‘ਆਪ’ ਨੇ ਘੇਰਿਆ ਪੰਜਾਬ ਭਾਜਪਾ ਦਾ ਦਫ਼ਤਰ, ਪੁਲਿਸ ਕਾਰਵਾਈ 'ਚ ਅਨਮੋਲ ਗਗਨ ਮਾਨ ਜ਼ਖਮੀ
ਆਪ ਵੱਲੋਂ ਚੰਡੀਗੜ੍ਹ ਸਥਿਤ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ।ਜਿਸ ਮਗਰੋਂ ਪੁਲਿਸ ਨੇ ਭੀੜ ਨੂੰ ਖਦੇੜਣ ਲਈ ਵਾਟਰ ਕੈਨਨ ਚਾਲੇ ਅਤੇ ਹਲਕੇ ਬਲ ਦਾ ਪ੍ਰਯੋਗ ਵੀ ਕੀਤਾ।
ਚੰਡੀਗੜ੍ਹ: ਪੰਜਾਬ ਅਤੇ ਦੇਸ਼ ਭਰ ’ਚ ਔਰਤਾਂ ’ਤੇ ਹੋ ਰਹੇ ਹਮਲਿਆਂ ਅਤੇ ਵਧ ਰਹੀਆਂ ਬਦਸਲੂਕੀ ਦੀਆਂ ਘਟਨਾਵਾਂ ਦੇ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਐਤਵਾਰ ਨੂੰ ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ।ਜਿਸ ਮਗਰੋਂ ਪੁਲਿਸ ਨੇ ਭੀੜ ਨੂੰ ਖਦੇੜਣ ਲਈ ਵਾਟਰ ਕੈਨਨ ਚਾਲੇ ਅਤੇ ਹਲਕੇ ਬਲ ਦਾ ਪ੍ਰਯੋਗ ਵੀ ਕੀਤਾ।ਜਿਸ ਮਗਰੋਂ ਮਹਿਲਾ ਵਿੰਗ ਦੀ ਪ੍ਰਧਾਨ ਅਨਮੋਲ ਗਗਨ ਮਾਨ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ।
ਮਹਿਲਾਂ ਵਰਕਰਾਂ ਨੇ ਨਰਿੰਦਰ ਮੋਦੀ, ਅਮਿਤ ਸ਼ਾਹ, ਮਨੋਹਰ ਲਾਲ ਅਤੇ ਭਾਜਪਾ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜੀ ਕੀਤੀ, ਜਦੋਂ ਕਿ ਪ੍ਰਦਰਸ਼ਨਕਾਰੀਆਂ ਨੂੰ ਭਾਜਪਾ ਦਫ਼ਤਰ ਜਾਣ ਤੋਂ ਰੋਕਣ ਲਈ ਚੰਡੀਗੜ੍ਹ ਪੁਲੀਸ ਵੱਲੋਂ ਲਾਠੀਚਾਰਜ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ‘ਆਪ’ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਯੂਥ ਆਗੂ ਅਨਮੋਲ ਗਗਨ ਮਾਨ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ।
ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਸੂਬਾ ਦਫ਼ਤਰ ਦਾ ਘਿਰਾਓ ਕਰਨ ਲਈ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀਆਂ ਬੀਬੀਆਂ ਚੰਡੀਗੜ੍ਹ ਦੇ ਸੈਕਟਰ 37 ਵਿੱਚ ਇੱਕਠੀਆਂ ਹੋਈਆਂ ਅਤੇ ਉਨ੍ਹਾਂ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਅਤੇ ਅਨਮੋਲ ਗਗਨ ਮਾਨ ਦੀ ਅਗਵਾਈ ਵਿੱਚ ਭਾਜਪਾ ਦਫ਼ਤਰ ਵੱਲ ਮਾਰਚ ਸ਼ੁਰੂ ਕੀਤਾ।
ਇਸ ਮੌਕੇ ਅਨਮੋਲ ਗਗਨ ਮਾਨ ਨੇ ਕਿਹਾ ਕਿ "ਨਰਿੰਦਰ ਮੋਦੀ ਦੀ ਕੇਂਦਰੀ ਸਰਕਾਰ ਦੇ ਕਾਰਨ ਭਾਰਤੀ ਜਨਤਾ ਪਾਰਟੀਆਂ ਦੇ ਵਰਕਰ ਗੁੰਡਿਆਂ ਦਾ ਰੂਪ ਧਾਰ ਚੁੱਕੇ ਹਨ। ਭਾਜਪਾ ਦੇ ਇਹ ਗੁੰਡੇ ਪੰਜਾਬ ਸਮੇਤ ਦੇਸ਼ ਭਰ ’ਚ ਔਰਤਾਂ ਨਾਲ ਬਦਸਲੂਕੀ ਕਰਦੇ ਹਨ ਅਤੇ ਔਰਤਾਂ ’ਤੇ ਜਿਸਮਾਨੀ ਹਮਲੇ ਕਰਦੇ ਹਨ। ਸੂਬਾ ਸਰਕਾਰਾਂ ਇਨ੍ਹਾਂ ਗੁੰਡਿਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਪਾਸਾ ਵੱਟ ਰਹੀਆਂ ਹਨ।"
ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ, "ਸੱਤਾ ਦੇ ਹੰਕਾਰ ’ਚ ਭਾਜਪਾ ਦੇ ਗੁੰਡੇ ਦੇਸ਼ ਦੀਆਂ ਸੁਚੱਜੀਆਂ ਕਦਰਾਂ ਕੀਮਤਾਂ ਭੁੱਲ ਚੁੱਕੇ ਹਨ। ਸੱਤਾਧਾਰੀਆਂ ਦੀ ਪੁਲੀਸ ਵੀ ਔਰਤਾਂ ਤੇ ਕਿਸਾਨਾਂ ’ਤੇ ਅੱਤਿਆਚਾਰ ਕਰਨ ਨੂੰ ਆਪਣੀ ਪ੍ਰਾਪਤੀ ਸਮਝਣ ਲੱਗੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਕਰਨ ਲਈ ਜ਼ਿੰਮੇਵਾਰ ਪੁਲੀਸ ਗੁੰਡਿਆਂ ਦਾ ਸਾਥ ਦੇ ਰਹੀ ਹੈ ਅਤੇ ਸੂਬਾਈ ਅਤੇ ਕੇਂਦਰੀ ਮਹਿਲਾ ਕਮਿਸ਼ਨ ਔਰਤਾਂ ਦੇ ਮਾਮਲਿਆਂ ’ਤੇ ਚੁੱਪਧਾਰੀ ਬੈਠੇ ਹਨ।"