ਕਿਸਾਨ ਅੰਦੋਲਨ ਨੂੰ ਵੇਖ ਪੰਜਾਬ 'ਚੋਂ ਭੱਜਣ ਲੱਗੇ ਵੱਡੇ ਕਾਰਪੋਰੇਟ, ਅਡਾਨੀ ਗਰੁੱਪ ਨੂੰ ਝਟਕਾ
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਵਿਚ ਕਾਰਪੋਰੇਟਾਂ ਦੇ ਪੈਰ ਉੱਖੜਨੇ ਸ਼ੁਰੂ ਹੋ ਗਏ ਹਨ ਕਿਉਂਕਿ ਪੰਜਾਬ ਦੇ ਵਪਾਰਕ ਅਦਾਰਿਆਂ ਨੇ ਉਨ੍ਹਾਂ ਨਾਲੋਂ ਨਾਤਾ ਤੋੜਨਾ ਸ਼ੁਰੂ ਕਰ ਦਿੱਤਾ ਹੈ।
ਚੰਡੀਗੜ੍ਹ: ਕਿਸਾਨ ਅੰਦੋਲਨ ਨੂੰ ਵੇਖ ਵੱਡੇ ਕਾਰਪੋਰੇਟ ਪੰਜਾਬ ਵਿੱਚੋਂ ਪੈਰ ਪਿਛਾਂਹ ਖਿੱਚਣ ਲੱਗੇ ਹਨ। ਖੇਤੀ ਸੈਕਟਰ ਵਿੱਚ ਕਾਰੋਬਾਰ ਕਰਨ ਦੀ ਭਵਿੱਖੀ ਯੋਜਨਾ ਬਣਾ ਰਿਹਾ ਅਡਾਨੀ ਗਰੁੱਪ ਹੁਣ ਪੰਜਾਬ ਵਿੱਚੋਂ ਆਪਣਾ ਸਾਮਾਨ ਸਮੇਟਣ ਲੱਗਾ ਹੈ। ਅਡਾਨੀ ਗਰੁੱਪ ਨੇ ਜਗਰਾਓਂ ਤੇ ਫਿਰੋਜ਼ਪੁਰ ਵਿੱਚੋਂ ਆਪਣੇ ਪਲਾਂਟ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਡਾਨੀ ਗਰੁੱਪ ਦੀ ਵਾਪਸੀ ਨੂੰ ਵੇਖਦਿਆਂ ਪੰਜਾਬ ਵਿਚਲੇ ਕਾਰੋਬਾਰੀ ਵੀ ਉਸ ਨਾਲੋਂ ਕਰਾਰ ਤੋੜਨ ਲੱਗੇ ਹਨ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਕੰਟੇਨਰ ਸਰਵਿਸ ਨੇ ਕਿਲ੍ਹਾ ਰਾਏਪੁਰ ਵਿੱਚ ਅਡਾਨੀ ਗਰੁੱਪ ਨਾਲ ਭਾਰੀ ਮਸ਼ੀਨਰੀ ਦੀ ਸੇਵਾ ਦਾ ਕਰਾਰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਆਪਣੀ ਮਸ਼ੀਨਰੀ ਵਾਪਸ ਬੁਲਾ ਲਈ ਹੈ। ਕੰਪਨੀ ਦੇ ਮਾਲਕ ਲੁਧਿਆਣਾ ਵਾਸੀ ਮੁਕੇਸ਼ ਖੋਸਲਾ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਲਿਖਤੀ ਭਰੋਸਾ ਦਿੱਤਾ ਕਿ ਉਸ ਦੀ ਕੰਪਨੀ ਭਵਿੱਖ ਵਿੱਚ ਕਦੇ ਵੀ ਅਡਾਨੀ ਗਰੁੱਪ ਨਾਲ ਕੋਈ ਵੀ ਵਪਾਰਕ ਸਾਂਝ ਨਹੀਂ ਰੱਖੇਗੀ ਤੇ ਅੰਦੋਲਨ ਦੀ ਜਿੱਤ ਤੱਕ ਕਿਸਾਨਾਂ ਦਾ ਸਾਥ ਦੇਵੇਗੀ।
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਵਿਚ ਕਾਰਪੋਰੇਟਾਂ ਦੇ ਪੈਰ ਉੱਖੜਨੇ ਸ਼ੁਰੂ ਹੋ ਗਏ ਹਨ ਕਿਉਂਕਿ ਪੰਜਾਬ ਦੇ ਵਪਾਰਕ ਅਦਾਰਿਆਂ ਨੇ ਉਨ੍ਹਾਂ ਨਾਲੋਂ ਨਾਤਾ ਤੋੜਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਡਾਨੀ ਗਰੁੱਪ ਨਾਲ ਠੇਕੇ ’ਤੇ ਕੰਮ ਕਰਨ ਵਾਲੀਆਂ ਹੋਰ ਕੰਪਨੀਆਂ ਨੇ ਵੀ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਕਿਸਾਨੀ ਘੋਲ ਦੀ ਜਿੱਤ ਵਿਚ ਇਕ ਮੀਲ ਪੱਥਰ ਸਾਬਤ ਹੋਵੇਗਾ।
ਉਧਰ, ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਛੋਟੇ ਵਪਾਰਕ ਅਦਾਰਿਆਂ ਨਾਲ ਕੋਈ ਵਿਰੋਧ ਨਹੀਂ ਹੈ ਸਗੋਂ ਕਿਸਾਨਾਂ ਦੀ ਲੜਾਈ ਮੌਜੂਦਾ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਨਾਲ ਹੈ ਜਿਹੜੇ ਦੇਸ਼ ਦੀ ਸੰਪਤੀ ਜਲ, ਜੰਗਲ ਅਤੇ ਜ਼ਮੀਨ ਹੜਪਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ: Petrol-Diesel Price Today 2 September: ਪੈਟਰੋਲ-ਡੀਜ਼ਲ ਦੇ ਤਾਜ਼ਾ ਰੇਟ ਜਾਰੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੀਆਂ ਕੀਮਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904