ਲੋਕ ਇਨਸਾਫ ਪਾਰਟੀ ਤੇ ਅਕਾਲੀ ਦਲ ਦੇ ਵਰਕਰ ਭਿੜੇ, ਪੱਗਾਂ ਲੱਥੀਆਂ, ਇੱਕ-ਦੂਜੇ ਦੀ ਕੁੱਟਮਾਰ
ਲੋਕ ਇਨਸਾਫ਼ ਪਾਰਟੀ ਤੇ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਜੰਮ ਕੇ ਧੱਕਾਮੁੱਕੀ ਹੋਈ। ਕਈਆਂ ਦੀਆਂ ਪੱਗਾਂ ਲਹਿਰ ਗਈਆਂ ਤੇ ਮਾਮੂਲੀ ਸੱਟਾਂ ਵੀ ਲੱਗੀਆਂ। ਲੋਕ ਇਨਸਾਫ਼ ਪਾਰਟੀ ਤੇ ਅਕਾਲੀ ਦਲ ਇਸ ਘਟਨਾ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਲੁਧਿਆਣਾ: ਲੋਕ ਇਨਸਾਫ਼ ਪਾਰਟੀ ਤੇ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਜੰਮ ਕੇ ਧੱਕਾਮੁੱਕੀ ਹੋਈ। ਕਈਆਂ ਦੀਆਂ ਪੱਗਾਂ ਲਹਿਰ ਗਈਆਂ ਤੇ ਮਾਮੂਲੀ ਸੱਟਾਂ ਵੀ ਲੱਗੀਆਂ। ਲੋਕ ਇਨਸਾਫ਼ ਪਾਰਟੀ ਤੇ ਅਕਾਲੀ ਦਲ ਇਸ ਘਟਨਾ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਦਰਅਸਲ ਕੋਟ ਮੰਗਲ ਸਿੰਘ ਇਲਾਕੇ ਵਿੱਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਅੱਜ ਇੱਕ ਉਦਘਾਟਨ ਸਮਾਰੋਹ ਰੱਖਿਆ ਗਿਆ ਸੀ। ਇਸ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਵਰਕਰ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਉੱਥੇ ਪਹੁੰਚੇ ਤੇ ਦੋਵਾਂ ਧਿਰਾਂ ਚ ਹੋਈ ਬਹਿਸਬਾਜ਼ੀ ਮਗਰੋਂ ਹੱਥੋਪਾਈ ਹੋ ਗਈ। ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਥੱਪੜ ਮਾਰੇ ਤੇ ਧੱਕਾ ਮੁੱਕੀ ਕੀਤੀ।
ਗੁਰਦੀਪ ਸਿੰਘ ਗੋਸ਼ਾ ਨੇ ਵਿਧਾਇਕ ਬੈਂਸ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਬੈਂਸ ਨੇ ਲੋਕਤੰਤਰ ਦੀ ਹੱਤਿਆ ਕੀਤੀ ਹੈ ਤੇ ਪਗੜੀ ਨੂੰ ਉਛਾਲਿਆ ਹੈ। ਉਨ੍ਹਾਂ ਨੇ ਦੋਸ਼ ਲਾਏ ਕਿ ਇੱਕ ਨੌਜਵਾਨ ਦੀ ਪੱਗੜੀ ਉਤਾਰ ਕੇ ਉਸ ਨੂੰ ਕਥਿਤ ਤੌਰ ਤੇ ਗਾਲ੍ਹਾਂ ਕੱਢੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਗੜੀ ਦਾ ਨਿਰਾਦਰ ਬਹੁਤ ਹੀ ਨਿੰਦਣਯੋਗ ਹੈ। ਇਸ ਦੌਰਾਨ ਉਨ੍ਹਾਂ ਨੇ ਕਈ ਹੋਰ ਦੋਸ਼ ਵੀ ਲਾਏ।
ਦੂਜੇ ਪਾਸੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅਕਾਲੀ ਦਲ ਸਿਆਸਤ ਕਰ ਰਿਹਾ ਹੈ। ਅੱਜ ਉਨ੍ਹਾਂ ਦੇ ਉਦਘਾਟਨ ਸਮਾਰੋਹ ਦੌਰਾਨ ਜਾਣਬੁੱਝ ਕੇ ਹੁੱਲੜਬਾਜ਼ੀ ਕੀਤੀ ਗਈ ਹੈ। ਉਨ੍ਹਾਂ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਲਾਕੇ ਦੀ ਸੰਗਤ ਉਨ੍ਹਾਂ ਨੂੰ ਪ੍ਰਸ਼ਾਦ ਵਜੋਂ ਆਪਣਾ ਪਿਆਰ ਦਿੰਦੀ ਰਹੀ ਹੈ ਤੇ ਦਿੰਦੀ ਰਹੇਗੀ।