ਰਾਘਵ ਚੱਢਾ ਨੇ ਬੇਰੁਜ਼ਗਾਰੀ, ਮਹਿੰਗਾਈ, ਕਿਸਾਨਾਂ ਨਾਲ ਜੁੜੇ ਮਸਲਿਆਂ ਸਮੇਤ ਅਹਿਮ ਮੁੱਦਿਆਂ 'ਤੇ ਕੇਂਦਰ ਸਰਕਾਰ ਨੂੰ ਘੇਰਿਆ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕੇਂਦਰ ਸਰਕਾਰ ਵੱਲੋਂ ਸਦਨ ਵਿੱਚ ਰੱਖੀ ਗ੍ਰਾਂਟਾਂ ਨੂੰ ਪੂਰਾ ਕਰਨ ਲਈ ਵਾਧੂ ਪੈਸੇ ਦੀ ਮੰਗ 'ਤੇ ਭਾਜਪਾ ਸਰਕਾਰ ਨੂੰ ਘੇਰਿਆ।
ਸੋਮਵਾਰ ਨੂੰ ਰਾਜ ਸਭਾ ਵਿੱਚ ਆਪਣੇ ਸੰਬੋਧਨ ਦੌਰਾਨ ਸਾਂਸਦ ਰਾਘਵ ਚੱਢਾ ਨੇ ਕਿਹਾ ਕਿ ਪ੍ਰਸਤਾਵਿਤ ਬਜਟ ਤੋਂ ਵਾਧੂ ਪੈਸੇ ਦੀ ਮੰਗ ਕਿਸੇ ਦੋ ਕਾਰਨਾਂ ਕਰਕੇ ਹੀ ਹੁੰਦੀ ਹੈ। ਪਹਿਲਾ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਸਰਕਾਰ ਨੂੰ ਜਿੰਨਾ ਪੈਸਾ ਚਾਹੀਦਾ ਸੀ ਸਰਕਾਰ ਨੇ ਆਪਣਾ ਬਜਟ ਉਸ ਤੋਂ ਘੱਟ ਅਨੁਮਾਨਿਤ ਕਰਕੇ ਪੇਸ਼ ਕੀਤਾ ਤਾਂ ਕਿ ਵਿੱਤੀ ਘਾਟੇ ਦਾ ਸੁੰਦਰੀਕਰਨ ਕਰਕੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਸਕੇ। ਜਾਂ ਇਸਦਾ ਦੂਜਾ ਕਾਰਨ ਸਿਰਫ਼ ਇਹ ਹੋ ਸਕਦਾ ਹੈ ਕਿ ਸਰਕਾਰ ਆਪਣੇ ਬਜਟ ਦੇ ਪ੍ਰਬੰਧਨ 'ਚ ਪੂਰੀ ਤਰ੍ਹਾਂ ਨਾਕਾਮ ਰਹੀ।
ਰਾਘਵ ਚੱਢਾ ਕਿਹਾ ਕਿ ਸਰਕਾਰ ਵਾਧੂ ਬਜਟ ਦੀ ਮੰਗ ਲੈ ਕੇ ਸਦਨ ਵਿੱਚ ਆਈ ਉਸ 'ਤੇ ਚਰਚਾ ਹੋਣੀ ਚਾਹੀਦੀ ਹੈ ਪਰ ਨਾਲ ਹੀ ਦੋ ਹੋਰ ਅਹਿਮ ਵਿਸ਼ਿਆਂ 'ਤੇ ਵੀ ਚਰਚਾ ਹੋਵੇ। ਪਹਿਲਾ ਜੋ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਸਰਕਾਰ ਨੇ 40 ਲੱਖ ਕਰੋੜ ਰੁਪਏ ਦਾ ਬਜਟ ਪਾਸ ਕਰਵਾਇਆ ਸੀ ਉਸ 40 ਲੱਖ ਕਰੋੜ ਰੁਪਏ ਨੂੰ ਕਿੱਥੇ ਅਤੇ ਕਿਵੇਂ ਖਰਚਿਆਂ ਗਿਆ ਅਤੇ ਖਾਸ ਕਰਕੇ ਦੇਸ਼ ਨੂੰ ਇਸ ਤੋਂ ਕੀ ਮਿਲਿਆ? ਕਿਉਂਕਿ ਭਾਰਤ ਦੇ ਸਾਰੇ ਮੌਜੂਦਾ ਆਰਥਿਕ ਸੰਕੇਤ ਸਿਰਫ਼ ਖ਼ਤਰੇ ਦੀ ਘੰਟੀ ਹੀ ਵਜਾ ਰਹੇ ਹਨ। ਦੂਜਾ ਕਿ ਇਹ ਅੱਜ ਤੋਂ 2-3 ਮਹੀਨੇ ਬਾਅਦ ਪੇਸ਼ ਹੋਣ ਵਾਲੇ ਵਿੱਤੀ ਸਾਲ 2023-24 ਦੇ ਬਜਟ ਦੀ ਨੀਂਹ ਵੀ ਰੱਖੇ।
ਚੱਢਾ ਨੇ ਸਦਨ ਅੱਗੇ ਰੱਖਿਆ ਦੋ ਵਾਰ ਬਜਟ 'ਤੇ ਚਰਚਾ ਦਾ ਸੁਝਾਅ
'ਆਪ' ਆਗੂ ਰਾਘਵ ਚੱਢਾ ਅੱਗੇ ਸਦਨ ਨੂੰ ਇੱਕ ਜ਼ਰੂਰੀ ਸੁਝਾਅ ਦਿੰਦਿਆਂ ਕਿਹਾ ਕਿ ਬਜਟ 'ਤੇ ਚਰਚਾ ਦੋ ਵਾਰ ਹੋਣੀ ਚਾਹੀਦੀ ਹੈ। ਇੱਕ ਜਦੋਂ ਬਜਟ ਪੇਸ਼ ਕੀਤਾ ਜਾਂਦਾ ਹੈ ਅਤੇ ਦੂਸਰਾ ਬਜਟ ਪੇਸ਼ ਹੋਣ ਦੇ 7-8 ਮਹੀਨੇ ਬਾਅਦ ਸਰਦ ਰੁੱਤ ਦੇ ਸ਼ੈਸ਼ਨ ਦੌਰਾਨ ਤਾਂ ਕਿ ਸਦਨ ਅਤੇ ਦੇਸ਼ ਦੀ ਜਨਤਾ ਨੂੰ ਪਤਾ ਲੱਗ ਸਕੇ ਕਿ ਪ੍ਰਸਤੁਤ ਬਜਟ ਖ਼ਰਚ ਕਰਕੇ ਦੇਸ਼ ਨੂੰ ਕੀ ਹਾਸਿਲ ਹੋਇਆ? ਕਿੰਨੀਆਂ ਨੌਕਰੀਆਂ ਮਿਲੀਆਂ? ਬੇਰੁਜ਼ਗਾਰੀ ਦਰ ਕੀ ਹੈ? ਮਹਿੰਗਾਈ ਦਰ ਕੀ ਹੈ?