ਪ੍ਰਧਾਨ ਮੰਤਰੀ ਮੋਦੀ ਵੱਲੋਂ ਇਨਕਲਾਬੀ ਤਬਦੀਲੀ ਦਾ ਐਲਾਨ, ‘ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ’ ਦੀ ਕੀਤੀ ਸ਼ੁਰੂਆਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ‘ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ’ ਦੀ ਸ਼ੁਰੂਆਤ ਕੀਤੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ‘ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ’ ਦੀ ਸ਼ੁਰੂਆਤ ਕੀਤੀ। ਇਸ ਨਾਲ ਸਬੰਧਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ ਦੇਸ਼ ਦੀਆਂ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਅੱਜ ਤੋਂ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਹੀ ਹੈ। ਅੱਜ ਇੱਕ ਮਿਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਭਾਰਤ ਦੀਆਂ ਸਿਹਤ ਸਹੂਲਤਾਂ ਵਿੱਚ ਇਨਕਲਾਬ ਲਿਆਉਣ ਦੀ ਸ਼ਕਤੀ ਹੈ।
ਦੁਨੀਆ ਵਿੱਚ ਕਿਤੇ ਵੀ ਭਾਰਤ ਜਿੰਨਾ ਵੱਡਾ ਜੁੜਿਆ ਢਾਂਚਾ ਨਹੀਂ: ਮੋਦੀ
ਪੀਐਮ ਮੋਦੀ ਨੇ ਕਿਹਾ,“ਮੈਨੂੰ ਖੁਸ਼ੀ ਹੈ ਕਿ ਅੱਜ ਤੋਂ ਦੇਸ਼ ਭਰ ਵਿੱਚ ‘ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ’ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਮਿਸ਼ਨ ਦੇਸ਼ ਦੇ ਗਰੀਬ ਤੇ ਮੱਧ ਵਰਗ ਦੇ ਇਲਾਜ ਵਿੱਚ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਵਿੱਚ ਵੱਡੀ ਭੂਮਿਕਾ ਨਿਭਾਏਗਾ। ਬੈਂਕ ਖਾਤਿਆਂ ਵਿੱਚ ਇੰਨਾ ਵੱਡਾ ਜੁੜਿਆ ਢਾਂਚਾ ਦੁਨੀਆ ਵਿੱਚ ਕਿਤੇ ਵੀ ਨਹੀਂ ਹੈ। ਇਹ ਡਿਜੀਟਲ ਬੁਨਿਆਦੀ ਢਾਂਚਾ ਹੀ ਆਮ ਭਾਰਤੀ ਤੱਕ ਰਾਸ਼ਨ ਤੋਂ ਲੈ ਕੇ ਪ੍ਰਸ਼ਾਸਨ ਨੂੰ ਪਹੁੰਚਾ ਰਿਹਾ ਹੈ।
ਕੋਰੋਨਾ ਯੁੱਗ ਦੌਰਾਨ ਟੈਲੀ–ਮੈਡੀਸਨ ਦਾ ਬੇਮਿਸਾਲ ਵਿਸਥਾਰ ਹੋਇਆ -ਮੋਦੀ
ਪੀਐਮ ਮੋਦੀ ਨੇ ਅੱਗੇ ਕਿਹਾ, “ਕੋਰੋਨਾ ਦੇ ਸਮੇਂ ਦੌਰਾਨ ਟੈਲੀ ਮੈਡੀਸਨ ਦਾ ਬੇਮਿਸਾਲ ਵਿਸਤਾਰ ਵੀ ਹੋਇਆ ਹੈ। ਹੁਣ ਤੱਕ, ਈ-ਸੰਜੀਵਨੀ ਰਾਹੀਂ ਲਗਭਗ ਸਵਾ ਕਰੋੜ ਰਿਮੋਟ ਸਲਾਹ-ਮਸ਼ਵਰੇ ਪੂਰੇ ਹੋ ਚੁੱਕੇ ਹਨ। ਇਹ ਸੁਵਿਧਾ ਦੇਸ਼ ਦੇ ਦੂਰ-ਦੁਰਾਡੇ ਹਿੱਸਿਆਂ ਵਿੱਚ ਰਹਿ ਰਹੇ ਹਜ਼ਾਰਾਂ ਦੇਸ਼ਵਾਸੀਆਂ ਨੂੰ ਹਰ ਰੋਜ਼ ਘਰ ਬੈਠੇ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਦੇ ਡਾਕਟਰਾਂ ਨਾਲ ਜੋੜ ਰਹੀ ਹੈ।
ਹਰ ਨਾਗਰਿਕ ਦਾ ਸਿਹਤ ਰਿਕਾਰਡ ਡਿਜੀਟਲ ਰੂਪ ਵਿੱਚ ਸੁਰੱਖਿਅਤ ਰਹੇਗਾ: ਮੋਦੀ
ਪੀਐਮ ਮੋਦੀ ਨੇ ਕਿਹਾ,"ਭਾਰਤ ‘ਸਭ ਨੂੰ ਵੈਕਸੀਨ ਮੁਫ਼ਤ ਵੈਕਸੀਨ’ ਮੁਹਿੰਮ ਤਹਿਤ ਹੁਣ ਤੱਕ ਲਗਭਗ 90 ਕਰੋੜ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਤੇ ਇਸ ਦਾ ਰਿਕਾਰਡ ਉਪਲਬਧ ਹੋਇਆ ਹੈ। ਇਸ ਵਿੱਚ ਕੋ-ਵਿਨ ਦੀ ਬਹੁਤ ਵੱਡੀ ਭੂਮਿਕਾ ਹੈ।"
ਆਯੁਸ਼ਮਾਨ ਭਾਰਤ - ਡਿਜੀਟਲ ਮਿਸ਼ਨ, ਹੁਣ ਦੇਸ਼ ਭਰ ਦੇ ਹਸਪਤਾਲਾਂ ਦੇ ਡਿਜੀਟਲ ਸਿਹਤ ਸਹੂਲਤਾਂ ਨੂੰ ਇੱਕ-ਦੂਜੇ ਨਾਲ ਜੋੜੇਗਾ। ਇਸ ਅਧੀਨ ਹੁਣ ਦੇਸ਼ ਵਾਸੀਆਂ ਨੂੰ ਇੱਕ ਡਿਜੀਟਲ ਹੈਲਥ ਆਈਡੀ ਮਿਲੇਗੀ। ਹਰੇਕ ਨਾਗਰਿਕ ਦਾ ਸਿਹਤ ਰਿਕਾਰਡ ਡਿਜੀਟਲ ਰੂਪ ਵਿੱਚ ਸੁਰੱਖਿਅਤ ਰੱਖਿਆ ਜਾਵੇਗਾ।