ਭਗਵੰਤ ਮਾਨ ਸਰਕਾਰ ਦਾ ਅਹਿਮ ਫੈਸਲਾ, ਪੇਂਡੂ ਸੱਥਾਂ 'ਚ ਫਿਰ ਪਰਤੇਗੀ ਰੌਣਕ, ਸਾਢੇ 8-8 ਲੱਖ ਰੁਪਏ ਦੇ ਖਰਚੇ ਨਾਲ ਦਿੱਤਾ ਜਾਵੇਗਾ ਨਵਾਂ ਰੂਪ
ਪੰਜਾਬ ਸਰਕਾਰ ਨੇ ਪਿੰਡਾਂ ਦੀਆਂ ਸੱਥਾਂ ਬਾਰੇ ਅਹਿਮ ਫੈਸਲਾ ਲਿਆ ਹੈ। ‘ਆਪ’ ਸਰਕਾਰ ਸੱਥ ਕਲਚਰ ਬਹਾਲ ਕਰਨ ਲਈ ਪਿੰਡਾਂ ਵਿੱਚ ਆਧੁਨਿਕ ਸੱਥਾਂ ਦਾ ਨਿਰਮਾਣ ਕਰੇਗੀ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਿੰਡਾਂ ਦੀਆਂ ਸੱਥਾਂ ਬਾਰੇ ਅਹਿਮ ਫੈਸਲਾ ਲਿਆ ਹੈ। ‘ਆਪ’ ਸਰਕਾਰ ਸੱਥ ਕਲਚਰ ਬਹਾਲ ਕਰਨ ਲਈ ਪਿੰਡਾਂ ਵਿੱਚ ਆਧੁਨਿਕ ਸੱਥਾਂ ਦਾ ਨਿਰਮਾਣ ਕਰੇਗੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਮੁੱਢਲੇ ਪੜਾਅ ’ਤੇ ਪਾਇਲਟ ਪ੍ਰਾਜੈਕਟ ਵਜੋਂ ਹਰ ਬਲਾਕ ਵਿੱਚ 10-10 ਆਧੁਨਿਕ ਸੱਥਾਂ ਬਣਾਉਣ ਦਾ ਟੀਚਾ ਰੱਖਿਆ ਹੈ ਜਿਸ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾਵੇਗਾ।
ਸਰਕਾਰੀ ਸੂਤਰਾਂ ਮੁਤਾਬਕ ਸੱਥਾਂ ਦੀ ਉਸਾਰੀ ਲਈ ਮਗਨਰੇਗਾ, ਵਿੱਤ ਕਮਿਸ਼ਨ ਦੇ ਫੰਡ ਤੇ ਪੰਚਾਇਤੀ ਫੰਡਾਂ ਦੀ ਵਰਤੋਂ ਕੀਤੀ ਜਾਣੀ ਹੈ। ਹਰ ਇੱਕ ਸੱਥ ਦੀ ਉਸਾਰੀ ’ਤੇ ਅੰਦਾਜ਼ਨ 8.70 ਲੱਖ ਰੁਪਏ ਖਰਚ ਆਉਣਗੇ। ਪੰਜਾਬ ਸਰਕਾਰ ਦਾ ਤਰਕ ਹੈ ਕਿ ਪਿੰਡਾਂ ਵਿਚ ਸੱਥ ਕਲਚਰ ਘੱਟ ਰਿਹਾ ਹੈ ਤੇ ਸ਼ਹਿਰੀ ਜੀਵਨ ਜਾਂਚ ਨੇ ਪੇਂਡੂ ਸੱਥਾਂ ਦੀ ਰੌਣਕ ਨੂੰ ਖੋਰਾ ਲਾਇਆ ਹੈ, ਇਸੇ ਕਰਕੇ ਹੀ ਪਿੰਡਾਂ ਵਿਚ ਸਾਂਝੀਆਂ ਥਾਵਾਂ ’ਤੇ ਛਾਂਦਾਰ ਦਰੱਖਤਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਪੇਂਡੂ ਸੱਥਾਂ ਲਈ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਲਈ ਇਹ ਸਕੀਮ ਘੜੀ ਗਈ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਸਕੀਮ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਨ੍ਹਾਂ ਆਧੁਨਿਕ ਸੱਥਾਂ ਦੇ ਨਿਰਮਾਣ ਲਈ 24 ਜੂਨ ਤੱਕ ਸਬੰਧਤ ਪੰਚਾਇਤਾਂ ਨੂੰ ਮਤੇ ਪਾਉਣ ਦਾ ਕੰਮ ਮੁਕੰਮਲ ਕਰਨ ਲਈ ਕਿਹਾ ਗਿਆ ਹੈ।
ਆਧੁਨਿਕ ਸੱਥਾਂ ਦੀ ਉਸਾਰੀ ਲਈ ਤਕਨੀਕੀ ਤੇ ਪ੍ਰਬੰਧਕੀ ਪ੍ਰਵਾਨਗੀ ਦਾ ਕੰਮ ਵੀ 1 ਜੁਲਾਈ ਤੱਕ ਮੁਕੰਮਲ ਕੀਤਾ ਜਾਣਾ ਹੈ। ਮਹਿਕਮੇ ਵੱਲੋਂ ਆਧੁਨਿਕ ਸੱਥ ਦਾ ਡਿਜ਼ਾਈਨ ਤਿਆਰ ਕੀਤਾ ਗਿਆ ਹੈ ਜਿਸ ਮੁਤਾਬਕ ਆਧੁਨਿਕ ਸੱਥਾਂ ਹਰ ਮੌਸਮ ਦੇ ਅਨੁਕੂਲ ਹੋਣਗੀਆਂ। ਇਨ੍ਹਾਂ ਸੱਥਾਂ ਦੇ ਨਿਰਮਾਣ ਲਈ ਜਗ੍ਹਾ ਪੰਚਾਇਤ ਵੱਲੋਂ ਦਿੱਤੀ ਜਾਵੇਗੀ। ਹਰ ਆਧੁਨਿਕ ਸੱਥ ਵਿਚ ਬੈਂਚ, ਟੇਬਲ ਕੁਰਸੀਆਂ ਤੇ ਪੱਖੇ ਆਦਿ ਲਗਾਏ ਜਾਣਗੇ ਹਨ, ਕੁਝ ਖਰਚਾ ਪਿੰਡ ’ਚੋਂ ਪੈਸਾ ਇਕੱਠਾ ਕਰਕੇ ਕੀਤਾ ਜਾਣਾ ਹੈ।