟਰਲੀ-ਬਟਰਲੀ ਗਰਲ ਰਾਹੀਂ ਅਮੁਲ ਨੂੰ ਦਿੱਤੀ ਗਈ ਸੀ ਪਛਾਣ
ਪਹਿਲਵਾਨਾਂ ਨੇ ਦਿੱਤਾ ਸੀ ਧਰਨਾ
ਜ਼ਿਕਰਯੋਗ ਹੈ ਕਿ ਦੇਸ਼ ਦੇ ਮਸ਼ਹੂਰ ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਪਹਿਲਵਾਨ ਦਿੱਲੀ ਦੇ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਸਨ। ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਕਈ ਮਹਿਲਾ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਜਿਸ ਲਈ ਦਿੱਲੀ ਪੁਲਿਸ ਨੇ ਦੋ ਐਫਆਈਆਰ ਦਰਜ ਕੀਤੀਆਂ ਸਨ।
ਪਿਛਲੇ ਹਫ਼ਤੇ ਪੁਲਿਸ ਨੇ ਇਸ ਮਾਮਲੇ ਵਿੱਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਸੀ। ਖੇਡ ਮੰਤਰੀ ਅਨੁਰਾਗ ਠਾਕੁਰ ਤੋਂ ਭਰੋਸਾ ਮਿਲਣ ਤੋਂ ਬਾਅਦ ਖਿਡਾਰੀਆਂ ਨੇ ਆਪਣਾ ਅੰਦੋਲਨ ਟਾਲ ਦਿੱਤਾ ਸੀ। ਸਰਕਾਰ ਨੇ ਖਿਡਾਰੀਆਂ ਨੂੰ 15 ਜੂਨ ਤੱਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਨ, ਖਿਡਾਰੀਆਂ ਖ਼ਿਲਾਫ਼ ਦਰਜ ਐਫਆਈਆਰ ਵਾਪਸ ਲੈਣ ਅਤੇ ਕੁਸ਼ਤੀ ਐਸੋਸੀਏਸ਼ਨ ਦੀਆਂ ਚੋਣਾਂ ਜਲਦੀ ਕਰਵਾਉਣ ਦਾ ਭਰੋਸਾ ਦਿੱਤਾ ਸੀ।
ਇਹ ਵੀ ਪੜ੍ਹੋ: UN ਹੈੱਡਕੁਆਰਟਰ 'ਚ ਆਯੋਜਿਤ ਯੋਗ ਦਿਵਸ ਪ੍ਰੋਗਰਾਮ 'ਚ ਬਣਿਆ ਵਿਸ਼ਵ ਰਿਕਾਰਡ, ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਅਗਵਾਈ