ਮੋਦੀ ਸਰਕਾਰ ਲਈ ਨਵੀਂ ਮੁਸੀਬਤ! ਹੁਣ ਦੇਸ਼ 'ਚ ਛਿੜਿਆ ਵਪਾਰੀਆਂ ਦਾ ਅੰਦੋਲਨ, 5 ਮਾਰਚ ਤੋਂ 5 ਅਪ੍ਰੈਲ ਤੱਕ ਐਕਸ਼ਨ
‘ਕਨਫ਼ੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਜ਼’ (CAIT) ਵੱਲੋਂ 26 ਫ਼ਰਵਰੀ ਦੇ ‘ਭਾਰਤ ਬੰਦ’ ਦੀ ਕਾਮਯਾਬੀ ਤੋਂ ਬਾਅਦ ਹੁਣ ‘ਕੈਟ’ ਨੇ ਜੀਐਸਟੀ ਤੇ ਈ-ਕਾਮਰਸ ਦੇ ਮੁੱਦਿਆਂ ਉੱਤੇ ਆਉਂਦੀ 5 ਮਾਰਚ ਤੋਂ ਲੈ ਕੇ 5 ਅਪ੍ਰੈਲ ਤੱਕ ਦੇਸ਼ ਦੇ ਸਾਰੇ ਰਾਜਾਂ ਨੂੰ ਆਪਣੇ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ‘ਕਨਫ਼ੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਜ਼’ (CAIT) ਵੱਲੋਂ 26 ਫ਼ਰਵਰੀ ਦੇ ‘ਭਾਰਤ ਬੰਦ’ ਦੀ ਕਾਮਯਾਬੀ ਤੋਂ ਬਾਅਦ ਹੁਣ ‘ਕੈਟ’ ਨੇ ਜੀਐਸਟੀ ਤੇ ਈ-ਕਾਮਰਸ ਦੇ ਮੁੱਦਿਆਂ ਉੱਤੇ ਆਉਂਦੀ 5 ਮਾਰਚ ਤੋਂ ਲੈ ਕੇ 5 ਅਪ੍ਰੈਲ ਤੱਕ ਦੇਸ਼ ਦੇ ਸਾਰੇ ਰਾਜਾਂ ਨੂੰ ਆਪਣੇ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
‘ਕੈਟ’ ਨੇ ਕਿਹਾ ਹੈ ਕਿ ਇਹ ਦੋਵੇਂ ਮੁੱਦੇ ਦੇਸ਼ ਦੇ 8 ਕਰੋੜ ਵਪਾਰੀਆਂ ਨਾਲ ਸਿੱਧਾ ਸਬੰਧ ਰੱਖਦੇ ਹਨ ਤੇ ਜਦੋਂ ਤੱਕ ਦੋਵੇਂ ਮੁੱਦਿਆਂ ਦਾ ਕੋਈ ਤਰਕਪੂਰਨ ਹੱਲ ਨਹੀਂ ਹੋ ਜਾਂਦਾ, ਤਦ ਤੱਕ ਦੇਸ਼ ਵਿੱਚ ਵਪਾਰੀਆਂ ਦਾ ਇਹ ਅੰਦੋਲਨ ਜਾਰੀ ਰਹੇਗਾ। ਇਸ ਵੇਲੇ ਦੇਸ਼ ਦੇ ਵਪਾਰੀ ਜੀਐੱਸਟੀ ਦੀਆਂ ਵਿਵਸਥਾਵਾਂ ਤੇ ਈ-ਕਾਮਰਸ ਵਿੱਚ ਵਿਦੇਸ਼ੀ ਕੰਪਨੀਆਂ ਦੀਆਂ ਲਗਾਤਾਰ ਮਨਮਰਜ਼ੀਆਂ ਕਾਰਨ ਡਾਢੇ ਦੁਖੀ ਹੈ। ਹੁਣ ਜਾਂ ਤਾਂ ਉਹ ਆਪਣੀਆਂ ਸਮੱਸਿਆਵਾਂ ਹੱਲ ਕਰਵਾਉਣਗੇ ਤੇ ਜਾਂ ਫਿਰ ਆਪਣਾ ਵਪਾਰ ਬੰਦ ਕਰਨ ਲਈ ਮਜਬੂਰ ਹੋਣਗੇ।
‘ਕੈਟ’ ਦੇ ਰਾਸ਼ਟਰੀ ਪ੍ਰਧਾਨ ਬੀਸੀ ਭਰਤੀਆ ਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਵਿਡੀਓ ਕਾਨਫ਼ਰੰਸ ਰਾਹੀਂ ਦੇਸ਼ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 275 ਤੋਂ ਵੱਧ ਪ੍ਰਮੁੱਖ ਆਗੂਆਂ ਨੇ ਭਾਗ ਲੈ ਕੇ ਸਰਬਸੰਮਤੀ ਨਾਲ ਇਹ ਫ਼ੈਸਲਾ ਕੀਤਾ ਕਿ ਦੋਵੇਂ ਮੁੱਦਿਆਂ ਉੱਤੇ ਜਿੱਥੇ ਕੇਂਦਰ ਤੋਂ ਸਿੱਧੇ ਸੁਆਲ-ਜੁਆਬ ਕੀਤੇ ਜਾਣਗੇ, ਉੱਥੇ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ ਵੀ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀਆਂ।
ਵਪਾਰੀਆਂ ਦਾ ਦੋਸ਼ ਹੈ ਕਿ ਵਿਦੇਸ਼ੀ ਈ-ਕਾਮਰਸ ਕੰਪਨੀਆਂ ਸਰਕਾਰ ਦੇ ਨਿਯਮ ਤੇ ਕਾਨੂੰਨਾਂ ਦੀ ਸ਼ਰੇਆਮ ਉਲੰਘਣਾ ਕਰ ਰਹੀਆਂ ਹਨ ਤੇ ਉਸ ਉੱਤੇ ਲਗਾਮ ਕੱਸਣੀ ਜ਼ਰੂਰੀ ਹੈ। ਵਪਾਰੀਆਂ ਮੁਤਾਬਕ ਅਗਲੇ ਕੁਝ ਮਹੀਨਿਆਂ ’ਚ 5 ਰਾਜਾਂ ਵਿੱਚ ਚੋਣਾਂ ਹੋਣੀਆਂ ਹਨ ਤੇ ਸਾਰੇ ਰਾਜਾਂ ਵਿੱਚ ਇੱਕ ਵੋਟ ਬੈਂਕ ਦੇ ਤੌਰ ਉੱਤੇ ਵਪਾਰੀ ਵਰਗ ਆਪਣੀ ਗਿਣਤੀ ਦੇ ਦਮ ਉੱਤੇ ਵੀ ਦਲ ਦੀ ਹਾਰ ਜਿੱਤ ਦਾ ਕਾਰਨ ਬਣ ਸਕਦੇ ਹਨ।