ਆਮ ਆਦਮੀ ਪਾਰਟੀ ਡਾਂਗਾਂ-ਸੋਟਿਆਂ ਨਾਲ ਕਰਨ ਲੱਗੀ ਟਰੱਕ ਯੂਨੀਅਨ 'ਤੇ ਕਬਜ਼ਾ, ਜੈਤੋ 'ਚ ਹੋਇਆ ਖੂਬ ਹੰਗਾਮਾ
ਅੱਜ ਫ਼ਰੀਦਕੋਟ ਜ਼ਿਲ੍ਹੇ ਦੇ ਹਲਕਾ ਜੈਤੋ 'ਚ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਖੂਬ ਹੰਗਾਮਾ ਦੇਖਣ ਨੂੰ ਮਿਲਿਆ ਹੈ। ਇੱਥੇ ਦੋ ਧੜਿਆਂ 'ਚ ਆਪਸੀ ਵਿਰੋਧ ਦੇ ਚੱਲਦੇ ਇੱਟਾਂ-ਰੋੜੇ ਤੇ ਡਾਂਗਾਂ ਤੱਕ ਚੱਲੀਆਂ।
ਜੈਤੋ: ਅੱਜ ਫ਼ਰੀਦਕੋਟ ਜ਼ਿਲ੍ਹੇ ਦੇ ਹਲਕਾ ਜੈਤੋ 'ਚ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਖੂਬ ਹੰਗਾਮਾ ਦੇਖਣ ਨੂੰ ਮਿਲਿਆ ਹੈ। ਇੱਥੇ ਦੋ ਧੜਿਆਂ 'ਚ ਆਪਸੀ ਵਿਰੋਧ ਦੇ ਚੱਲਦੇ ਇੱਟਾਂ-ਰੋੜੇ ਤੇ ਡਾਂਗਾਂ ਤੱਕ ਚੱਲੀਆਂ। ਵਿਧਾਇਕ ਅਮੋਲਕ ਸਿੰਘ ਦੀ ਹਾਜ਼ਰੀ 'ਚ 'ਆਪ' ਸਮਰਥਕ ਟਰੱਕ ਯੂਨੀਅਨ ਦਾ ਗੇਟ ਭੰਨ੍ਹ ਕੇ ਅੰਦਰ ਦਾਖਲ ਹੋਏ ਤੇ ਪ੍ਰਧਾਨਗੀ ਲਈ 'ਆਪ' ਸਮਰਥਕ ਹਰਸਿਮਰਤ ਨੂੰ ਪ੍ਰਧਾਨ ਚੁਣ ਲਿਆ।
ਹਾਲਾਂਕਿ ਇਸ ਰੌਲ-ਰੱਪੇ 'ਚ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। ਇਸ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਹਾਲਕਾ ਜੈਤੋ ਦੇ ਵਿਧਾਇਕ ਨੇ ਕਿਹਾ ਕਿ ਕੁਝ ਲੋਕ ਜੋ ਅਕਾਲੀ-ਕਾਂਗਰਸੀ ਸਨ, ਉਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ ਪਰ ਸਰਬਸੰਮਤੀ ਨਾਲ ਹਰਸਿਮਰਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਨਰਾਜ਼ ਹਨ, ਉਨ੍ਹਾਂ ਨੂੰ ਵੀ ਮਨਾ ਲਿਆ ਜਾਵੇਗਾ ਕਿਉਂਕਿ ਸਾਡਾ ਮਕਸਦ ਯੂਨੀਅਨ ਨੂੰ ਮੁਨਾਫੇ ਵੱਲ ਲਿਜਾਣਾ ਹੈ ਤੇ ਥੋੜ੍ਹੇ ਸਮੇਂ 'ਚ ਹੀ ਨਤੀਜੇ ਦੇਖਣ ਨੂੰ ਮਿਲਣਗੇ।
ਉਧਰ, ਦੂਜੇ ਪਾਸੇ ਵਿਰੋਧ ਕਰ ਰਹੇ ਟਰੱਕ ਅਪਰੇਟਰਾਂ ਨੇ ਇਲਜ਼ਾਮ ਲਗਾਏ ਹਨ ਕਿ 'ਆਪ' ਵਿਧਾਇਕ ਅਮੋਲਕ ਸਿੰਘ ਦੀ ਹਾਜ਼ਰੀ 'ਚ 'ਆਪ' ਸਮਰਥਕਾਂ ਵੱਲੋਂ ਸ਼ਰੇਆਮ ਯੂਨੀਅਨ ਦਾ ਗੇਟ ਭੰਨ੍ਹਿਆ ਗਿਆ ਤੇ ਟਰੱਕ ਅਪਰੇਟਰਾਂ 'ਤੇ ਡੰਡੇ ਵਰ੍ਹਾਏ ਗਏ। ਉਨ੍ਹਾਂ ਕਿਹਾ ਕਿ ਪੁਲਿਸ ਵੀ ਉਨ੍ਹਾਂ ਦਾ ਸਾਥ ਦਿੰਦੀ ਨਜ਼ਰ ਆਈ ਤੇ ਧੱਕੇ ਨਾਲ ਪ੍ਰਧਾਨ ਚੁਣਿਆ ਗਿਆ, ਜੋ ਸਾਨੂੰ ਮਨਜ਼ੂਰ ਨਹੀਂ।
ਦੱਸ ਦੇਈਏ ਕਿ ਇਸ ਤੋਂ ਦੋ ਦਿਨ ਪਹਿਲਾਂ ਕਸਬਾ ਸਾਦਿਕ ਦੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧੜੇ ਆਹਮੋ-ਸਾਹਮਣੇ ਹੋਏ ਸਨ, ਜਿਥੇ ਧੱਕਾ ਮੁਕੀ ਤੋਂ ਬਾਅਦ ਆਪ ਦਾ ਟਰੱਕ ਯੂਨੀਅਨ 'ਤੇ ਕਬਜ਼ਾ ਹੋਇਆ ਸੀ। ਦੱਸਣਯੋਗ ਹੈ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੱਖ-ਵੱਖ ਹਲਕਿਆਂ 'ਚ ਟਰੱਕ ਯੂਨੀਅਨ ਦੀ ਪ੍ਰਧਾਨਗੀ 'ਤੇ ਆਪ ਸਮਰਥਕਾਂ ਦਾ ਕਬਜ਼ਾ ਹੋ ਰਿਹਾ ਹੈ।