ਪੰਜਾਬੀ ਪਿਤਾ ਨੂੰ ਲੱਭਦਾ-ਲੱਭਦਾ ਅੰਮ੍ਰਿਤਸਰ ਪੁੱਜਿਆ ਜਾਪਾਨੀ ਬੇਟਾ, 20 ਸਾਲਾਂ ਬਾਅਦ ਹੋਈ ਮੁਲਾਕਾਤ, ਦਿਲ ਨੂੰ ਛੂਹ ਜਾਵੇਗੀ ਕਹਾਣੀ
ਆਪਣੇ ਪਿਤਾ ਦੇ ਨਾਮ ਅਤੇ ਪੁਰਾਣੇ ਪਤੇ ਦੇ ਨਾਲ-ਨਾਲ ਆਪਣੀ ਮਾਂ, ਸਾਚੀ ਤਾਕਾਹਾਟਾ ਦੁਆਰਾ ਸਾਵਧਾਨੀ ਨਾਲ ਰੱਖੀਆਂ ਤਸਵੀਰਾਂ ਅਤੇ ਸਮਾਨ ਨਾਲ ਲੈਸ, ਰਿਨ ਫਤਿਹਗੜ੍ਹ ਚੂੜੀਆਂ ਰੋਡ 'ਤੇ ਘਰ-ਘਰ ਅਤੇ ਦੁਕਾਨ-ਦੁਕਾਨ ਘੁੰਮਦਾ ਰਿਹਾ।
ਪੰਜਾਬ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ 'ਚ ਰਹਿਣ ਵਾਲੇ ਸੁਖਪਾਲ ਸਿੰਘ ਲਈ ਸਮਾਂ ਉਸ ਸਮੇਂ ਰੁਕ ਗਿਆ ਜਦੋਂ ਉਹ ਅਚਾਨਕ ਆਪਣੇ ਜਾਪਾਨੀ ਪੁੱਤਰ ਨੂੰ ਮਿਲਿਆ। ਜਿਸ ਨੂੰ ਉਹ 20 ਸਾਲ ਪਹਿਲਾਂ ਉਸਦੀ ਮਾਂ ਕੋਲ ਛੱਡ ਗਿਆ ਸੀ। ਜਦੋਂ ਦੋਵਾਂ ਦੀ ਮੁਲਾਕਾਤ ਹੋਈ, ਇਹ ਦੋਵਾਂ ਲਈ ਬਹੁਤ ਹੀ ਭਾਵੁਕ ਪਲ ਸੀ।
TOI ਨੇ ਰਿਪੋਰਟ ਮੁਤਾਬਕ, ਕਾਲਜ ਵਿੱਚ ਇੱਕ ਅਸਾਈਨਮੈਂਟ ਤੋਂ ਪ੍ਰੇਰਿਤ ਹੋ ਕੇ, 21 ਸਾਲਾ ਰਿਨ ਤਾਕਾਹਾਟਾ ਨੇ ਅੰਮ੍ਰਿਤਸਰ ਵਿੱਚ ਆਪਣੇ ਪਿਤਾ ਦਾ ਪਤਾ ਲਗਾਇਆ। ਓਸਾਕਾ ਯੂਨੀਵਰਸਿਟੀ ਆਫ਼ ਆਰਟਸ ਦਾ ਵਿਦਿਆਰਥੀ ਰਿਨ ਰੱਖੜੀ ਤੋਂ ਇਕ ਦਿਨ ਪਹਿਲਾਂ 18 ਅਗਸਤ ਨੂੰ ਅੰਮ੍ਰਿਤਸਰ ਪੁੱਜਿਆ। ਆਪਣੇ ਪਿਤਾ ਦੇ ਨਾਮ ਅਤੇ ਪੁਰਾਣੇ ਪਤੇ ਦੇ ਨਾਲ-ਨਾਲ ਆਪਣੀ ਮਾਂ, ਸਾਚੀ ਤਾਕਾਹਾਟਾ ਦੁਆਰਾ ਸਾਵਧਾਨੀ ਨਾਲ ਰੱਖੀਆਂ ਤਸਵੀਰਾਂ ਅਤੇ ਸਮਾਨ ਨਾਲ ਲੈਸ, ਰਿਨ ਫਤਿਹਗੜ੍ਹ ਚੂੜੀਆਂ ਰੋਡ 'ਤੇ ਘਰ-ਘਰ ਅਤੇ ਦੁਕਾਨ-ਦੁਕਾਨ ਘੁੰਮਦਾ ਰਿਹਾ। ਸਥਾਨਕ ਲੋਕਾਂ ਨੇ ਉਸ ਦੇ ਪਿਤਾ ਨੂੰ ਪਛਾਣ ਲਿਆ ਅਤੇ ਉਸ ਨੂੰ ਅੰਮ੍ਰਿਤਸਰ ਸਥਿਤ ਉਸਦੇ ਨਵੇਂ ਪਤੇ 'ਤੇ ਲੈ ਗਏ।
ਸੁਖਪਾਲ ਸਿੰਘ ਨੂੰ ਕਿਵੇਂ ਲੱਗੀ ਖ਼ਬਰ ?
ਸੁਖਪਾਲ ਨੂੰ ਆਪਣੀ ਪਹਿਲੀ ਪਤਨੀ ਸਾਚੀ ਨਾਲ ਥਾਈਲੈਂਡ ਵਿੱਚ ਮਿਲਣ ਤੋਂ ਬਾਅਦ ਪਿਆਰ ਹੋ ਗਿਆ। ਉਨ੍ਹਾਂ ਨੇ 2002 ਵਿੱਚ ਜਾਪਾਨ ਵਿੱਚ ਵਿਆਹ ਕੀਤਾ ਅਤੇ ਚਿਬਾ ਕੇਨ ਵਿੱਚ ਰਹਿਣ ਲੱਗੇ। ਰਿਨ ਦਾ ਜਨਮ 2003 ਵਿੱਚ ਹੋਇਆ ਸੀ, ਪਰ ਜੋੜੇ ਵਿੱਚ ਕੁਝ ਮਤਭੇਦ ਸਨ ਅਤੇ ਸੁਖਪਾਲ ਭਾਰਤ ਵਾਪਸ ਆ ਗਏ ਸਨ। ਉਨ੍ਹਾਂ ਦੱਸਿਆ, “ਮੈਂ ਰੱਖੜੀ ਲਈ ਆਪਣੇ ਸਹੁਰੇ ਘਰ ਗਿਆ ਸੀ, ਉਦੋਂ ਮੈਨੂੰ ਮੇਰੇ ਭਰਾ ਦਾ ਫੋਨ ਆਇਆ ਕਿ ਮੇਰਾ ਬੇਟਾ ਜਾਪਾਨ ਤੋਂ ਆਇਆ ਹੈ। ਮੈਂ ਹੈਰਾਨ ਰਹਿ ਗਿਆ ਅਤੇ ਵਾਪਸ ਆ ਗਿਆ। ”
ਪੁੱਤਰ ਆਪਣੇ ਪਿਤਾ ਨੂੰ ਲੱਭਣ ਲਈ ਕਿਉਂ ਨਿਕਲਿਆ?
ਦੋਵੇਂ ਪਿਓ-ਪੁੱਤ ਨੇ ਪਹਿਲਾਂ ਵੀ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਇਕ-ਦੂਜੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਅਸਫਲ ਰਹੇ ਸਨ। ਰਿਨ ਨੇ ਕਿਹਾ, ''ਮੈਂ ਆਪਣੀ ਮਾਂ ਬਾਰੇ ਜਾਣਦਾ ਸੀ, ਪਰ ਮੈਂ ਆਪਣੇ ਪਿਤਾ ਬਾਰੇ ਉਨ੍ਹਾਂ ਦੇ ਨਾਂ ਤੋਂ ਇਲਾਵਾ ਕੁਝ ਨਹੀਂ ਜਾਣਦਾ ਸੀ। ਇਸੇ ਗੱਲ ਨੇ ਮੈਨੂੰ ਉਨ੍ਹਾਂ ਨੂੰ ਲੱਭਣ ਲਈ ਪ੍ਰੇਰਿਤ ਕੀਤਾ।”
ਸੁਖਪਾਲ ਨੇ ਦੱਸਿਆ, “ਸਾਚੀ ਭਾਰਤ ਆਈ ਅਤੇ ਅਸੀਂ ਦੋਵੇਂ ਫਿਰ ਜਾਪਾਨ ਚਲੇ ਗਏ। ਹਾਲਾਂਕਿ, ਗਲਤਫਹਿਮੀਆਂ ਜਾਰੀ ਰਹੀਆਂ। ਮੈਂ 2007 ਵਿੱਚ ਦੁਬਾਰਾ ਵਾਪਸ ਆਇਆ ਅਤੇ ਬਾਅਦ ਵਿੱਚ ਗੁਰਵਿੰਦਰਜੀਤ ਕੌਰ ਨਾਲ ਵਿਆਹ ਕੀਤਾ, ਜਿਸ ਤੋਂ ਮੇਰੀ ਇੱਕ ਬੇਟੀ ਹੈ। ਰੱਖੜੀ 'ਤੇ ਸੁਖਪਾਲ ਦੀ ਬੇਟੀ ਨੇ ਆਪਣੇ ਜਾਪਾਨੀ ਭਰਾ ਨੂੰ ਰੱਖੜੀ ਬੰਨ੍ਹੀ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਆਪਣੇ ਮਾਤਾ-ਪਿਤਾ ਸੁਖਪਾਲ ਅਤੇ ਸਾਚੀ ਨੂੰ ਦੁਬਾਰਾ ਮਿਲਾਉਣਾ ਚਾਹੁੰਦਾ ਹੈ, ਰਿਨ ਨੇ ਕਿਹਾ: "ਬੇਸ਼ਕ, ਮੈਂ ਚਾਹੁੰਦਾ ਹਾਂ ਕਿ ਉਹ ਘੱਟੋ-ਘੱਟ ਇੱਕ ਵਾਰ ਜ਼ਰੂਰ ਮਿਲਣ।" ਰਿਨ ਨੇ ਕਿਹਾ ਕਿ ਉਹ ਪਰਿਵਾਰ ਨੂੰ ਮਿਲਣ ਲਈ ਭਾਰਤ ਆਉਣਾ ਜਾਰੀ ਰੱਖਣਾ ਚਾਹੁੰਦਾ ਹੈ।