Punjab Budget Session: ਵਿਧਾਨ ਸਭਾ 'ਚ ਖੜਕਾ-ਦੜਕਾ! ਕਾਂਗਰਸੀ ਤੇ ਅਕਾਲੀ ਵਿਧਾਇਕ ਲਿਆਉਣਗੇ 8 ਮਤੇ
5th day of the budget session: ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ 5ਵਾਂ ਦਿਨ ਹੈ। ਇਸ ਦੌਰਾਨ ਸਭ ਤੋਂ ਪਹਿਲਾਂ ਕਿਡਨੀ ਦੇ ਮਰੀਜ਼ਾਂ ਨੂੰ ਅਪੰਗਤਾ ਦੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਦਾ ਮੁੱਦਾ ਉਠਾਇਆ ਗਿਆ।
Punjab Budget Session: ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ 5ਵਾਂ ਦਿਨ ਹੈ। ਇਸ ਦੌਰਾਨ ਸਭ ਤੋਂ ਪਹਿਲਾਂ ਕਿਡਨੀ ਦੇ ਮਰੀਜ਼ਾਂ ਨੂੰ ਅਪੰਗਤਾ ਦੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਦਾ ਮੁੱਦਾ ਉਠਾਇਆ ਗਿਆ। ਇਸ 'ਤੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਹੁਣ ਤੱਕ ਇਸ ਬਿਮਾਰੀ ਨੂੰ ਅਪੰਗਤਾ ਦੀ ਸ਼੍ਰੇਣੀ 'ਚ ਸ਼ਾਮਲ ਨਹੀਂ ਕੀਤਾ ਗਿਆ। ਹਾਲਾਂਕਿ ਇਹ ਮਾਮਲਾ ਗੰਭੀਰ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਉਹ ਖੁਦ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਵੀ ਮੰਗ ਕਰਾਂਗੇ ਕਿ ਇਸ ਬਿਮਾਰੀ ਨੂੰ ਅਪੰਗਤਾ ਸ਼੍ਰੇਣੀ ਵਿੱਚ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਮਰੀਜਾਂ ਨੂੰ ਵੀ ਇਲਾਜ ਲਈ ਉਚਿਤ ਸਹੂਲਤਾਂ ਮਿਲ ਸਕਣ।
ਹਾਸਲ ਜਾਣਕਾਰੀ ਮੁਤਾਬਕ ਅੱਜ ਦੇ ਬਜਟ ਇਜਲਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਧਿਆਨ ਦਿਵਾਊ ਮਤੇ ਰਾਹੀਂ ਕੁਝ ਦਿਨ ਪਹਿਲਾਂ ਗੜੇਮਾਰੀ ਕਾਰਨ ਕਣਕ ਤੇ ਆਲੂਆਂ ਦੀ ਫਸਲ ਨੂੰ ਹੋਏ ਨੁਕਸਾਨ ਦਾ ਮੁੱਦਾ ਉਠਾਉਣਗੇ। ਇਸ ਤੋਂ ਬਾਅਦ ਅਕਾਲੀ ਦਲ ਤੇ ਕਾਂਗਰਸ ਦੇ ਵਿਧਾਇਕਾਂ ਵੱਲੋਂ ਅੱਠ ਪ੍ਰਸਤਾਵ ਲਿਆਂਦੇ ਜਾਣਗੇ।
ਇਨ੍ਹਾਂ ਵਿੱਚ ਵਾਤਾਵਰਨ ਦੀ ਸੁਰੱਖਿਆ ਲਈ ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ਨੂੰ ਰੋਕਣਾ, ਸੜਕ ਹਾਦਸਿਆਂ ਨੂੰ ਰੋਕਣ ਲਈ ਕਦਮ ਚੁੱਕਣਾ, ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਕਰਨਾ ਤੇ ਸਰਕਾਰ ਬਣਨ ਤੋਂ ਬਾਅਦ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਕਾਨੂੰਨੀ ਤੌਰ 'ਤੇ ਲਾਗੂ ਕਰਨਾ ਯਕੀਨੀ ਬਣਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਨਸ਼ਿਆਂ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਯੋਗ ਕਦਮ ਚੁੱਕੇ ਜਾਣ ਬਾਰੇ ਵੀ ਮਤਾ ਲਿਆਂਦਾ ਜਾਏਗਾ।
ਦਰਅਸਲ ਇਸ ਵਾਰ ਬਜਟ ਸੈਸ਼ਨ ਸ਼ੁਰੂ ਤੋਂ ਹੀ ਹੰਗਾਮੇ ਭਰਿਆ ਚੱਲ ਰਿਹਾ ਹੈ। ਸੈਸ਼ਨ ਦੇ ਪਹਿਲੇ ਦਿਨ ਕਾਂਗਰਸੀ ਵਿਧਾਇਕਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਹੰਗਾਮਾ ਕੀਤਾ। ਇਸ ਕਾਰਨ ਰਾਜਪਾਲ ਬੀਐਲ ਪੁਰੋਹਿਤ ਆਪਣਾ ਭਾਸ਼ਨ ਵੀ ਨਹੀਂ ਪੜ੍ਹ ਸਕੇ ਸੀ। ਸੈਸ਼ਨ ਦਾ ਪਹਿਲਾ ਪੜਾਅ ਸਿਰਫ਼ 15 ਮਿੰਟ ਚੱਲਿਆ। ਜਦਕਿ ਇਸੇ ਦਿਨ ਬਾਅਦ ਦੁਪਹਿਰ ਕਿਸਾਨ ਅੰਦੋਲਨ ਵਿੱਚ ਜਾਨਾਂ ਗਵਾਉਣ ਵਾਲੇ ਸ਼ੁਭਕਰਨ ਸਮੇਤ ਕਈ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਹਾਲਾਂਕਿ ਰਾਜਪਾਲ ਦੇ ਭਾਸ਼ਣ 'ਤੇ ਚਰਚਾ ਵਾਲੇ ਦਿਨ ਸੀਐਮ ਭਗਵੰਤ ਮਾਨ ਨੇ ਖੁਦ ਮੋਰਚਾ ਸੰਭਾਲ ਲਿਆ ਤੇ ਕਾਂਗਰਸੀ ਵਿਧਾਇਕਾਂ ਨੂੰ ਸਦਨ 'ਚ ਬੈਠਣ ਲਈ ਮਜ਼ਬੂਰ ਕਰ ਦਿੱਤਾ। ਇਸ ਦੇ ਨਾਲ ਹੀ ਬਜਟ ਦੇ ਤੀਜੇ ਦਿਨ ਬਜਟ ਪੇਸ਼ ਕੀਤਾ ਗਿਆ। ਉੱਥੇ ਹੀ ਬਜਟ 'ਤੇ ਬਹਿਸ ਦੇ ਚੌਥੇ ਦਿਨ ਕਾਂਗਰਸੀ ਵਿਧਾਇਕਾਂ ਨੇ ਹੰਗਾਮਾ ਕੀਤਾ। ਉਹ ਸਮਾਂ ਨਾ ਦਿੱਤੇ ਜਾਣ ਦੀ ਗੱਲ ਕਰ ਰਹੇ ਸੀ। ਹਾਲਾਂਕਿ ਸਪੀਕਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਢੁੱਕਵਾਂ ਸਮਾਂ ਦਿੱਤਾ ਗਿਆ ਹੈ। ਅਜਿਹੇ 'ਚ ਕਾਂਗਰਸ ਦੇ 9 ਵਿਧਾਇਕਾਂ ਨੂੰ ਇੱਕ ਦਿਨ ਲਈ ਸਦਨ 'ਚੋਂ ਬਾਹਰ ਕੱਢ ਦਿੱਤਾ ਗਿਆ।