Farmer Protest: 'ਸ਼ੰਭੂ ਸਰਹੱਦ ਤੋਂ ਅਜੇ ਵੀ ਕਿਸਾਨਾਂ ਦੇ 100 ਟਰੈਕਟਰ-ਟਰਾਲੀਆਂ ਗ਼ਾਇਬ ! ਪੰਜਾਬ 'ਚ ਕਾਨੂੰਨ ਦਾ ਜਾਂ ਫਿਰ ਚੱਲ ਰਿਹਾ ਜੰਗਲ ਰਾਜ' ?
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 493 ਟਰਾਲੀਆਂ ਵਿੱਚੋਂ ਕੁਝ ਵਿੱਚ ਏਸੀ ਅਤੇ ਐਲਈਡੀ ਸਨ। 28 ਪਾਣੀ ਦੇ ਟੈਂਕਰ, 61 ਰਸੋਈ ਗੈਸ ਸਿਲੰਡਰ, 20 ਫਰਿੱਜ ਤੇ ਛੇ ਵਾਸ਼ਿੰਗ ਮਸ਼ੀਨਾਂ ਸਨ। ਕਿਸਾਨਾਂ ਨੇ ਸਭ ਕੁਝ ਵਾਪਸ ਲੈ ਲਿਆ ਹੈ ਅਤੇ ਸਾਡੇ ਸਟਾਫ਼ ਨੇ ਕਿਸਾਨਾਂ ਨੂੰ ਉਨ੍ਹਾਂ ਦਾ ਸਮਾਨ ਲੈ ਜਾਂਦੇ ਹੋਏ ਵੀਡੀਓ-ਰਿਕਾਰਡਿੰਗ ਕੀਤੀ।
Farmer Protest: ਪੰਜਾਬ-ਹਰਿਆਣਾ ਸਰਹੱਦਾਂ 'ਤੇ ਕਿਸਾਨਾਂ 'ਤੇ ਕਾਰਵਾਈ ਤੋਂ ਇੱਕ ਹਫ਼ਤੇ ਬਾਅਦ ਪਟਿਆਲਾ ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਖਨੌਰੀ ਆਪਣਾ ਸਾਰਾ ਸਮਾਨ ਵਾਪਸ ਲੈ ਗਏ ਹਨ, ਜਦੋਂ ਕਿ ਕਿਸਾਨਾਂ ਨੇ ਕਿਹਾ ਕਿ ਸ਼ੰਭੂ ਤੋਂ ਲਗਭਗ 100 ਟਰੈਕਟਰ-ਟਰਾਲੀਆਂ ਅਜੇ ਵੀ ਗਾਇਬ ਹਨ। ਇਸ ਨੂੰ ਲੈ ਕੇ ਵਿਰੋਧੀ ਲਗਾਤਾਰ ਪੰਜਾਬ ਸਰਕਾਰ ਨੂੰ ਨਿਸ਼ਾਨੇ ਉੱਤੇ ਲੈ ਰਹੇ ਹਨ।
ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਕੀ ਪੰਜਾਬ ਵਿੱਚ ਕਾਨੂੰਨ ਦਾ ਰਾਜ ਹੈ ਜਾਂ ਇਹ ਜੰਗਲ-ਰਾਜ ਹੈ। ਕਿਸਾਨ 10 ਦਿਨਾਂ ਤੋਂ ਮੋਰਚੇ ਵਿੱਚੋਂ 100 ਟਰੈਕਟਰ-ਟਰਾਲੀਆਂ ਚੋਰੀ ਹੋਣ ਦਾ ਦੋਸ਼ ਲਗਾ ਰਹੇ ਹਨ ਪਰ ਪੁਲਿਸ ਨੇ ਕੋਈ ਨੋਟਿਸ ਨਹੀਂ ਲਿਆ ਕਿਉਂ ?
Is there any rule of law in Punjab or is it Jungle-Raj @BhagwantMann ?
— Sukhpal Singh Khaira (@SukhpalKhaira) March 28, 2025
Farmers are alleging theft of 100 Tractor-trawleys from their demolish Morcha’s since 10 days but the police has taken no cognizance why?-Khaira @INCIndia @INCPunjab pic.twitter.com/4DvX0JZSup
ਜ਼ਿਕਰ ਕਰ ਦਈਏ ਕਿ ਪਟਿਆਲਾ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਮਨਦੀਪ ਸਿੰਘ ਸਿੱਧੂ ਨੇ ਕਿਹਾ, "ਖਨੌਰੀ ਵਿਖੇ 19 ਮਾਰਚ ਨੂੰ ਜਿਸ ਦਿਨ ਅਸੀਂ ਧਰਨਾ ਖਤਮ ਕਰਵਾਇਆ ਸੀ ਉਸ ਦਿਨ 650 ਟਰੈਕਟਰ-ਟਰਾਲੀਆਂ ਸਨ। ਇਨ੍ਹਾਂ ਵਿੱਚੋਂ 157 ਕਿਸਾਨ 19 ਮਾਰਚ ਦੀ ਸ਼ਾਮ ਤੇ 20 ਮਾਰਚ ਦੀ ਸਵੇਰ ਨੂੰ ਆਪਣਾ ਸਮਾਨ ਵਾਪਸ ਲੈ ਗਏ। ਬਹੁਤ ਸਾਰੀਆਂ ਟਰਾਲੀਆਂ ਏਅਰ ਕੰਡੀਸ਼ਨਰ ਤੇ ਐਲਈਡੀ ਸਕ੍ਰੀਨਾਂ ਨਾਲ ਵੀ ਲੈਸ ਸਨ।"
ਉਨ੍ਹਾਂ ਅੱਗੇ ਕਿਹਾ, “ਇਸ ਤੋਂ ਇਲਾਵਾ, ਬਾਕੀ 493 ਟਰੈਕਟਰ-ਟਰਾਲੀਆਂ ਨੂੰ ਵਿਰੋਧ ਸਥਾਨ ਤੋਂ ਲਗਭਗ 2 ਕਿਲੋਮੀਟਰ ਦੂਰ ਇੱਕ ਅਸਥਾਈ ਗਰਾਊਂਡ ਵਿੱਚ ਰੱਖਿਆ ਗਿਆ ਸੀ, ਜਿੱਥੋਂ ਕਿਸਾਨ ਅਗਲੇ ਤਿੰਨ-ਚਾਰ ਦਿਨਾਂ ਵਿੱਚ ਆਪਣੀਆਂ ਸਾਰੀਆਂ ਟਰਾਲੀਆਂ ਲੈ ਗਏ। ਇਨ੍ਹਾਂ 493 ਟਰਾਲੀਆਂ ਵਿੱਚੋਂ ਕੁਝ ਵਿੱਚ ਏਸੀ ਅਤੇ ਐਲਈਡੀ ਸਨ। 28 ਪਾਣੀ ਦੇ ਟੈਂਕਰ, 61 ਰਸੋਈ ਗੈਸ ਸਿਲੰਡਰ, 20 ਫਰਿੱਜ ਤੇ ਛੇ ਵਾਸ਼ਿੰਗ ਮਸ਼ੀਨਾਂ ਸਨ। ਕਿਸਾਨਾਂ ਨੇ ਸਭ ਕੁਝ ਵਾਪਸ ਲੈ ਲਿਆ ਹੈ ਅਤੇ ਸਾਡੇ ਸਟਾਫ਼ ਨੇ ਕਿਸਾਨਾਂ ਨੂੰ ਉਨ੍ਹਾਂ ਦਾ ਸਮਾਨ ਲੈ ਜਾਂਦੇ ਹੋਏ ਵੀਡੀਓ-ਰਿਕਾਰਡਿੰਗ ਕੀਤੀ।
ਕਿਸਾਨ ਮਜ਼ਦੂਰ ਮੋਰਚਾ ਦੇ ਬੁਲਾਰੇ ਤੇਜਵੀਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਗੁੰਮ ਹੋਈਆਂ ਟਰਾਲੀਆਂ ਦੀ ਕੋਈ ਖਾਸ ਗਿਣਤੀ ਨਹੀਂ ਦਿੱਤੀ ਗਈ ਹੈ, ਇਸ ਥਾਂ 'ਤੇ ਲਗਭਗ 450 ਟਰੈਕਟਰ-ਟਰਾਲੀਆਂ ਸਨ। ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੇ ਇੱਕ ਹਫ਼ਤੇ ਬਾਅਦ ਵੀ, ਲਗਭਗ 100 ਟਰੈਕਟਰ-ਟਰਾਲੀਆਂ ਅਜੇ ਵੀ ਲਾਪਤਾ ਹਨ ਤੇ ਪੁਲਿਸ ਇਸ ਬਾਰੇ ਬੇਖਬਰ ਹੈ। ਹਾਲਾਂਕਿ ਪਟਿਆਲਾ ਜ਼ਿਲ੍ਹੇ ਦੇ ਘਨੌਰ, ਸ਼ੰਭੂ ਅਤੇ ਗੰਡਾਖੇੜੀ ਥਾਣਿਆਂ ਵਿੱਚ ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਪਰ ਸਾਨੂੰ ਇਨਸਾਫ਼ ਨਹੀਂ ਮਿਲਿਆ ਹੈ।"






















