ਮੋਦੀ ਦੇ ਘਰ ਲੈਂਡ ਹੋਣਗੇ ਨੌਜਵਾਨਾਂ ਦੇ ਪਤੰਗ! ਖੇਤੀ ਕਾਨੂੰਨਾਂ ਖਿਲਾਫ ਦੇਣਗੇ ਸੁਨੇਹੇ
ਨੌਜਵਾਨ ਨਾਅਰੇ ਲਿਖੀਆਂ ਪਤੰਗਾਂ ਉਡਾ ਰਹੇ ਹਨ। ਇਨ੍ਹਾਂ ਨਾਅਰਿਆਂ 'ਚ ਨੋ ਫਾਰਮਰ, ਨੋ ਫੂਡ, ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ ਆਦਿ ਲਿਖਿਆ ਹੋਇਆ ਹੈ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਮੋਰਚੇ 'ਤੇ ਡਟੇ ਕਿਸਾਨਾਂ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਅਜਿਹੇ 'ਚ ਕਿਸਾਨਾਂ ਨੇ ਸੋਸ਼ਲ ਮੀਡੀਆ ਦੇ ਨਾਲ-ਨਾਲ ਟਰਾਲੀ ਟਾਈਮਜ਼ ਅਖਬਾਰ ਰਾਹੀਂ ਅੰਦੋਲਨ ਦੀ ਸਹੀ ਜਾਣਕਾਰੀ ਪਹੁੰਚਾਉਣ ਤੇ ਕਿਸਾਨ ਮੋਰਚੇ ਦੇ ਸੁਨੇਹੇ ਲੋਕਾਂ ਤਕ ਪਹੁੰਚਾਉਣੇ ਆਰੰਭ ਕੀਤੇ। ਇਸ ਦਰਮਿਆਨ ਹੀ ਹੁਣ ਸਿੰਘੂ ਬਾਰਡਰ 'ਤੇ ਕੁਝ ਨੌਜਵਾਨਾਂ ਨੇ ਪਤੰਗਾਂ ਰਾਹੀਂ ਖੇਤੀ ਕਾਨੂੰਨਾਂ ਖਿਲਾਫ ਸੁਨੇਹੇ ਪਹੁੰਚਾਉਣੇ ਸ਼ੁਰੂ ਕੀਤੇ ਹਨ।
ਨੌਜਵਾਨ ਨਾਅਰੇ ਲਿਖੀਆਂ ਪਤੰਗਾਂ ਉਡਾ ਰਹੇ ਹਨ। ਇਨ੍ਹਾਂ ਨਾਅਰਿਆਂ 'ਚ ਨੋ ਫਾਰਮਰ, ਨੋ ਫੂਡ, ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ ਆਦਿ ਲਿਖਿਆ ਹੋਇਆ ਹੈ। ਪਤੰਗਾਂ ਉਡਾਉਣ ਵਾਲਿਆਂ 'ਚ ਸ਼ਾਮਲ ਨੌਜਵਾਨ ਸੁਰਦੀਪ ਸਿੰਘ ਨੇ ਦੱਸਿਆ ਕਿ ਸ਼ਾਇਦ ਇਹ ਨਾਅਰੇ ਲਿਖੀਆਂ ਪਤੰਗਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਾਂ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਡਿੱਗ ਪੈਣ ਤੇ ਸੁਨੇਹੇ ਪੜ੍ਹ ਕੇ ਉਨ੍ਹਾਂ ਨੂੰ ਸੋਝੀ ਆ ਜਾਵੇ।
ਅੰਮ੍ਰਿਤਸਰ ਦਾ ਸੁਰਦੀਪ ਸਿੰਘ ਆਪਣੇ ਭਰਾਵਾਂ ਤੇ ਦੋਸਤਾਂ ਨਾਲ ਮੋਰਚੇ 'ਤੇ ਡਟਿਆ ਹੋਇਆ ਹੈ। ਉਸ ਨੇ ਕਿਹਾ ਵਾਹਿਗੁਰੂ ਇਹ ਪਤੰਗਾਂ ਮੋਦੀ ਦੇ ਘਰ ਲੈਂਡ ਕਰਵਾ ਦੇਣ। ਉਨ੍ਹਾਂ ਕਿਹਾ ਉਹ ਦਿਨ 'ਚ ਪਤੰਗ ਚੜਾ ਕੇ ਰਾਤ ਵੇਲੇ ਡੋਰ ਕੱਟ ਦੇਣਗੇ ਤਾਂ ਜੋ ਕਿਸਾਨ ਅੰਦੋਲਨ ਦਾ ਸੁਨੇਹਾ ਜ਼ਿਆਦਾ ਲੋਕਾਂ ਤਕ ਪਹੁੰਚ ਸਕੇ। ਇਨ੍ਹਾਂ ਨੌਜਵਾਨਾਂ ਨੂੰ ਦੇਖ ਕੇ ਹੋਰ ਵੀ ਪ੍ਰਦਰਸ਼ਨਕਾਰੀ ਪਤੰਗਾਂ ਉਡਾਉਣ ਲਈ ਜੁੜ ਗਏ। ਸਿੰਘੂ ਬਾਰਡਰ 'ਤੇ ਪ੍ਰਦਰਸ਼ਨ ਕਰਨ ਜੁੱਟੇ ਹਰ ਇਨਸਾਨ ਦਾ ਆਪਣਾ ਹੀ ਤਰੀਕਾ ਹੈ ਤੇ ਹਰ ਕੋਈ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ